ਰਾਮ ਲੱਲਾ ‘ਪ੍ਰਾਣ ਪ੍ਰਤਿਸ਼ਠਾ’ ਵਰ੍ਹੇਗੰਢ ਦੀਆਂ ਤਿਆਰੀਆਂ ਜ਼ੋਰਾਂ ’ਤੇ
ਅਯੁੱਧਿਆ (ਉੱਤਰ ਪ੍ਰਦੇਸ਼), 9 ਜਨਵਰੀ
ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਦੀ ਪਹਿਲੀ ਵਰ੍ਹੇਗੰਢ ਦੇ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਹ ਸਮਾਰੋਹ 11 ਤੋਂ 13 ਜਨਵਰੀ ਤੱਕ ਕਰਵਾਇਆ ਜਾਵੇਗਾ। ਇਸ ਵਿੱਚ ਉਹ ਆਮ ਲੋਕਾਂ ਵੀ ਹਿੱਸਾ ਲੈਣਗੇ ਜੋ ਪਿਛਲੇ ਸਾਲ ਇਸ ਇਤਿਹਾਸਕ ਸਮਾਗਮ ਦੌਰਾਨ ਸ਼ਾਮਲ ਨਹੀਂ ਹੋ ਸਕੇ ਸਨ। ਮੰਦਰ ਟਰੱਸਟ ਅਨੁਸਾਰ, ਲਗਪਗ 110 ਵੀਆਈਪੀ ਨੂੰ ਵੀ ਸੱਦਾ ਦਿੱਤਾ ਗਿਆ ਹੈ।
ਅੰਗਦ ਟਿੱਲਾ ਸਥਾਨ ’ਤੇ ਇੱਕ ਜਰਮਨ ਹੈਂਗਰ ਟੈਂਟ ਲਗਾਇਆ ਗਿਆ ਹੈ, ਜਿਸ ਵਿੱਚ 5,000 ਤੱਕ ਲੋਕ ਰਹਿ ਸਕਦੇ ਹਨ। ਆਮ ਲੋਕਾਂ ਨੂੰ ਸ਼ਾਨਦਾਰ ਪ੍ਰੋਗਰਾਮ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਮੰਡਪ ਅਤੇ ਯੱਗਸ਼ਾਲਾ ਵਿੱਚ ਰੋਜ਼ਾਨਾ ਹੋਣ ਵਾਲੇ ਸ਼ਾਸਤਰੀ ਸੱਭਿਆਚਾਰਕ ਪ੍ਰਦਰਸ਼ਨ, ਰਸਮਾਂ ਅਤੇ ਰਾਮ ਕਥਾ ਪ੍ਰਵਚਨ ਸ਼ਾਮਲ ਹਨ।
ਸ੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ, ‘‘ਟਰੱਸਟ ਨੇ ਉਨ੍ਹਾਂ ਆਮ ਲੋਕਾਂ ਨੂੰ ਸੱਦਾ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਪਿਛਲੇ ਸਾਲ ਪਵਿੱਤਰ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ। ਉਨ੍ਹਾਂ ਨੂੰ ਅੰਗਦ ਟਿੱਲਾ ਵਿਖੇ ਤਿੰਨ ਰੋਜ਼ਾ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।’’ ਟਰੱਸਟ ਨੇ ਕਿਹਾ ਕਿ 110 ਵੀਆਈਪੀ ਸਮੇਤ ਮਹਿਮਾਨਾਂ ਨੂੰ ਸੱਦਾ ਪੱਤਰ ਵੰਡੇ ਗਏ ਹਨ। ਇਨ੍ਹਾਂ ਵਿੱਚੋਂ ਕਈ ਲੋਕ ਪਿਛਲੇ ਸਾਲ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕੇ।
ਰੋਜ਼ਾਨਾ ਪ੍ਰੋਗਰਾਮ ਤਹਿਤ ਦੁਪਹਿਰ 2 ਵਜੇ ਤੋਂ ਰਾਮ ਕਥਾ ਸੈਸ਼ਨ ਸ਼ੁਰੂ ਹੋਣਗੇ। ਉਸ ਤੋਂ ਬਾਅਦ ਰਾਮਚ੍ਰਿਤਮਾਨਸ (ਮਾਨਸ ਪ੍ਰਵਚਨ) ’ਤੇ ਪ੍ਰਵਚਨ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਹਰ ਸਵੇਰ ਪ੍ਰਸਾਦ ਵੰਡਣ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੌਜੂਦ ਸ਼ਰਧਾਲੂ ਭਗਤੀ ਅਤੇ ਅਧਿਆਤਮਿਕ ਅਨੁਭਵ ਦਾ ਆਨੰਦ ਮਾਣ ਸਕਣ। ਜ਼ਿਕਰਯੋਗ ਹੈ ਕਿ 22 ਜਨਵਰੀ 2024 ਨੂੰ ਅਯੁੱਧਿਆ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ਸੀ। -ਪੀਟੀਆਈ