30ਵੀਆਂ ਕਮਲਜੀਤ ਖੇਡਾਂ ਦੀਆਂ ਤਿਆਰੀਆਂ ਜਾਰੀ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 15 ਨਵੰਬਰ
ਨੇੜਲੇ ਪਿੰਡ ਕੋਟਲਾ ਸ਼ਾਹੀਆਂ ਦੇ ਸੁਰਜੀਤ ਕਮਲਜੀਤ ਖੇਡ ਸਟੇਡੀਅਮ ਵਿੱਚ ਕਮਲਜੀਤ ਖੇਡਾਂ 20 ਨਵੰਬਰ ਤੋਂ 23 ਨਵੰਬਰ ਵਿਚਕਾਰ ਹੋਣਗੀਆਂ, ਜਿਸ ਵਿੱਚ ਕੌਮੀ ਪੱਧਰ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਦੇ ਅਹੁਦੇਦਾਰਾਂ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਟੇਡੀਅਮ ਵਿਖੇ 17 ਨਵੰਬਰ ਨੂੰ ਅਖੰਡ ਪਾਠ ਆਰੰਭ ਹੋਵੇਗਾ ਤੇ 19 ਨਵੰਬਰ ਨੂੰ ਭੋਗ ਪੈਣਗੇ। 20 ਨਵੰਬਰ ਨੂੰ ਬਟਾਲਾ ਵਿੱਚ ਸਥਾਪਤ ਸਵਰਗੀ ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਬੁੱਤ ਤੋਂ ਜੋਤ ਜਗਾ ਕੇ ਖੇਡ ਪ੍ਰੇਮੀਆਂ ਦਾ ਕਾਫਲਾ ਓਲੰਪੀਅਨ ਖੁਸ਼ਬੀਰ ਕੌਰ ਅਤੇ ਸਰਵਣਜੀਤ ਸਿੰਘ ਦੀ ਅਗਵਾਈ ਵਿੱਚ ਸਟੇਡੀਅਮ ਵੱਲ ਕੂਚ ਕਰੇਗਾ। ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿੱਚ ਮਸ਼ਾਲ ਜਗਾਉਣ ਉਪਰੰਤ ਖਿਡਾਰੀਆਂ ਦੇ ਮਾਰਚ ਪਾਸਟ ਦੀ ਸਲਾਮੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਲੈਣਗੇ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਡੀਸੀ ਡਾ. ਹਿਮਾਂਸ਼ੂ ਅਗਰਵਾਲ ਕਰਨਗੇ। ਇਸ ਮੌਕੇ ਨਿਸ਼ਾਨ ਸਿੰਘ ਰੰਧਾਵਾ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ ਕਾਲਾ, ਜਗਦੀਸ਼ ਸਿੰਘ ਬਾਜਵਾ, ਸੰਜੀਵ ਗੁਪਤਾ ਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ।