For the best experience, open
https://m.punjabitribuneonline.com
on your mobile browser.
Advertisement

ਦਰੱਖਤਾਂ ਨੂੰ ਵੱਢ ਕੇ ਗ੍ਰੀਨ ਕੋਰੀਡੋਰ ਬਣਾਉਣ ਦੀ ਤਿਆਰੀ

09:18 PM Jun 23, 2023 IST
ਦਰੱਖਤਾਂ ਨੂੰ ਵੱਢ ਕੇ ਗ੍ਰੀਨ ਕੋਰੀਡੋਰ ਬਣਾਉਣ ਦੀ ਤਿਆਰੀ
Advertisement

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 7 ਜੂਨ

ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰ-42 ‘ਚ ਸਥਿਤ ਐੱਸਡੀਐੱਮ ਦਫ਼ਤਰ ਦੇ ਨਜ਼ਦੀਕ ਐੱਨ-ਚੋਅ ਦੇ ਨਾਲ ਗ੍ਰੀਨ ਕੋਰੀਡੋਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਯੂਟੀ ਪ੍ਰਸ਼ਾਸਨ ਨੇ ਦਰੱਖਤਾਂ ਨੂੰ ਵੱਢਿਆ ਗਿਆ ਹੈ। ਚੰਡੀਗੜ੍ਹ ਦੇ ਵਾਤਾਵਰਨ ਪ੍ਰੇਮਿਆ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ 200 ਤੋਂ ਵੱਧ ਦਰਖਤਾਂ ਨੂੰ ਵੱਢ ਦਿੱਤਾ ਹੈ।

ਵਾਤਾਵਰਨ ਪ੍ਰੇਮੀ ਐੱਲਆਰ ਬੁਡਾਨੀਆ ਨੇ ਕਿਹਾ ਕਿ ਉਹ ਰੋਜ਼ਾਨਾ ਐਨ-ਚੋਅ ਦੇ ਆਲੇ ਦੁਆਲੇ ਸੈਰ ਕਰਦੇ ਸਨ, ਜਿੱਥੇ ਬਹੁਤ ਵੱਢੇ-ਵੱਢੇ ਦਰੱਖਤ ਲੱਗੇ ਹੋਏ ਸਨ। ਇਨ੍ਹਾਂ ਦੀ ਉਮਰ 15 ਤੋਂ 20 ਸਾਲ ਦੇ ਕਰੀਬ ਹੈ ਪਰ ਯੂਟੀ ਪ੍ਰਸ਼ਾਸਨ ਨੇ ਗ੍ਰੀਨ ਕੋਰੀਡੋਰ ਦੇ ਨਾਮ ‘ਤੇ ਸਾਰੇ ਦਰੱਖਤਾਂ ਤੇ ਟਾਹਣੀਆਂ ਨੂੰ ਵੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਗ੍ਰੀਨ ਕੋਰੀਡੋਰ ਬਣਾਉਣ ਦੇ ਨਾਮ ‘ਤੇ ਦਰੱਖਤਾਂ ਨੂੰ ਹੀ ਵੱਢਣ ਲੱਗਿਆ ਹੋਇਆ ਹੈ। ਵਾਤਾਵਰਨ ਪ੍ਰੇਮੀ ਐਲਆਰ ਬੁਡਾਨੀਆ ਕਿਹਾ ਕਿ ਚੰਡੀਗੜ੍ਹ ‘ਚ ਯੂਟੀ ਪ੍ਰਸ਼ਾਸਨ ਵੱਲੋਂ ਦਰੱਖਤਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸ ਵਿਰੁੱਧ ਆਵਾਜ਼ ਚੁੱਕੀ ਜਾਵੇਗੀ।

ਯੂਟੀ ਦੇ ਚੀਫ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ ਕਿਸੇ ਦਰੱਖਤ ਨੂੰ ਵੱਢਿਆ ਨਹੀਂ ਹੈ। ਇਹ ਐਨ-ਚੋਅ ਦੇ ਨਾਲ ਜੰਗਲੀ ਇਲਾਕੇ ਦੀ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਦਰੱਖਤਾਂ ਦੀ ਛਟਾਈ ਕੀਤੀ ਜਾਂਦੀ ਹੈ ਅਤੇ ਇਹ ਉਸੇ ਦਾ ਹਿੱਸਾ ਹੈ। ਚੀਫ਼ ਇੰਜਨੀਅਰ ਨੇ ਕਿਹਾ ਕਿ ਉਹ ਐਨ-ਚੋਅ ਦੇ ਨਜ਼ਦੀਕ ਗ੍ਰੀਨ ਕੋਰੀਡੋਰ ਸਥਾਪਤ ਕਰਨ ਜਾ ਰਹੇ ਹਨ, ਜਿਥੇ ਲੋਕਾਂ ਨੂੰ ਸੈਰ ਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ।

ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ ਨੇ ਸ਼ਹਿਰ ਵਿੱਚ ਗ੍ਰੀਨ ਕੋਰੀਡੋਰ ਸਥਾਪਤ ਕਰਨ ਲਈ ਪਿਛਲੇ ਹਫ਼ਤੇ ਨੀਂਹ ਪੱਥਰ ਰੱਖਿਆ ਸੀ। ਇੱਥੇ ਅੱਠ ਕਿੱਲੋ ਲੰਬਾ ਕੋਰੀਡੋਰ ਬਣਾਇਆ ਜਾਣਾ ਹੈ, ਜੋ ਕਿ ਕੈਪੀਟਨ ਕੰਪਲੈਕਸ ਨੂੰ ਸੈਕਟਰ-56 ਦੇ ਨਾਲ ਜੋੜੇਗਾ। ਇਹ ਕਾਰੋਡੋਰ ਉੱਤਰ ਤੋਂ ਦੱਖਣ ਵੱਲ ਐਨ-ਚੋਅ ਦੇ ਨਾਲ-ਨਾਲ ਬਣਾਇਆ ਜਾ ਰਿਹਾ ਹੈ। ਇਸ ਨੂੰ ਨੌਂ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਗ੍ਰੀਨ ਕੋਰੀਡੋਰ ਦਾ ਨਿਰਮਾਣ ਪੈਦਲ ਤੇ ਸਾਈਕਲ ਸਵਾਰਾਂ ਲਈ ਕੀਤਾ ਜਾ ਰਿਹਾ ਹੈ।

Advertisement
Advertisement
Advertisement
×