ਈਪੀਐੱਫ ਤੇ ਹੋਰ ਮਸਲੇ ਹੱਲ ਨਾ ਹੋਣ ’ਤੇ ਤਿੱਖੇ ਸੰਘਰਸ਼ ਦੀ ਤਿਆਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਫਰਵਰੀ
ਈਪੀਐੱਫ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਤੇ ਕਰਮਚਾਰੀਆਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕਰਨ ਸਮੇਤ ਹੋਰ ਮਸਲੇ ਪੂਰੇ ਨਾ ਹੋਣ ਕਾਰਨ ਵੱਖ-ਵੱਖ ਵਿਭਾਗਾਂ ਦੇ ਕਾਮਿਆਂ ਨੇ ਤਿੱਖੇ ਸੰਘਰਸ਼ ਦੀ ਤਿਆਰੀ ਆਰੰਭ ਦਿੱਤੀ ਹੈ। ਇਸ ਲੜੀ ਵਿੱਚ ਸਭ ਤੋਂ ਪਹਿਲਾਂ ਭਲਕੇ ਮੰਗ ਪੱਤਰ ਦਿੱਤੇ ਜਾਣਗੇ। ਉਪਰੰਤ ਸੱਤ ਦਿਨ ਦੀ ਉਡੀਕ ਕੀਤੀ ਜਾਵੇਗੀ ਅਤੇ ਜੇ ਇੱਕ ਹਫ਼ਤੇ ’ਚ ਵੀ ਮਸਲੇ ਨਾ ਨਿਬੇੜੇ ਗਏ ਤਾਂ ਤਿੱਖੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਐਲਾਨ ਇੱਥੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿੱਚ ਕੀਤਾ ਗਿਆ। ਇਸ ਸਮੇਂ ਕਲੈਰੀਕਲ ਸਟਾਫ਼, ਫਾਇਰ ਬ੍ਰਿਗੇਡ, ਪੰਪ ਅਪਰੇਟਰ, ਸੀਵਰਮੈਨ, ਬੇਲਦਾਰ, ਮਾਲੀ ਅਤੇ ਸਮੂਹ ਸਫ਼ਾਈ ਕਰਮਚਾਰੀ ਹਾਜ਼ਰ ਸਨ।
ਇਸ ਸਮੇਂ ਮੁੱਖ ਮੰਗਾਂ ਜਿਵੇਂ ਕਲੈਰੀਕਲ ਸਟਾਫ਼ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਈਪੀਐੱਫ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ, ਕਰਮਚਾਰੀਆਂ ਦੀਆਂ ਸਰਵਿਸ ਬੁੱਕਾਂ ਮੁਕੰਮਲ ਕਰਨ, ਸਫ਼ਾਈ ਸੇਵਕਾਂ ਸੀਵਰਮੈਨਾਂ ਦੀ ਭਰਤੀ ਕਰਨ, ਸਵੱਛ ਭਾਰਤ ਅਭਿਆਨ ਤਹਿਤ ਕੂੜਾ ਵੱਖ-ਵੱਖ ਕਰਨ ਅਤੇ ਸਾਂਭ-ਸੰਭਾਲ ਲਈ ਜਗ੍ਹਾ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾ ਚੁੱਕਾ ਹੈ ਪਰ ਅੱਜ ਤੱਕ ਇਨ੍ਹਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਿਆ ਜਿਸ ਦੇ ਰੋਸ ਵਜੋਂ ਇਹ ਮੀਟਿੰਗ ਕੀਤੀ ਗਈ। ਇਸ ਮੌਕੇ ਕਲੈਰੀਕਲ ਸਟਾਫ਼ ਦੇ ਪ੍ਰਧਾਨ ਅਮਰਪਾਲ ਸਿੰਘ, ਪ੍ਰਧਾਨ ਜਸਪ੍ਰੀਤ ਸਿੰਘ, ਦਵਿੰਦਰ ਸਿੰਘ, ਨਵਜੀਤ ਕੌਰ, ਗਗਨ ਖੁੱਲਰ, ਵਿਸ਼ਾਲ ਟੰਡਨ, ਜਗਮੋਹਨ ਸਿੰਘ, ਹਰਦੀਪ ਢੋਲਣ, ਗੁਰਪ੍ਰੀਤ ਸਿੰਘ, ਤਾਰਕ, ਕੋਮਲ, ਭਗਤ ਸਿੰਘ, ਸੋਨੀ ਢਿੱਲੋਂ, ਤੀਰਥ ਸਿੰਘ, ਆਤਮਾ ਸਿੰਘ, ਸੀਵਰਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ, ਬਲਵਿੰਦਰ ਸਿੰਘ, ਅਮਿਤ ਮਾਲੀ, ਰਾਜਿੰਦਰ ਕੁਮਾਰ ਅਤੇ ਬਲਵੀਰ ਕੁਮਾਰ ਆਦਿ ਹਾਜ਼ਰ ਸਨ।