ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 12 ਅਕਤੂਬਰ
ਦੇਸ਼ ਭਗਤ ਯਾਦਗਾਰ ਹਾਲ ’ਚ ਹੋਣ ਵਾਲਾ ‘ਮੇਲਾ ਗ਼ਦਰੀ ਬਾਬਿਆਂ’ ਦਾ 31 ਅਕਤੂਬਰ ਤੋਂ ਸ਼ੁਰੂ ਹੋਵੇਗਾ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੇਲੇ ਦੇ ਪੰਡਾਲ ਸਜਾਉਣ ਲਈ ਝੰਡੇ, ਮਾਟੋ, ਬੈਨਰ, ਫਲੈਕਸਾਂ, ਰੌਸ਼ਨੀ-ਲੜੀਆਂ, ਰੰਗ ਰੋਗਨ ਆਦਿ ਦਾ ਕੰਮ ਜ਼ੋਰਾਂ ’ਤੇ ਹੈ। ਅੱਜ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਦੇ ਘਾਹ ਪਾਰਕ ’ਚ ਝੰਡਿਆਂ, ਫਲੈਕਸਾਂ ਦੀਆਂ ਤਿਆਰੀਆਂ ਲਈ ਟੀਮਾਂ ਜੁਟੀਆਂ ਰਹੀਆਂ। ਜਨਤਕ ਜਮਹੂਰੀ ਜਥੇਬੰਦੀਆਂ 31 ਅਕਤੂਬਰ ਅਤੇ ਪਹਿਲੀ ਨਵੰਬਰ ਨੂੰ ਸਾਰਾ ਦਿਨ ਸਾਰੀ ਰਾਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਲੱਗ ਰਹੇ 32ਵੇਂ ਮੇਲੇ ’ਚ ਪੁੱਜਣ ਲਈ ਲੋਕਾਂ ਨੂੰ ਅਪੀਲ ਕਰ ਰਹੀਆਂ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਮੇਲੇ ਦੀ ਸਫ਼ਲਤਾ ਲਈ ਵਿਚਾਰਾਂ ਕਰਨ ਅਤੇ ਲੋੜੀਂਦੀ ਸਮੱਗਰੀ ਚੈੱਕ ਕਰਨ ਲਈ ਕਮੇਟੀ ਮੈਂਬਰ ਜੁਟੇ ਹੋਏ ਹਨ। ਵਿੱਦਿਅਕ ਸੰਸਥਾਵਾਂ, ਪਿੰਡਾਂ ਅਤੇ ਸ਼ਹਿਰਾਂ ’ਚ ਸਰਗਰਮ ਸੰਸਥਾਵਾਂ ਨੂੰ ਕੁਇੱਜ਼, ਪੇਂਟਿੰਗ ਮੁਕਾਬਲਿਆਂ, ਕਵੀ-ਦਰਬਾਰ, ਵਿਚਾਰ-ਚਰਚਾਵਾਂ, ਗੀਤ-ਸੰਗੀਤ ਅਤੇ ਨਾਟ ਮੰਡਲੀਆਂ ਨੂੰ ਸ਼ਾਮਲ ਹੋਣ ਲਈ ਸੱਦਾ-ਪੱਤਰ ਭੇਜੇ ਰਹੇ ਹਨ।