ਅੰਬਾਲਾ ਏਅਰਬੇਸ ’ਤੇ ਰਾਫਾਲ ਦੇ ਸੁਆਗਤ ਦੀ ਤਿਆਰੀ
ਰਤਨ ਸਿੰਘ ਢਿੱਲੋਂ
ਅੰਬਾਲਾ, 28 ਜੁਲਾਈ
ਫਰਾਂਸ ਦੇ ਏਅਰਬੇਸ ਤੋਂ ਸੋਮਵਾਰ ਨੂੰ ਉੱਡੇ 5 ਰਾਫਾਲ ਜੰਗੀ ਜਹਾਜ਼ ਯੂਏਈ ਵਿਚ ਰੁੱਕਣ ਤੋਂ ਬਾਅਦ ਬੁੱਧਵਾਰ ਨੂੰ ਦੁਪਹਿਰ ਵੇਲੇ ਅੰਬਾਲਾ ਛਾਉਣੀ ਦੇ ਏਅਰਬੇਸ ’ਤੇ ਊਤਰਨਗੇ। ਇਸ ਮਲਟੀ-ਰੋਲ ਫਾਈਟਰ ਜੈੱਟ ਦੇ ਸ਼ਾਮਲ ਹੋਣ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਕਈ ਗੁਣਾ ਵੱਧ ਜਾਵੇਗੀ। ਇਹ ਜੰਗੀ ਜਹਾਜ਼ ਅੰਬਾਲਾ ਛਾਉਣੀ ਦੇ ਏਅਰਬੇਸ ’ਤੇ ਤੈਨਾਤ ਕੀਤੇ ਜਾਣਗੇ ਤਾਂ ਕਿ ਲੋੜ ਪੈਣ ’ਤੇ ਪੱਛਮੀ ਸੀਮਾ ’ਤੇ ਪਾਕਿਸਤਾਨ ਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾ ਸਕੇ। ਚੀਨ ਦੀ ਸੀਮਾ ਵੀ ਇਸ ਏਅਰਬੇਸ ਤੋਂ ਕੇਵਲ 200 ਕਿਲੋਮੀਟਰ ਦੀ ਦੂਰੀ ’ਤੇ ਹੈ। ਅੰਬਾਲਾ ਵਿਚ 17ਵੀਂ ਸਕੁਆਡਰਨ ਗੋਲਡਨ ਐਰੋਜ਼ ਰਾਫਾਲ ਦੀ ਪਹਿਲੀ ਸਕੁਆਰਡਨ ਹੋਵੇਗੀ।
ਇਸੇ ਦੌਰਾਨ ਸ਼ਹਿਰ ਵਿਧਾਇਕ ਅਸੀਮ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਫਾਲ ਦੇ ਆਊਣ ’ਤੇ 29 ਤਾਰੀਕ ਨੂੰ ਸ਼ਾਮ 7 ਵਜੇ ਤੋਂ 7.30 ਵਜੇ ਤੱਕ ਘਰ ਦੀਆਂ ਬੱਤੀਆਂ ਜਗਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾਵੇ ਤਾਂ ਕਿ ਭਾਰਤੀ ਹਵਾਈ ਫੌਜ ਦਾ ਮਨੋਬੱਲ ਵੱਧ ਸਕੇ।
ਸੁਰੱਖਿਆ ਦੇ ਮੱਦੇਨਜ਼ਰ ਪਾਬੰਦੀਆਂ ਲਗਾਈਆਂ
ਜ਼ਿਲ੍ਹਾ ਮੈਜਿਸਟ੍ਰੇਟ ਅਸ਼ੋਕ ਕੁਮਾਰ ਨੇ ਸੁਰੱਖਿਆ ਦੇ ਮੱਦੇਨਜ਼ਰ ਆਈਪੀਸੀ 1973 ਦੀ ਧਾਰਾ 144 ਦੇ ਤਹਿਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੇ ਤਹਿਤ ਏਅਰਫੋਰਸ ਸਟੇਸ਼ਨ ਦੇ ਨਾਲ ਲੱਗਦੇ ਧੂਲਕੋਟ, ਬਲਦੇਵ ਨਗਰ, ਗਰਨਾਲਾ, ਪੰਜੋਖਰਾ ਆਦਿ ਸਥਾਨਾਂ ਤੋਂ ਏਅਰ ਫੋਰਸ ਸਟੇਸ਼ਨ ਦੀ ਕਿਸੇ ਵੀ ਤਰ੍ਹਾਂ ਦੀ ਤਸਵੀਰ ਲੈਣ ’ਤੇ ਰੋਕ ਲਗਾਈ ਗਈ ਹੈ। ਛਾਉਣੀ ਦੇ ਡੀਐੱਸਪੀ ਰਾਮ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਅਰ ਫੋਰਸ ਅਤੇ ਅੰਬਾਲਾ ਪ੍ਰਸ਼ਾਸਨ ਨੇ ਏਅਰ ਬੇਸ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਨੂੰ ਪਹਿਲਾਂ ਹੀ ‘ਨੋ ਡਰੋਨ ਖੇਤਰ’ ਐਲਾਨ ਦਿੱਤਾ ਹੈ।