ਰਾਮ ਲੀਲਾ ਮੈਦਾਨ ’ਚ ਮਹਾਰੈਲੀ ਦੀਆਂ ਤਿਆਰੀਆਂ ਮੁਕੰਮਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਮਾਰਚ
ਆਮ ਆਦਮੀ ਪਾਰਟੀ ਦੇ ਸੱਦੇ ’ਤੇ ਰਾਮ ਲੀਲਾ ਮੈਦਾਨ ਵਿੱਚ 31 ਮਾਰਚ ਨੂੰ ਹੋਣ ਵਾਲੀ ਇੰਡੀਆ ਗੱਠਜੋੜ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਰਾਮ ਲੀਲਾ ਮੈਦਾਨ ’ਚ ਜਾ ਕੇ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਕਾਂਗਰਸ ਦੇ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪੰਜਾਬ ਦੇ ਭਗਵੰਤ ਮਾਨ, ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ, ਐੱਨਸੀਪੀ ਤੋਂ ਸ਼ਰਦ ਪਵਾਰ, ਸ਼ਿਵ ਸੈਨਾ ਤੋਂ ਊਧਵ ਠਾਕਰੇ, ਸਪਾ ਤੋਂ ਅਖਿਲੇਸ਼ ਯਾਦਵ, ਆਰਜੇਡੀ ਤੋਂ ਤੇਜਸਵੀ ਯਾਦਵ ਅਤੇ ਖੱਬੇ ਪੱਖੀ ਆਗੂਆਂ ਸਣੇ ਦਰਜਨਾਂ ਵੱਡੇ ਆਗੂ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਇਹ ਆਖਰੀ ਮੌਕਾ ਹੈ। ਜੇਕਰ ਅੱਜ ਦੇਸ਼ ਦੇ ਲੋਕ ਆਵਾਜ਼ ਨਹੀਂ ਉਠਾਉਂਦੇ ਤਾਂ ਕੱਲ੍ਹ ਨੂੰ ਕੋਈ ਵੀ ਆਵਾਜ਼ ਨਹੀਂ ਉਠਾ ਸਕੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਦਿੱਲੀ ਦੇ ਲੋਕਾਂ ਤੋਂ ਸੁਪਰੀਮ ਕੋਰਟ ਵੱਲੋਂ ਦਿੱਤੇ ਅਧਿਕਾਰ ਖੋਹੇ ਅਤੇ ਹੁਣ ਉਨ੍ਹਾਂ ਦਾ ਮੁੱਖ ਮੰਤਰੀ ਵੀ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਹੈ।
ਸ੍ਰੀ ਗੋਪਾਲ ਰਾਏ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਦੇਸ਼ ਭਰ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਏਜੰਸੀਆਂ ਦੀ ਦੁਰਵਰਤੋਂ ਦੇ ਖ਼ਿਲਾਫ਼ ਐਤਵਾਰ ਨੂੰ ਰਾਮ ਲੀਲਾ ਮੈਦਾਨ ਵਿੱਚ ਸਮੁੱਚਾ ‘ਇੰਡੀਆ’ ਗੱਠਜੋੜ ‘‘ਤਾਨਾਸ਼ਾਹੀ ਹਟਾਓ, ਲੋਕਤੰਤਰ ਬਚਾਓ’’ ਦੀ ਮੈਗਾ ਰੈਲੀ ਵਿੱਚ ਪਹੁੰਚ ਰਿਹਾ ਹੈ।
ਦਿੱਲੀ ਪੁਲੀਸ ਵੱਲੋਂ ਟਰੈਫਿਕ ਐਡਵਾਈਜ਼ਰੀ ਜਾਰੀ
ਇੰਡੀਆ ਗੱਠਜੋੜ ਵੱਲੋਂ ਰਾਮ ਲੀਲਾ ਮੈਦਾਨ ’ਚ ਮਹਾਰੈਲੀ ਕਰਨ ਦੇ ਮੱਦੇਨਜ਼ਰ ਦਿੱਲੀ ਪੁਲੀਸ ਨੇ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰਾਮ ਲੀਲਾ ਮੈਦਾਨ ਨੂੰ ਜਾਂਦੀਆਂ ਸੜਕਾਂ ’ਤੇ ਪਾਬੰਦੀਆਂ ਅਤੇ ਬਦਲਵੇਂ ਰੂਟਾਂ ਬਾਰੇ ਸੂਚਿਤ ਕਰਨ ਲਈ ਇੱਕ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲੀਸ ਮੁਤਾਬਕ ਰਣਜੀਤ ਸਿੰਘ ਫਲਾਈਓਵਰ ਬਾਰਾਖੰਬਾ ਰੋਡ ਤੋਂ ਗੁਰੂ ਨਾਨਕ ਚੌਕ ਤੱਕ, ਮਿੰਟੋ ਰੋਡ ਤੋਂ ਕਮਲਾ ਮਾਰਕੀਟ, ਹਮਦਰਦ ਚੌਕ ਤੱਕ ਵਿਵੇਕਾਨੰਦ ਮਾਰਗ ਦਿੱਲੀ ਗੇਟ ਤੋਂ ਗੁਰੂ ਨਾਨਕ ਚੌਕ ਅਤੇ ਅਜਮੇਰੀ ਗੇਟ ਤੱਕ ਜੇਐਲਐਨ ਮਾਰਗ, ਕਮਲਾ ਮਾਰਕੀਟ ਤੋਂ ਗੁਰੂ ਨਾਨਕ ਚੌਕ, ਵੀਆਈਪੀ ਗੇਟ ਨੇੜੇ ਚਮਨ ਲਾਲ ਮਾਰਗ, ਗੁਰੂ ਨਾਨਕ ਚੌਕ ਤੋਂ ਤੁਰਕਮਾਨ ਗੇਟ ਵੱਲ ਨਾ ਜਾਣ ਬਾਰੇ ਕਿਹਾ ਗਿਆ ਹੈ।