ਪਰਨੀਤ ਕੌਰ ਵੱਲੋਂ ‘ਇੰਟਰ ਚੇਂਜ ਜੰਕਸ਼ਨ’ ਬਣਾਉਣ ਲਈ ਗਡਕਰੀ ਨੂੰ ਪੱਤਰ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ 18 ਅਗਸਤ
ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਨਵੀਂ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇਅ ਦੇ ਸੰਗਰੂਰ-ਪਾਤੜਾਂ-ਖਨੌਰੀ ਹਿੱਸੇ ’ਤੇ ਆਲੇ-ਦੁਆਲੇ ਦੇ ਇਤਿਹਾਸਕ ਸਥਾਨਾਂ ਨੂੰ ਮੁੱਖ ਰੱਖਦਿਆਂ, ਪਟਿਆਲਾ ਜ਼ਿਲ੍ਹੇ ’ਚ ਸ਼ੁਤਰਾਣਾ ਨੇੜੇ ‘ਇੰਟਰ ਚੇਂਜ ਜੰਕਸ਼ਨ’ ਬਣਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਵੀ ਲਿਖਿਆ ਹੈ। ਇਸ ਦੌਰਾਨ ਸ਼ੁਤਰਾਣਾ ਨੇੜੇ ਆਮ ਲੋਕਾਂ ਅਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਐਕਸਪ੍ਰੈੱਸ ਵੇਅ ਨਾਲ ਜੋੜਦੇ ਰਸਤੇ ਬਣਾਉਣ ਦੀ ਪੈਰਵੀ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਰੂਟ ’ਤੇ ਸਥਿਤ ਪੰਜਾਬ ਅਤੇ ਹਰਿਆਣਾ ਦੇ ਚਾਰ ਜ਼ਿਲ੍ਹੇ ਪਟਿਆਲਾ, ਸੰਗਰੂਰ, ਜੀਂਦ ਅਤੇ ਕੈਥਲ ਦੇ ਬਹੁਤ ਹੀ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਨੂੰ ਇਸ ਸਲਿਪ ਵੇਅ ਰਾਹੀਂ ਐਕਸਪ੍ਰੈੱਸ ਵੇਅ ਤੋਂ ਪਹੁੰਚ ਮਿਲੇਗੀ।
ਪੰਜਾਬ ਅਤੇ ਹਰਿਆਣਾ ਸੀਮਾ ’ਤੇ ਕੌਮੀ ਮਾਰਗ ਐੱਨ.ਐੱਚ. 71 ’ਤੇ ਇਸ ‘ਇੰਟਰ ਚੇਂਜ ਜੰਕਸ਼ਨ’ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ, ਪਰਨੀਤ ਕੌਰ ਨੇ ਕਿਹਾ ਕਿ ਇਸ ਦੇ ਬਣਨ ਨਾਲ ਸ੍ਰੀ ਗੁਰੂ ਤੇਗ ਬਹਾਦਰ ਨਾਲ ਸਬੰਧਤ ਇਤਿਹਾਸਕ ਗੁਰਦੁਆਰਿਆਂ, ਸ੍ਰੀ ਕਪਿਲ ਮੁਨੀ ਨਾਲ ਸਬੰਧਤ ਸਥਾਨਾਂ ਅਤੇ ਪਿਹੋਵਾ ਵਿੱਚ ਸਥਿਤ ਇਤਿਹਾਸਕ ਸਥਾਨਾਂ ਨੂੰ ਜਾਣ ਦਾ ਰਸਤਾ ਐਕਸਪ੍ਰੈੱਸ ਵੇਅ ਨਾਲ ਜੁੜ ਜਾਵੇਗਾ। ਉਕਤ ਹਵਾਲਿਆਂ ਨਾਲ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ ’ਚ ਸੰਸਦ ਮੈਂਬਰ ਨੇ ਆਸ ਪ੍ਰਗਟਾਈ ਹੈ ਕਿ ਉਹ ਇਸ ਜੰਕਸ਼ਨ ਰਾਹੀਂ ਸਿੱਖ ਅਤੇ ਹਿੰਦੂ ਧਰਮ ਨਾਲ ਸਬੰਧਤ ਤੀਰਥਾਂ ਦੇ ਅਨੁਯਾਈਆਂ ਨੂੰ ਵੱਡੀ ਰਾਹਤ ਪ੍ਰਦਾਨ ਕਰਨਗੇ, ਤਾਂ ਜੋ ਉਹ ਐਕਸਪ੍ਰੈੱਸ ਵੇਅ ’ਤੇ ਚੱਲਦੇ ਹੋਏ ਸ਼ੁਤਰਾਣਾ ਨੇੜੇ ਸੰਭਾਵੀ ਜੰਕਸ਼ਨ ਰਾਹੀਂ ਆਪੋ ਆਪਣੇ ਇਤਿਹਾਸਕ ਅਤੇ ਪਵਿੱਤਰ ਤੀਰਥਾਂ ਦੇ ਦਰਸ਼ਨਾਂ ’ਚ ਕੋਈ ਅਸੁਵਿਧਾ ਮਹਿਸੂਸ ਨਾ ਕਰਨ।