ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਗਸਤ
ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਪਹਿਲੀ ਨਵੰਬਰ ਤੋਂ ਲੱਗਣ ਵਾਲੇ ਗਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ `ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਪਰਿਵਾਰ ਅਤੇ ਗ਼ਦਰੀ ਬਾਬਿਆਂ ਦੇ ਮੇਲੇ ’ਚ ਪ੍ਰਮੁੱਖ ਤੌਰ `ਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਲੇਖਕਾਂ, ਬੁੱਧੀਜੀਵੀਆਂ, ਸਾਹਿਤ ਅਤੇ ਕਲਾ ਖੇਤਰ ਦੇ ਕਾਮਿਆਂ ਅਤੇ ਉਪਰੰਤ ਕਮੇਟੀ ਦੇ ਸੱਭਿਆਚਾਰਕ ਵਿੰਗ ਦੀਆਂ ਉਪਰੋਥਲੀ ਦੋਵੇਂ ਮੀਟਿੰਗ ’ਚ 32ਵੇਂ ਮੇਲੇ ਨੂੰ ਹਰ ਪੱਖੋਂ ਬੁਲੰਦੀਆਂ `ਤੇ ਪਹੁੰਚਾਉਣ ਲਈ ਵਿਚਾਰਾਂ ਹੋਈਆਂ। ਗ਼ਦਰੀ ਬਾਬਿਆਂ ਦੇ ਮੇਲੇ ਦੀ ਤਜ਼ਵੀਜ਼ਤ ਰੂਪ-ਰੇਖਾ ਤਿਆਰ ਕਰਕੇ 26 ਅਗਸਤ ਨੂੰ ਹੋ ਰਹੀ ਬੋਰਡ ਆਫ਼ ਟਰੱਸਟ ਅਤੇ ਜਨਰਲ ਬਾਡੀ ਦੀ ਮੀਟਿੰਗ `ਚ ਰੱਖਣ ਲਈ ਅੱਜ ਦੀ ਮੀਟਿੰਗ ਨੇ ਮੁੱਢਲੀਆਂ ਵਿਚਾਰਾਂ ਕਰਕੇ ਐਲਾਨ ਕੀਤਾ। ਮੀਟਿੰਗ ਦਾ ਆਗਾਜ਼ ਲੋਕਾਂ ਦੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਹਾੜੇ ਅਤੇ ਰੰਗ ਕਰਮੀ, ਤਰਕਸ਼ੀਲ ਮਾਸਟਰ ਤਰਲੋਚਨ ਸਿੰਘ ਦੇ ਵਿਛੋੜੇ ਨੂੰ ਸ਼ਰਧਾਂਜਲੀ ਦੇਣ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਅਤੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅੱਜ ਤੋਂ ਹੀ ਮੇਲੇ ਦੀਆਂ ਤਿਆਰੀਆਂ ਦੀਆਂ ਸ਼ੁਰੂ ਹੋ ਗਈਆਂ ਹਨ। ਯਾਦਗਾਰ ਹਾਲ ਕੰਪਲੈਕਸ ਅਤੇ ਇਸਦੇ ਜੀ.ਟੀ.ਰੋਡ ਦੇ ਪਾਸੇ ਨੂੰ ਰੰਗ ਰੋਗਨ, ਸਾਫ਼ ਕਰਨ ਅਤੇ ਖਿੱਚ ਭਰਪੂਰ ਤਸਵੀਰਾਂ, ਚ੍ਰਿਤਕਲਾ ਅਤੇ ਬੁੱਤਾਂ ਆਦਿ ਨਾਲ ਸ਼ਿੰਗਾਰਨ ਦਾ ਕੰਮ ਵਿੱਢਿਆ ਜਾ ਰਿਹਾ ਹੈ। ਮੀਟਿੰਗ `ਚ ਡਾ. ਹਰਜਿੰਦਰ ਸਿੰਘ ਅਟਵਾਲ, ਡਾ. ਤੇਜਿੰਦਰ ਵਿਰਲੀ, ਡਾ. ਹਰਜੀਤ ਸਿੰਘ, ਹਰਦੇਵ ਅਰਸ਼ੀ, ਡਾ. ਸੈਲੇਸ਼, ਡਾ. ਮੰਗਤ, ਹਰਮੇਸ਼ ਮਾਲੜੀ, ਪਰਮਜੀਤ ਕਲਸੀ ਤੇ ਸਾਹਿਲ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।