ਸਫ਼ਰ-ਏ-ਸ਼ਹਾਦਤ ਮਾਰਚ ਸਬੰਧੀ ਤਿਆਰੀਆਂ ਮੁਕੰਮਲ
ਜਗਮੋਹਨ ਸਿੰਘ
ਘਨੌਲੀ, 12 ਮਾਰਚ
ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦਾ ਪਰਿਵਾਰ ਵਿਛੜਨ ਦੀ ਘਟਨਾ ਦੇ ਅਸਲ ਪਲਾਂ ਨੂੰ ਯਾਦ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਦੀ ਦੇਖ-ਰੇਖ ਅਧੀਨ ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਦੀ ਯਾਦ ਵਿੱਚ ਵੱਖ ਵੱਖ ਦਿਸ਼ਾਵਾਂ ਵਿੱਚ ਸਫ਼ਰ-ਏ-ਸ਼ਹਾਦਤ ਮਾਰਚ ਕੱਢੇ ਜਾ ਰਹੇ ਹਨ।
ਸੰਤ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ 20 ਦਸੰਬਰ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਰੈਣ ਸਵਾਈ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਸਵੇਰੇ 6 ਵਜੇ ਗੁਰਦੁਆਰਾ ਸਾਹਿਬ ਤੋਂ ਪੈਦਲ ਅਤੇ ਘੋੜ ਸਵਾਰ ਮਾਰਚ ਇਕੱਠੇ ਚੱਲਣਗੇ। ਉਨ੍ਹਾਂ ਦੱਸਿਆ ਕਿ ਕੋਟ ਬਾਲਾ ਪਿੰਡ ਤੋਂ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਪਹਿਲੀ ਵਾਰੀ ਸਜਾਇਆ ਜਾ ਰਿਹਾ ਘੋੜ ਸਵਾਰ ਮਾਰਚ, ਜਿਸ ਵਿੱਚ ਲਗਭਗ 50 ਘੋੜੇ ਤੇ ਖੱਚਰਾਂ ਅਤੇ 40 ਸਿੰਘ ਸ਼ਾਮਲ ਹੋਣਗੇ, ਸਿਰਸਾ ਨਦੀ ਪਾਰ ਕਰਕੇ ਥਰਮਲ ਪਲਾਂਟ, ਮਲਿਕਪੁਰ, ਕੋਟਲਾ ਨਿਹੰਗ ਤੇ ਬ੍ਰਾਹਮਣ ਮਾਜਰਾ ਹੁੰਦਾ ਹੋਇਆ ਸ੍ਰੀ ਚਮਕੌਰ ਸਾਹਿਬ ਪੁੱਜ ਕੇ ਸਮਾਪਤ ਹੋਵੇਗਾ। ਇਸ ਦੇ ਨਾਲ ਹੀ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਦੀ ਯਾਦ ਵਿੱਚ ਸਜਾਇਆ ਜਾਣ ਵਾਲਾ ਪੈਦਲ ਮਾਰਚ, ਜਿਸ ਵਿੱਚ ਸਿਰਫ਼ ਬੀਬੀਆਂ ਹੀ ਸ਼ਾਮਲ ਹੋਣਗੀਆਂ, ਸਿਰਸਾ ਨਦੀ ਪਾਰ ਕਰਨ ਉਪਰੰਤ ਰਣਜੀਤ ਪੁਰਾ ਪੁਲ ਰਾਹੀਂ ਦਬਰਜੀ, ਗੁੰਨੋਮਾਜਰਾ, ਲੌਦੀਮਾਜਰਾ, ਆਲਮਪੁਰ, ਕਟਲੀ ਹੁੰਦਾ ਹੋਇਆ ਗੁਰੂ ਕੇ ਮਹਿਲ ਰੂਪਨਗਰ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਇਸੇ ਤਰ੍ਹਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੱਢਿਆ ਜਾਣ ਵਾਲਾ ਪੈਦਲ ਮਾਰਚ ਪਹਿਲਾਂ ਦੀ ਤਰ੍ਹਾਂ ਹੀ ਪਿੰਡ ਆਸਪੁਰ, ਰਣਜੀਤ ਪੁਰ ਹੁੰਦਾ ਹੋਇਆ ਯਾਦਗਾਰ ਛੰਨ ਕੰਮ ਮਾਸ਼ਕੀ ਚੱਕ ਢੇਰਾ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰੀ ਪੁਰਾਤਨ ਜੰਗਲਨੁਮਾ ਉਨ੍ਹਾਂ ਅਸਲ ਰਸਤਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਰਸਤਿਆਂ ਰਾਹੀਂ ਗੁਰੂ ਜੀ ਅਤੇ ਉਨ੍ਹਾਂ ਦੇ ਸਾਹਿਬਜ਼ਾਦੇ ਤੇ ਪਤਨੀਆਂ ਹੋਰ ਸਿੰਘਾਂ ਸਣੇ ਗਏ ਸਨ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਫ਼ਰ-ਏ-ਸ਼ਹਾਦਤ ਮਾਰਚ ਦੌਰਾਨ ਮੋਟਰਸਾਈਕਲ, ਟਰੈਕਟਰ-ਟਰਾਲੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਮੋਡੀਫਾਈਡ ਵਾਹਨ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਹਰਭਜਨ ਸਿੰਘ ਕੋਟਬਾਲਾ, ਪ੍ਰੀਤਮ ਸਿੰਘ ਆਸਪੁਰ, ਜੁਝਾਰ ਸਿੰਘ ਆਸਪੁਰ, ਚਰਨਜੀਤ ਸਿੰਘ ਰਿੰਕੂ ਸਰਸਾ ਨੰਗਲ, ਸਰਪੰਚ ਕਰਤਾਰ ਸਿੰਘ ਕੋਟਬਾਲਾ, ਕਥਾਵਾਚਕ ਸੁਖਵਿੰਦਰ ਸਿੰਘ ਥਲੀ ਸਣੇ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।
ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਸੜਕਾਂ ’ਤੇ ਸਫ਼ਾਈ ਕੀਤੀ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ):
ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਵੱਲੋਂ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਕੌਂਸਲਰ ਆਸ਼ਾ ਰਾਣੀ ਅਤੇ ਰਮੇਸ਼ ਕੁਮਾਰ ਸੋਨੂੰ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਤੋਂ ਲੈ ਕੇ ਸੜਕ ਦੇ ਦੁਆਲੇ ਲੱਗੀਆਂ ਗਰੀਲਾਂ ਨੂੰ ਪਾਣੀ ਦੇ ਨਾਲ ਧੋਇਆ। ਵਿਧਾਇਕ ਲਖਵੀਰ ਸਿੰਘ ਰਾਏ ਵੀ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਕੌਂਸਲਰ ਆਸ਼ਾ ਰਾਣੀ ਅਤੇ ਰਮੇਸ਼ ਕੁਮਾਰ ਸੋਨੂੰ ਦੀ ਸ਼ਲਾਘਾ ਕੀਤੀ।
ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਦਾ ਜਾਇਜ਼ਾ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਸ਼ੂ ਸੂਦ):
ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸ਼ਹੀਦੀ ਸਭਾ ਦੌਰਾਨ ਬਣਾਈਆਂ ਜਾਣ ਵਾਲੀਆਂ ਆਰਜ਼ੀ ਪਾਰਕਿੰਗ ਅਤੇ ਆਰਜ਼ੀ ਬੱਸ ਅੱਡਿਆ ਦਾ ਦੌਰਾ ਕਰਦਿਆਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਸੰਗਤ ਦੀ ਸੁਰੱਖਿਆ ਅਤੇ ਸਹੂਲਤ ਲਈ ਜ਼ਿਲ੍ਹਾ ਪੁਲੀਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੰਗਤ ਦੀ ਸਹੂਲਤ ਲਈ ਛੇ ਪੁਲੀਸ ਸਹਾਇਤਾ ਕੇਂਦਰ ਬਣਾਏ ਜਾਣਗੇ, ਜਿੱਥੋਂ ਸੰਗਤ ਨੂੰ ਪੁਲੀਸ ਵਿਭਾਗ ਨਾਲ ਸਬੰਧਤ ਸੇਵਾਵਾਂ ਅਤੇ ਮੈਡੀਕਲ ਸਹੂਲਤ ਵੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਨੂੰ ਹਾਈ ਸਪੀਡ ਇੰਟਰਨੈੱਟ ਨਾਲ ਜੋੜਿਆ ਜਾਵੇਗਾ ਤਾਂ ਜੋ ਮੋਬਾਇਲ ਨੈਟਵਰਕ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਆਉਣ ਦੀ ਸੂਰਤ ਵਿੱਚ ਸੰਗਤ ਨੂੰ ਮੁਸ਼ਕਲ ਨਾ ਆਵੇ। ਉਨ੍ਹਾਂ ਦੱਸਿਆ ਕਿ ਕੇਂਦਰਾਂ ਨੂੰ ਮੁੱਖ ਕੰਟਰੋਲ ਰੂਮ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਸ਼ਟਲ ਸੁਵਿਧਾ ਵੀ ਦਿੱਤੀ ਜਾਵੇਗੀ ਜਿਸ ਤਹਿਤ ਮੁਫਤ ਬੱਸਾਂ ਅਤੇ ਈ-ਰਿਕਸ਼ਾ ਦੀ ਸਹੂਲਤ ਹੋਵੇਗੀ। ਇਸ ਦੇ ਨਾਲ-ਨਾਲ ਪਹਿਲੀ ਵਾਰ ਆਟੋ ਰਿਕਸ਼ਾ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਸੰਗਤ ਨੂੰ ਆਵਾਜਾਈ ਪੱਖੋਂ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਐਸਪੀ (ਜਾਂਚ) ਰਾਕੇਸ਼ ਯਾਦਵ, ਡੀਐੱਸਪੀ ਫ਼ਤਹਿਗੜ੍ਹ ਸਾਹਿਬ ਸੁਖਨਾਜ ਸਿੰਘ, ਡੀਐੱਸਪੀ ਬਸੀ ਰਾਜ ਕੁਮਾਰ, ਡੀਐਸਪੀ ਹਰਤੇਸ਼ ਕੌਸ਼ਿਕ ਅਤੇ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਹਾਜ਼ਰ ਸਨ।
ਸ਼ਹੀਦੀ ਜੋੜ ਮੇਲ ਮੌਕੇ ਸਰਕਾਰੀ ਛੁੱਟੀ ਐਲਾਨਣ ਦੀ ਮੰਗ
ਚਮਕੌਰ ਸਾਹਿਬ (ਸੰਜੀਵ ਬੱਬੀ):
ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਵਲੋਂ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਹੀਦੀ ਜੋੜ ਮੇਲ ਦੇ ਤਿੰਨ ਦਿਨਾਂ ਦੌਰਾਨ ਸਕੂਲਾਂ ਸਣੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਰਕਾਰੀ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਆਗੂਆਂ ਨੇ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਚਮਕੌਰ ਸਾਹਿਬ ਵਿਖੇ 20, 21 ਅਤੇ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹੀਦੀ ਦਿਹਾੜੇ ਦੇ ਤਿੰਨੋਂ ਦਿਨਾਂ ਦੌਰਾਨ ਨਾਲ ਲੱਗਦੇ ਸ਼ਰਾਬ ਦੇ ਠੇਕੇ ਵੀ ਬੰਦ ਕੀਤੇ ਜਾਣ।ਇਸ ਮੌਕੇ ਸੂਬਾ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ, ਗੁਰਵਿੰਦਰ ਸਿੰਘ, ਯੂਥ ਆਗੂ ਲਖਵੀਰ ਸਿੰਘ ਲੱਖੀ, ਬਾਈ ਪਰਮਿੰਦਰ ਸਿੰਘ ਸੇਖੋਂ, ਸੰਦੀਪ ਜੱਸੜਾ, ਨਵਜੋਤ ਸਿੰਘ, ਭਲਵਾਨ ਗੁਰਦੀਪ ਸਿੰਘ, ਕੁਲਵੀਰ ਸਿੰਘ ਅਤੇ ਜਗਤਾਰ ਸਿੰਘ ਹਾਜ਼ਰ ਸਨ।
ਬ੍ਰਾਹਮਣ ਮਾਜਰਾ ’ਚ ਨਗਰ ਕੀਰਤਨ ਸਜਾਇਆ
ਰੂਪਨਗਰ: ਅੱਜ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲ ਸਮਾਪਤ ਹੋਣ ਉਪਰੰਤ ਪਿੰਡ ਬ੍ਰਾਹਮਣ ਮਾਜਰੇ ਸਲਾਨਾ ਸ਼ਹੀਦੀ ਸਭਾ ਸ਼ੁਰੂ ਹੋ ਗਈ।ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਸਜਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਚੈੜੀਆਂ, ਕਾਕਰੋ ਭੂਪਨਗਰ, ਅਟੱਲਗੜ੍ਹ, ਰੋਲ ਮਾਜਰਾ ਚੱਕਲਾ ਸਿੰਘ ਭਗਵੰਤਪੁਰਾ ਤੋਂ ਹੁੰਦਾ ਹੋਇਆ ਵਾਪਸ ਬ੍ਰਾਹਮਣ ਮਾਜਰਾ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸ ਮੌਕੇ ਬਾਬਾ ਸਤਨਾਮ ਸਿੰਘ ਜੀ ਗੁਰੂ ਕਾ ਬਾਗ ਅ੍ਰਮਿਤਸਰ, ਪ੍ਰਧਾਨ ਅਮਨਦੀਪ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਨਰੇਸ਼ ਕੁਮਾਰ,ਸਰਪੰਚ ਨਰਿੰਦਰ ਕੁਮਾਰ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।
ਚਾਰ ਸਾਹਿਬਜ਼ਾਦੇ ਫਿਲਮ ਦਿਖਾਈ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਵਾਲਿਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦੇ ਫਿਲਮ ਦੀ ਸ਼ੁਰੂਆਤ ਕਥਾ ਵਾਚਕ ਭਾਈ ਗੁਰਬਾਜ਼ ਸਿੰਘ ਵੱਲੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡ ਕੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਸੰਗਤ ਨੂੰ ਦਿਖਾਈ ਗਈ। ਇਸ ਮੌਕੇ ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਹੈਰੀ ਬਵੇਜਾ ਤੇ ਪੰਮੀ ਬਵੇਜਾ ਬਾਰੇ ਦੱਸਿਆ। ਮੰਚ ਵਲੋਂ ਰਾਜੂ ਡੀਜੇ ਵਾਲੇ ਦਾ ਸਨਮਾਨ ਕੀਤਾ ਗਿਆ।