ਕੋਵਿਡ ਪ੍ਰਤੀ ਇਹਤਿਆਤ
ਸਰਦੀ ਦੀ ਇਸ ਰੁੱਤ ਵਿਚ ਪਨਪ ਰਹੇ ਫਲੂ ਦਾ ਕਾਰਨ ਕਰੋਨਾਵਾਇਰਸ ਦਾ ਇਕ ਰੂਪ ਜੇਐਨ.1 ਹੈ। ਸਭ ਤੋਂ ਪਹਿਲਾ ਮਾਮਲਾ 8 ਦਸੰਬਰ ਨੂੰ ਕੇਰਲ ਵਿਚ ਸਾਹਮਣੇ ਆਇਆ ਪਰ ਧਰਵਾਸ ਦੀ ਗੱਲ ਇਹ ਹੈ ਕਿ ਵਾਇਰਸ ਦੀ ਇਹ ਕਿਸਮ ਕਰੋਨਾ ਵਾਇਰਸ ਦੀ ਇਕ ਹੋਰ ਕਿਸਮ ਓਮੀਕਰੋਨ ਦੀ ਕਮਜ਼ੋਰ ਜਿਹੀ ਉਪ-ਕਿਸਮ ਹੈ ਜਿਸ ਤੋਂ ਬਹੁਤਾ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਪਰ ਇਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਵਧ ਰਹੀ ਤਾਦਾਦ ਦੇ ਮੱਦੇਨਜ਼ਰ ਰੋਕਥਾਮ ਅਤੇ ਚੌਕਸੀ ਦੇ ਕਦਮ ਚੁੱਕਣੇ ਜ਼ਰੂਰੀ ਹੋ ਗਏ ਹਨ। ਬੀਤੇ ਬੁੱਧਵਾਰ ਨੂੰ ਕੋਵਿਡ ਦੇ 600 ਤੋਂ ਵੱਧ ਨਵੇਂ ਕੇਸ ਆਏ ਸਨ ਜੋ 21 ਮਈ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਉੱਚਾ ਅੰਕੜਾ ਹੈ। ਹੁਣ ਐਕਟਿਵ ਕੇਸਾਂ ਦੀ ਸੰਖਿਆ 2600 ਤੋਂ ਜ਼ਿਆਦਾ ਹੋ ਗਈ ਹੈ। ਕੇਸਾਂ ਦੀ ਗਿਣਤੀ ਕੇਰਲ ਵਿਚ ਤੇਜ਼ੀ ਨਾਲ ਵਧ ਰਹੀ ਹੈ ਜਿਸ ਕਾਰਨ ਉਸ ਸੂਬੇ ਵਿਚ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਕੋਵਿਡ ਦਾ ਪ੍ਰੋਟੋਕੋਲ ਕਾਫ਼ੀ ਜਾਣਿਆ ਪਛਾਣਿਆ ਹੈ ਜਿਸ ਵਿਚ ਜਨਤਕ ਤੌਰ ’ਤੇ ਮੂੰਹ ਢੱਕ ਕੇ ਰੱਖਣਾ (ਮਾਸਕ ਪਹਿਨਣਾ) ਬੁਨਿਆਦੀ ਹੈ; ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚੌਕਸੀ ਵਧਾਉਣ ਲਈ ਆਖਿਆ ਗਿਆ ਹੈ; ਇਹ ਹਦਾਇਤ ਵੀ ਦਿੱਤੀ ਗਈ ਹੈ ਕਿ ਜੇ ਕਿਤੇ ਫਲੂ ਵਰਗੇ ਲੱਛਣਾਂ ਦਾ ਪਤਾ ਚਲਦਾ ਹੈ ਤਾਂ ਇਸ ਦੀ ਪੁਸ਼ਟੀ ਕਰਨ ਤੋਂ ਬਾਅਦ ਚਾਰ ਪੰਜ ਦਿਨਾਂ ਲਈ ਸਰੀਰਕ ਦੂਰੀ ਦੇ ਨੇਮ ਦੀ ਪਾਲਣਾ ਯਕੀਨੀ ਬਣਾਈ ਜਾਵੇ ਕਿਉਂਕਿ ਇੰਨੇ ਦਿਨਾਂ ਵਿਚ ਵਾਇਰਸ ਦਾ ਅਸਰ ਖ਼ਤਮ ਹੋ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ ਜੇਐੱਨ.1 ਦੇ ਲੱਛਣ ਹਲਕੇ ਤੋਂ ਦਰਮਿਆਨੇ ਕਿਸਮ ਦੇ ਹੋ ਸਕਦੇ ਹਨ। ਸਰੀਰਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਵਾਇਰਸ ਦੀ ਇਹ ਕਿਸਮ ਹੋਰਨਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ ਅਤੇ ਸਿੰਗਾਪੁਰ, ਮਲੇਸ਼ੀਆ, ਸਪੇਨ, ਅਮਰੀਕਾ ਅਤੇ ਬ੍ਰਾਜ਼ੀਲ ਸਮੇਤ ਲਗਭਗ 35 ਦੇਸ਼ਾਂ ਵਿਚ ਨਿਸਬਤਨ ਤੇਜ਼ੀ ਨਾਲ ਵਧੇ ਕੇਸਾਂ ਪਿੱਛੇ ਇਸੇ ਕਿਸਮ ਦਾ ਹੱਥ ਮੰਨਿਆ ਜਾਂਦਾ ਹੈ। ਅਮਰੀਕੀ ਅਧਿਕਾਰੀਆਂ ਨੇ ਪਹਿਲੀ ਵਾਰ ਸਤੰਬਰ ਵਿਚ ਇਸ ਕਿਸਮ ਦੀ ਸ਼ਨਾਖ਼ਤ ਕੀਤੀ ਸੀ। ਕਰੋਨਾਵਾਇਰਸ ਦੀਆਂ ਕਈ ਕਿਸਮਾਂ ਹਨ ਅਤੇ ਦੁਨੀਆ ਅਜੇ ਤਕ ਇਨ੍ਹਾਂ ਤੋਂ ਮੁਕਤੀ ਹਾਸਲ ਨਹੀਂ ਕਰ ਸਕੀ। ਇਹ ਸਾਹ ਪ੍ਰਣਾਲੀ ਵਿਚ ਵਧਣ ਫੁੱਲਣ ਵਾਲੇ ਵਾਇਰਸ ਹਨ ਜਿਨ੍ਹਾਂ ਵਿਚ ਆਪਣੇ ਆਪ ਨੂੰ ਲੰਮੇ ਸਮੇਂ ਤਕ ਬਚਾਅ ਕੇ ਰੱਖਣ ਦੀ ਸਮਰੱਥਾ ਹੈ। ਇਸ ਨੂੰ ਲੈ ਕੇ ਸਿਹਤ ਸੰਭਾਲ ਦੇ ਪ੍ਰਬੰਧ ਅਕਸਰ ਦਬਾਅ ਵਿਚ ਆ ਜਾਂਦੇ ਹਨ; ਇਸ ਲਈ ਪਹਿਲਾਂ ਤਿਆਰੀ ਕਰਨੀ ਜ਼ਰੂਰੀ ਹੈ। ਇਸ ਘਾਤਕ ਵਾਇਰਸ ਦੇ ਸੰਭਾਵੀ ਖ਼ਤਰੇ ਦੇ ਪੇਸ਼ੇਨਜ਼ਰ ਇਹਤਿਆਤੀ ਪਹੁੰਚ ਅਪਣਾਉਣ ਵਿਚ ਹੀ ਸਮਝਦਾਰੀ ਹੈ।