ਟੈਲੀਗ੍ਰਾਮ ਦੇ ਸੀਈਓ ਦੁਰੋਵ ਖ਼ਿਲਾਫ਼ ਮੁੱਢਲੇ ਦੋਸ਼ ਤੈਅ
ਪੈਰਿਸ, 29 ਅਗਸਤ
ਫਰਾਂਸੀਸੀ ਅਥਾਰਿਟੀਆਂ ਨੇ ਸੋਸ਼ਲ ਮੀਡੀਆ ਮੰਚ ‘ਟੈਲੀਗ੍ਰਾਮ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪਾਵੇਲ ਦੁਰੋਵ ’ਤੇ ਆਪਣੀ ਮੈਸੇਜਿੰਗ ਐਪ ਦੀ ਵਰਤੋਂ ਕਥਿਤ ਅਪਰਾਧਿਕ ਗਤੀਵਿਧੀਆਂ ਕਰਨ ਦੇ ਦੋਸ਼ ਲਾਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਰਹਿਣ ਤੱਕ ਉਸ ਦੇ ਫਰਾਂਸ ਛੱਡਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਫਰਾਂਸੀਸੀ ਅਥਾਰਿਟੀਆਂ ਨੇ ਦੁਰੋਵ ਨੂੰ ਚਾਰ ਦਿਨ ਦੀ ਪੁੱਛ ਪੜਤਾਲ ਤੋਂ ਬਾਅਦ ਬੀਤੇ ਦਿਨ ਪੁਲੀਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ। ‘ਟੈਲੀਗ੍ਰਾਮ’ ਦੀ ਵਰਤੋਂ ਗ਼ੈਰਕਾਨੂੰਨੀ ਗਤੀਵਿਧੀਆਂ ਲਈ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਤੋਂ ਇਹ ਪੁੱਛ ਪੜਤਾਲ ਕੀਤੀ ਗਈ। ਉਨ੍ਹਾਂ ਨੂੰ ਕਥਿਤ 12 ਅਪਰਾਧਾਂ ਦੇ ਸਿਲਸਿਲੇ ’ਚ ਪਿਛਲੇ ਮਹੀਨੇ ਸ਼ੁਰੂ ਕੀਤੀ ਗਈ ਨਿਆਂਇਕ ਜਾਂਚ ਤਹਿਤ ਲੰਘੇ ਸ਼ਨਿਚਰਵਾਰ ਨੂੰ ਪੈਰਿਸ ਦੇ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ ਗਿਆ ਸੀ। ਦੁਰੋਵ ਨੂੰ ਹਿਰਾਸਤ ’ਚ ਲੈਣ ਦੀ ਬੋਲਣ ਦੀ ਆਜ਼ਾਦੀ ਦੇ ਹਮਾਇਤੀਆਂ ਤੇ ਸੱਤਾਵਾਦੀ ਸਰਕਾਰਾਂ ਨੇ ਆਲੋਚਨਾ ਕੀਤੀ ਹੈ। ਇਸ ਕੇਸ ਨੇ ਆਨਲਾਈਨ ਗ਼ੈਰਕਾਨੂੰਨੀ ਗਤੀਵਿਧੀਆਂ ’ਤੇ ਕੰਟਰੋਲ ਦੀ ਚੁਣੌਤੀ ਵੱਲ ਧਿਆਨ ਖਿੱਚਿਆ ਹੈ। ਰੂਸ ’ਚ ਜਨਮੇ ਦੁਰੋਵ ਦੇ ਅਸਧਾਰਨ ਜੀਵਨ ਤੇ ਉਸ ਦੇ ਕਈ ਪਾਸਪੋਰਟ ਹੋਣ ਦੀ ਗੱਲ ਨੇ ਉਸ ਪ੍ਰਤੀ ਰਹੱਸ ਨੂੰ ਹੋਰ ਡੂੰਘਾ ਕਰ ਦਿੱਤਾ ਹੈ।
ਇੱਕ ਅਧਿਕਾਰੀ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੇ ਜੱਜਾਂ ਨੇ ਲੰਘੀ ਰਾਤ ਮੁੱਢਲੇ ਦੋਸ਼ ਦਾਇਰ ਕੀਤੇ। ਦੁਰੋਵ ਨੂੰ 50 ਲੱਖ ਯੂਰੋ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਤੇ ਹਫ਼ਤੇ ਵਿੱਚ ਦੋ ਵਾਰ ਥਾਣੇ ’ਚ ਹਾਜ਼ਰੀ ਲਗਵਾਉਣ ਦਾ ਹੁਕਮ ਦਿੱਤਾ।
ਉਸ ’ਤੇ ਟੈਲੀਗ੍ਰਾਮ ਦੀ ਵਰਤੋਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ, ਧੋਖਾਧੜੀ ਤੇ ਸੰਗਠਿਤ ਅਪਰਾਧ ਨਾਲ ਜੁੜੇ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਸਮੇਤ ਕਈ ਦੋਸ਼ ਲਾਏ ਗਏ ਹਨ। -ਏਪੀ