ਚੱਬੇਵਾਲ ਜ਼ਿਮਨੀ ਚੋਣ ਦੀਆਂ ਤਿਆਰੀਆਂ ਸ਼ੁਰੂ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 18 ਅਕਤੂਬਰ
ਚੱਬੇਵਾਲ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਸਾਰ ਪ੍ਰਸ਼ਾਸਨ ਨੇ ਵੀ ਕਮਰਕੱਸ ਲਈ ਹੈ ਅਤੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਜ਼ਿਮਨੀ ਚੋਣ 13 ਨਵੰਬਰ ਲਈ ਨਿਰਧਾਰਤ ਕੀਤੀ ਹੈ। ਹਲਕਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਅਸਤੀਫ਼ੇ ਕਾਰਨ ਇਹ ਚੋਣ ਜ਼ਰੂਰੀ ਹੋ ਗਈ ਸੀ। ਡਾ. ਰਾਜ ਕਾਂਗਰਸ ਦੇ ਵਿਧਾਇਕ ਸਨ ਪਰ ਉਨ੍ਹਾਂ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਤੇ ‘ਆਪ’ ਵਿੱਚ ਸ਼ਾਮਲ ਹੋ ਗਏ, ਹੁਣ ਉਹ ਹੁਸ਼ਿਆਰਪੁਰ ਹਲਕੇ ਤੋਂ ਸੰਸਦ ਮੈਂਬਰ ਹਨ।
ਚੱਬੇਵਾਲ ਹਲਕਾ 2009 ਵਿੱਚ ਨਵੀਂ ਹੱਦਬੰਦੀ ਤੋਂ ਬਾਅਦ ਹੋਂਦ ਵਿੱਚ ਆਇਆ ਸੀ। ਪਹਿਲਾਂ ਇਹ ਮਾਹਿਲਪੁਰ ਹਲਕਾ ਸੀ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਦਾ ਦਬਦਬਾ ਰਿਹਾ ਹੈ। ਅਕਾਲੀ ਦਲ ਦੇ ਸੋਹਣ ਸਿੰਘ ਠੰਢਲ ਚਾਰ ਵਾਰ ਇੱਥੋਂ ਵਿਧਾਇਕ ਚੁਣੇ ਗਏ ਅਤੇ ਡਾ. ਰਾਜ ਨੇ ਕਾਂਗਰਸ ਉਮੀਦਵਾਰ ਵਜੋਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਇੱਥੋਂ ਜਿੱਤੀਆਂ। ‘ਆਪ’ ਨੇ 2017 ਦੀਆਂ ਚੋਣਾਂ ਦੌਰਾਨ ਇੱਥੇ ਆਪਣੀ ਹੋਂਦ ਮਹਿਸੂਸ ਕਰਵਾਈ। 2022 ਦੀਆਂ ਚੋਣਾਂ ’ਚ ਵੀ ਪਾਰਟੀ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਦੀ ਕਾਰਗੁਜ਼ਾਰੀ ਚੰਗੀ ਰਹੀ। ਇਸ ਵਾਰ ਸੰਧੂ ਫਿਰ ਟਿਕਟ ਦੇ ਚਾਹਵਾਨ ਹਨ ਜਦੋਂਕਿ ਦੂਜੇ ਪਾਸੇ ਡਾ. ਰਾਜ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਟਿਕਟ ਦਿਵਾਉਣ ਲਈ ਵਾਹ ਲਗਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵੀ ਉਮੀਦਵਾਰ ਦੀ ਭਾਲ ਵਿਚ ਹਨ।
25 ਤਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ: ਡੀਸੀ
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱਤਲ ਅਨੁਸਾਰ ਪ੍ਰਸ਼ਾਸਨ ਤਿਆਰੀਆਂ ਵਿਚ ਜੁਟ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ 18 ਤੋਂ 25 ਅਕਤੂਬਰ ਤੱਕ ਭਰੇ ਜਾਣਗੇ। 30 ਅਕਤੂਬਰ ਤੱਕ ਪੱਤਰ ਵਾਪਸ ਲਏ ਜਾ ਸਕਦੇ ਹਨ।