ਦਿੱਲੀ ’ਚ ਹਵਾ ਪ੍ਰਦੂਸ਼ਣ ਰੋਕਣ ਲਈ ਨਕਲੀ ਮੀਂਹ ਦੀ ਤਿਆਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਸਤੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਰਦੀਆਂ ਵਿੱਚ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਦਿੱਲੀ ਸਰਕਾਰ ਕਲਾਊਡ ਸੀਡਿੰਗ ਤਕਨਾਲੋਜੀ ਦੀ ਵਰਤੋਂ ਕਰ ਕੇ ਨਕਲੀ ਬਾਰਿਸ਼ ਲਈ ਵਿਚਾਰ ਕਰ ਰਹੀ ਹੈ। ਵਾਤਾਵਰਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸ਼ਹਿਰ ਦੇ ਹਰੇਕ ਹਵਾ ਪ੍ਰਦੂਸ਼ਣ ‘ਹੌਟਸਪੌਟਸ’ ਲਈ ਇੱਕ ਵੱਖਰੀ ਕਾਰਜ ਯੋਜਨਾ ਤਿਆਰ ਕਰ ਰਹੀ ਹੈ। ਰਾਏ ਨੇ ‘ਵਿੰਟਰ ਐਕਸ਼ਨ ਪਲਾਨ’ ’ਤੇ ਚਰਚਾ ਕਰਨ ਲਈ 24 ਵਾਤਾਵਰਨ ਮਾਹਿਰਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ। ਇੱਥੇ ਆਈਆਈਟੀ-ਕਾਨਪੁਰ ਦੇ ਵਿਗਿਆਨੀਆਂ ਨੇ ਦਿੱਲੀ ਵਿੱਚ ਨਕਲੀ ਬਾਰਿਸ਼ ਬਾਰੇ ਇੱਕ ਪੇਸ਼ਕਾਰੀ ਦਿੱਤੀ ਹੈ। ਇਸ ਮੀਟਿੰਗ ਵਿੱਚ ਕੌਂਸਲ ਫਾਰ ਐਨਰਜੀ, ਇਨਵਾਇਰਮੈਂਟ ਐਂਡ ਵਾਟਰ (ਸੀਈਈਡਬਲਯੂ), ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ) ਤੇ ਵਾਤਾਵਰਨ ਰੱਖਿਆ ਫੰਡ ਸਮੇਤ ਹੋਰਨਾਂ ਤੋਂ ਇਲਾਵਾ 24 ਮੈਂਬਰਾਂ ਅਤੇ ਖੋਜਕਾਰਾਂ ਤੋਂ ਵੀ ਸੁਝਾਅ ਲਏ ਗਏ ਹਨ। ਰਾਏ ਨੇ ਕਿਹਾ ਕਿ ਮਾਹਿਰਾਂ ਨੇ ਵਾਹਨਾਂ ਦੇ ਪ੍ਰਦੂਸ਼ਣ, ਧੂੜ ਪ੍ਰਦੂਸ਼ਣ, ਬਾਇਓਮਾਸ ਸਾੜਨ ਅਤੇ ਹੋਰ ਕਿਸਮ ਦੇ ਪ੍ਰਦੂਸ਼ਣ ਨੂੰ ਘਟਾਉਣ ਦੇ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਆਈਆਈਟੀ-ਕਾਨਪੁਰ ਦੇ ਵਿਗਿਆਨੀਆਂ ਨੇ ਦਿੱਲੀ ਵਿੱਚ ਨਕਲੀ ਮੀਂਹ ਪਾਉਣ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਖਰਚਿਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ ਹੈ, ਜਿਸ ਨੂੰ ਮੁੱਖ ਮੰਤਰੀ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਕਲੀ ਮੀਂਹ ਬਾਰੇ ਵੀ ਇਸੇ ਤਰ੍ਹਾਂ ਦੇ ਪ੍ਰਸਤਾਵ ਸੌਂਪੇ ਹਨ। ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਹੌਟਸਪੌਟ ਆਨੰਦ ਵਿਹਾਰ, ਵਜ਼ੀਰਾਬਾਦ, ਵਿਵੇਕ ਵਿਹਾਰ, ਵਜ਼ੀਰਪੁਰ, ਅਸ਼ੋਕ ਵਿਹਾਰ, ਦਵਾਰਕਾ, ਜਹਾਂਗੀਰਪੁਰੀ, ਰੋਹਿਣੀ, ਬਵਾਨਾ, ਨਰੇਲਾ, ਮੁੰਡਕਾ, ਪੰਜਾਬੀ ਬਾਗ, ਆਰਕੇ ਪੁਰਮ ਅਤੇ ਓਖਲਾ ਫੇਜ਼ 2 ਵਿੱਚ ਸਥਿਤ ਹਨ।
ਭਾਜਪਾ ਵੱਲੋਂ ਪਟਾਕਿਆਂ ’ਤੇ ਪਾਬੰਦੀ ਲਾਉਣ ਦਾ ਵਿਰੋਧ
ਦਿੱਲੀ ਭਾਜਪਾ ਦੇ ਉਪ ਪ੍ਰਧਾਨ ਕਪਿਲ ਮਿਸ਼ਰਾ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਰਾਹੀਂ ਦਿੱਲੀ ਸਰਕਾਰ ਵੱਲੋਂ ਪਟਾਕਿਆਂ ’ਤੇ ਪਾਬੰਦੀ ਲਾਉਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਨੂੰ ਪ੍ਰਦੂਸ਼ਣ ਬਾਰੇ ਕੋਈ ਚਿੰਤਾ ਨਹੀਂ ਹੈ। ਸਰਕਾਰ ਦੀਵਾਲੀ ਨੇੜੇ ਆਉਂਦੇ ਹੀ ਪਟਾਕਿਆਂ ’ਤੇ ਪਾਬੰਦੀ ਲਗਾ ਦਿੰਦੀ ਹੈ, ਜਦੋਂਕਿ ਆਈਆਈਟੀ ਦਿੱਲੀ ਦੀ ਰਿਪੋਰਟ ਮੁਤਾਬਕ ਪਟਾਕਿਆਂ ਕਾਰਨ ਸਿਰਫ 2 ਫੀਸਦੀ ਪ੍ਰਦੂਸ਼ਣ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਲੋਕਾਂ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੀਵਾਲੀ ਦੇ ਆਲੇ-ਦੁਆਲੇ ਕੇਜਰੀਵਾਲ ਸਰਕਾਰ ਪਟਾਕਿਆਂ ’ਤੇ ਪਾਬੰਦੀ ਲਗਾ ਕੇ ਦਿੱਲੀ ਦੇ ਵਪਾਰੀਆਂ ਨੂੰ ਆਰਥਿਕ ਝਟਕਾ ਦਿੰਦੀ ਹੈ। ਭਾਜਪਾ ਨੇ ਹਰੇ ਪਟਾਕਿਆਂ ਦੀ ਵਰਤੋਂ ’ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।