ਸੂਬਾਈ ਪੱਧਰ ਦੇ ਧਰਨੇ ਦੀ ਲਾਮਬੰਦੀ ਦੀਆਂ ਤਿਆਰੀਆਂ
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 10 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਦੀ ਅਗਵਾਈ ਹੇਠ ਪਿੰਡ ਰੂੜੇਕੇ ਕਲਾਂ ਵਿੱਚ ਹੋਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਜੌਲੀਆਂ ਵਿੱਚ ਕਿਸਾਨ ਅਵਤਾਰ ਸਿੰਘ ਦਾ ਮਸਲਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਦੂਜੇ ਪਾਸੇ ਬਲਾਕ ਧੂਰੀ ਦੇ ਪਿੰਡ ਜਹਾਂਗੀਰ ਦੀ ਕਿਸਾਨ ਬੀਬੀ ਕਿਰਨਜੀਤ ਕੌਰ ਦੇ ਜ਼ਮੀਨੀ ਮਸਲੇ ਸਬੰਧੀ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਦੋਵਾਂ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 15 ਜੁਲਾਈ ਨੂੰ ਪਿੰਡ ਜੌਲੀਆਂ ਵਿੱਚ ਸੂਬਾ ਪੱਧਰੀ ਐਕਸ਼ਨ ਕਰਕੇ ਜ਼ਮੀਨੀ ਕਬਜ਼ਾ ਬਰਕਰਾਰ ਰੱਖਿਆ ਜਾਵੇਗਾ ਅਤੇ ਉੱਥੇ ਪੱਕਾ ਮੋਰਚਾ ਲਗਾਇਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮਸਲੇ ਹੱਲ ਨਾ ਹੋਣ ’ਤੇ 18 ਜੁਲਾਈ ਤੋਂ ਐੱਸਐੱਸਪੀ ਸੰਗਰੂਰ ਦਫ਼ਤਰ ਮੂਹਰੇ ਸੂਬਾ ਪੱਧਰੀ ਮੋਰਚਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਔਰਤ ਆਗੂ ਅਮਰਜੀਤ ਕੌਰ, ਬਲਵੀਰ ਕੌਰ ਬਡਬਰ ਅਤੇ ਕੁਲਵੰਤ ਕੌਰ ਧਨੌਲਾ ਹਾਜ਼ਰ ਸਨ ।