ਮਾਈਨਿੰਗ ਵਿਭਾਗ ਵੱਲੋਂ ਸਟੋਨ ਕਰੱਸ਼ਰ ਨੂੰ ਡਿਸਮੈਂਟਲ ਕਰਨ ਦੀ ਤਿਆਰੀ
ਦੀਪਕ ਠਾਕੁਰ
ਤਲਵਾੜਾ, 10 ਨਵੰਬਰ
ਪੰਜਾਬ ਦੇ ਮਾਈਨਿੰਗ ਵਿਭਾਗ ਨੇ ਸ਼ਾਹ ਨਹਿਰ ਬੈਰਾਜ (52 ਗੇਟਾਂ) ਦੇ ਹੇਠਾਂ ਲੱਗੇ ਸਟੋਨ ਕਰੱਸ਼ਰ ਨੂੰ ਡਿਸਮੈਂਟਲ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਮਾਈਨਿੰਗ ਵਿਭਾਗ ਦਸੂਹਾ ਦੇ ਐਸਡੀਓ ਪੱੱਧਰ ਦੇ ਅਧਿਕਾਰੀਆਂ ਨੇ ਬੀਤੀ 2 ਤਰੀਕ ਨੂੰ ਇਸ ਸਟੋਨ ਕਰੱਸ਼ਰ ਦਾ ਦੌਰਾ ਕੀਤਾ ਸੀ। ਉੱਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ ਵਿੱਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਭਾਵੇਂ ਕਰੱਸ਼ਰ ਬੰਦ ਸੀ, ਪਰ ਕਰੱਸ਼ਰ ’ਤੇ ਵੱਡੀ ਮਾਤਰਾ ਤਿਆਰ ਮਟੀਰੀਅਲ ਪਾਇਆ ਗਿਆ। ਇਸ ਕਰੱਸ਼ਰ ਨੂੰ 2022 ਵਿੱਚ ਥਾਣਾ ਤਲਵਾੜਾ ਵਿੱਚ ਕੇਸ ਦਰਜ ਹੋਣ ਮਗਰੋਂ ਵਾਤਾਵਰਣ ਇੰਜਨੀਅਰ ਨੇ ਸੀਲ ਕਰ ਦਿੱਤਾ ਸੀ। ਮਗਰੋਂ ਇਸੇ ਸਾਲ 15 ਸਤੰਬਰ ਨੂੰ ਕਰੱਸ਼ਰ ਦੀ ਸੀਲ ਤੋੜ ਕੇ ਮੁੜ ਚੱਲਣ ਦੀ ਸ਼ਿਕਾਇਤ ਪ੍ਰਾਪਤ ਹੋਈ। ਮਗਰੋਂ ਵਿਭਾਗ ਨੇ ਥਾਣਾ ਤਲਵਾੜਾ ਵਿੱਚ ਇੱਕ ਹੋਰ ਕੇਸ ਦਰਜ ਕਰਵਾਇਆ ਅਤੇ ਕਰੱਸ਼ਰ ’ਤੇ 70 ਤੋਂ 80 ਹਜ਼ਾਰ ਘਣ ਫੁੱਟ ਪਏ ਮਟੀਰੀਅਲ ਦੀ ਨਿਲਾਮੀ ਲਈ ਰਿਪੋਰਟ ਅਧਿਕਾਰੀਆਂ ਨੂੰ ਤਿਆਰ ਕਰਕੇ ਭੇਜੀ ਸੀ।
ਮਾਈਨਿੰਗ ਵਿਭਾਗ ਦੇ ਨਿਗਰਾਨ ਇੰਜਨੀਅਰ ਰਮਨ ਬੈਂਸ ਨੇ ਬਿਆਸ ਦਰਿਆ ਕੰਢੇ ਕਰੱਸ਼ਰ ਨੂੰ ਨਾਜਾਇਜ਼ ਤੌਰ ’ਤੇ ਸਥਾਪਿਤ ਕਰਨ ਅਤੇ ਚਲਾਉਣ ਬਾਬਤ ਅਗਲੇਰੀ ਕਾਰਵਾਈ ਲਈ ਵਾਤਾਵਰਨ ਇੰਜਨੀਅਰ ਨਾਲ ਸੰਪਰਕ ਕੀਤਾ ਤਾਂ ਕਰੱਸ਼ਰ ਨੂੰ ਡਿਸਮੈਂਟਲ ਕੀਤਾ ਜਾ ਸਕੇ।
ਵਾਤਾਵਰਨ ਇੰਜਨੀਅਰ ਹੁਸ਼ਿਆਰਪੁਰ ਦੀਪਕ ਚੱਢਾ ਨੇ ਇਸ ਕਾਰਵਾਈ ਲਈ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਨੂੰ ਰਿਪੋਰਟ ਭੇਜੀ ਹੋਣ ਦਾ ਹਵਾਲਾ ਦਿੱਤਾ। ਉਨ੍ਹਾਂ ਇੱਕ ਦੋ ਦਿਨਾਂ ਵਿੱਚ ਰਿਪੋਰਟ ਆਉਣ ਦੀ ਸੰਭਾਵਨਾ ਪ੍ਰਗਟ ਕਰਦਿਆਂ ਬਣਦੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਨੇ ਇਸ ਨੂੰ ਆਪਣੇ ਸੰਘਰਸ਼ ਦੀ ਅੰਸ਼ਕ ਜਿੱਤ ਦੱਸਿਆ ਹੈ।