ਚੋਣਾਂ ਲਈ ਤਿਆਰੀ
ਜਿੱਥੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਯਾਤਰਾ’ ਕਰ ਕੇ ਪਾਰਟੀ ਅਤੇ ਆਪਣੇ ਆਗੂ ਲਈ ਨਵੀਂ ਤਰ੍ਹਾਂ ਦਾ ਅਕਸ ਉਭਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਭਾਰਤੀ ਜਨਤਾ ਪਾਰਟੀ ਨੇ ਇਸ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਅਤੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਪੱਕੇ ਪੈਰੀਂ ਤਿਆਰੀ ਸ਼ੁਰੂ ਕਰ ਲਈ ਹੈ। ਇਸ ਤਿਆਰੀ ਦੇ ਪਹਿਲੇ ਗੇੜ ਵਿਚ ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇਪੀ ਨੱਢਾ ਨੂੰ ਅੱਗੇ ਕੀਤਾ ਹੈ। ਭਾਜਪਾ ਨੇ ਇਸ ਪ੍ਰਚਾਰ ਮੁਹਿੰਮ ਨੂੰ ‘ਲੋਕ ਸਭ ਪਰਵਾਸ’ ਮੁਹਿੰਮ ਦਾ ਨਾਂ ਦਿੱਤਾ ਹੈ। ਇਸ ਮੁਹਿੰਮ ਤਹਿਤ ਕੇਂਦਰੀ ਗ੍ਰਹਿ ਮੰਤਰੀ 5 ਜਨਵਰੀ ਨੂੰ ਤ੍ਰਿਪੁਰਾ, 6 ਜਨਵਰੀ ਨੂੰ ਮਨੀਪੁਰ ਤੇ ਨਾਗਾਲੈਂਡ ਵਿਚ, 7 ਜਨਵਰੀ ਨੂੰ ਛੱਡੀਸਗੜ੍ਹ ਤੇ ਝਾਰਖੰਡ ਅਤੇ 8 ਜਨਵਰੀ ਨੂੰ ਆਂਧਰਾ ਪ੍ਰਦੇਸ਼ ਵਿਚ ਪ੍ਰਚਾਰ ਕਰਨਗੇ। 16 ਜਨਵਰੀ ਨੂੰ ਉੱਤਰ ਪ੍ਰਦੇਸ਼ ਅਤੇ 17 ਜਨਵਰੀ ਨੂੰ ਪੱਛਮੀ ਬੰਗਾਲ ਦਾ ਦੌਰਾ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਮਹੀਨੇ 11 ਸੂਬਿਆਂ ਦਾ ਦੌਰਾ ਕਰ ਸਕਦੇ ਹਨ। ਪਿਛਲੇ ਦਿਨੀਂ ਉਨ੍ਹਾਂ ਕਰਨਾਟਕ ਵਿਚ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਵੋਟਰਾਂ ਨੂੰ ਇਹ ਸਵਾਲ ਪੁੱਛਿਆ ਸੀ ਕਿ ਉਹ ਉਸ ਪ੍ਰਧਾਨ ਮੰਤਰੀ ਨੂੰ ਵੋਟ ਦੇਣਗੇ ਜਿਸ ਨੇ ਮੰਦਰ ਬਣਾਇਆ ਜਾਂ ‘ਟੁਕੜੇ ਟੁਕੜੇ ਗੈਂਗ’ ਨੂੰ। ਸਪੱਸ਼ਟ ਹੈ ਕਿ ਭਾਜਪਾ ਨੇ ਆਪਣੀ ਚੋਣ ਰਣਨੀਤੀ ਹੁਣ ਤੋਂ ਹੀ ਤੈਅ ਕਰ ਲਈ ਹੈ।
ਇਸ ਸਾਲ ਨਾਗਾਲੈਂਡ, ਤ੍ਰਿਪੁਰਾ, ਮੇਘਾਲਿਆ, ਕਰਨਾਟਕ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਤਿਲੰਗਾਨਾ ਦੀਆਂ ਵਿਧਾਨ ਸਭਾਵਾਂ ਚੋਣਾਂ ਹੋਣੀਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਲਈ ਚੋਣਾਂ ਵੀ ਹੋ ਸਕਦੀਆਂ ਹਨ। ਇਨ੍ਹਾਂ ਸੂਬਿਆਂ ‘ਚੋਂ ਕਰਨਾਟਕ, ਮੱਧ ਪ੍ਰਦੇਸ਼ ਤੇ ਤ੍ਰਿਪੁਰਾ ‘ਚ ਭਾਜਪਾ ਸੱਤਾ ‘ਚ ਹੈ। ਇਨ੍ਹਾਂ ਚੋਣਾਂ ਨੂੰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਦੱਸਿਆ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਜੇਪੀ ਨੱਢਾ ਨੇ ਉੜੀਸਾ ਤੇ ਤਾਮਿਲ ਨਾਡੂ ਦੇ ਦੌਰੇ ਕੀਤੇ ਹਨ। ਸੂਤਰਾਂ ਅਨੁਸਾਰ ਭਾਜਪਾ ਨੇ 160 ਅਜਿਹੇ ਹਲਕਿਆਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਵਿਚ ਪਾਰਟੀ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਾਰਟੀ ਆਉਣ ਵਾਲੇ ਮਹੀਨਿਆਂ ਵਿਚ ਆਪਣਾ ਧਿਆਨ ਇਨ੍ਹਾਂ ਹਲਕਿਆਂ ‘ਤੇ ਕੇਂਦਰਿਤ ਕਰੇਗੀ। ਭਾਜਪਾ ਕਰਨਾਟਕ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਫ਼ਿਕਰਮੰਦ ਦਿਖਾਈ ਦਿੰਦੀ ਹੈ। ਭਾਜਪਾ ਨੂੰ ਆਸ ਹੈ ਕਿ ਉਹ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਚੋਣਾਂ ਜ਼ਰੂਰ ਜਿੱਤੇਗੀ। ਕਾਂਗਰਸ ਦੀ ਰਾਜਸਥਾਨ ਇਕਾਈ ‘ਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਿਚਲਾ ਤਣਾਉ ਭਾਜਪਾ ਲਈ ਮਦਦਗਾਰ ਸਾਬਤ ਹੋਵੇਗਾ। ਤ੍ਰਿਪੁਰਾ ‘ਚ ਭਾਜਪਾ ਦੇ ਕੁਝ ਵਿਧਾਇਕਾਂ ਨੇ ਪਾਰਟੀ ਛੱਡੀ ਹੈ, ਪਾਰਟੀ ਨਵੇਂ ਚਿਹਰੇ ਪੇਸ਼ ਕਰ ਕੇ ਉਨ੍ਹਾਂ ਦੀ ਕਮੀ ਪੂਰਾ ਕਰਨ ਦਾ ਯਤਨ ਕਰ ਰਹੀ ਹੈ।
ਭਾਜਪਾ ਇਸ ਸਮੇਂ ਦੇਸ਼ ਦੀ ਸਭ ਤੋਂ ਮਜ਼ਬੂਤ ਸਿਆਸੀ ਤਾਕਤ ਹੈ। ਉਹ ਵੋਟ ਰਾਜਨੀਤੀ ਕਰਨ ਦੀ ਮੁਹਾਰਤ ਹਾਸਲ ਕਰ ਚੁੱਕੀ ਹੈ। ਉਹ ਲੋਕਾਂ ਨੂੰ ਜਜ਼ਬਿਆਂ ਦੀ ਸਿਆਸਤ ਰਾਹੀਂ ਉਤੇਜਿਤ ਕਰ ਕੇ ਚੋਣਾਂ ਜਿੱਤਣ ਦੀ ਰਣਨੀਤੀ ਨੂੰ ਕਈ ਵਾਰ ਅਜ਼ਮਾ ਚੁੱਕੀ ਹੈ। ਉਸ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ਵਿਚ ਅਜਿਹੀ ਸਿਆਸੀ ਸ਼ਖ਼ਸੀਅਤ ਮੌਜੂਦ ਹੈ ਜਿਹੜੀ ਦੇਸ਼ ਦੇ ਵੱਡੇ ਹਿੱਸਿਆਂ ਦੇ ਅਵਾਮ ਨਾਲ ਸਿੱਧੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਦੂਸਰੇ ਪਾਸੇ ਕਾਂਗਰਸ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ ਆਦਿ ਇਕ-ਦੂਸਰੇ ਵਿਰੁੱਧ ਸਿਆਸਤ ਕਰਨ ਵਿਚ ਉਲਝੀਆਂ ਹੋਈਆਂ ਹਨ। ਕਾਂਗਰਸ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਜ਼ਰੂਰ ਮਿਲੀ ਹੈ ਪਰ ਸੂਬੇ ਵਿਚ ਭਾਜਪਾ ਦਾ ਸਿਆਸੀ ਆਧਾਰ ਜ਼ਿਆਦਾ ਕਮਜ਼ੋਰ ਨਹੀਂ ਹੋਇਆ ਹੈ। ਆਮ ਆਦਮੀ ਪਾਰਟੀ ਗੁਜਰਾਤ ਦੀਆਂ ਚੋਣਾਂ ਵਿਚ ਹਿੱਸਾ ਲੈ ਕੇ ਕੌਮੀ ਪਾਰਟੀ ਤਾਂ ਬਣ ਚੁੱਕੀ ਹੈ ਪਰ ਉਹ ਦੂਸਰੀਆਂ ਪਾਰਟੀਆਂ ਨਾਲ ਕੋਈ ਸਾਂਝਾ ਮੁਹਾਜ਼ ਨਹੀਂ ਉਸਾਰਨਾ ਚਾਹੁੰਦੀ। ਉਹ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚੋਂ ਕੁਝ ਵਿਚ ਹਿੱਸਾ ਜ਼ਰੂਰ ਲਵੇਗੀ। ‘ਆਪ’ ਨੂੰ ਸਫ਼ਲਤਾ ਦੇ ਆਸਾਰ ਉਨ੍ਹਾਂ ਸੂਬਿਆਂ ਵਿਚ ਜ਼ਿਆਦਾ ਹਨ ਜਿੱਥੇ ਭਾਜਪਾ ਤੇ ਕਾਂਗਰਸ ਦੀ ਸਿੱਧੀ ਟੱਕਰ ਹੁੰਦੀ ਹੈ। ਇਨ੍ਹਾਂ ਹਾਲਾਤ ਵਿਚ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਤਾਂ ਨਤੀਜੇ ਮਿਲੇ-ਜੁਲੇ ਹੋ ਸਕਦੇ ਹਨ ਪਰ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦਾ ਪੂਰਾ ਯਕੀਨ ਹੈ। ਆਪਣੀ ਪੂਰੀ ਸਮਰੱਥਾ ਨਾਲ ਚੋਣਾਂ ਲੜਨ ਵਾਲੀ ਇਸ ਪਾਰਟੀ ਨੇ ਹੁਣ ਤੋਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।