ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੱਖਣ ਏਸ਼ੀਆ ਖ਼ਿੱਤੇ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ
ਬੀ ਐੱਸ ਚਾਨਾ/ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 9 ਮਈ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੱਖਣ ਏਸ਼ੀਆ ਵਿਚ ਬਣ ਰਹੇ ਮੌਜੂਦਾ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ ਅੱਜ ਸੁੱਖ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕਰਦਿਆਂ ਗੁਰੂ ਚਰਨਾਂ ’ਚ ਬੇਨਤੀ ਕੀਤੀ ਕਿ ਦੱਖਣ ਏਸ਼ੀਆ ਦੇ ਖ਼ਿੱਤੇ ਵਿਚ ਸੁੱਖ ਸ਼ਾਂਤੀ ਕਾਇਮ ਰਹੇ ਅਤੇ ਜੋ ਜੰਗ ਵਰਗੇ ਹਾਲਾਤ ਬਣ ਰਹੇ ਹਨ ਉਹ ਟਲਣ ਤੇ ਜੰਗ ਨਾ ਲੱਗੇ। ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਗਈ ਕਿ ਉਹ ਰਹਿਮਤ ਕਰਦਿਆਂ ਸਮੁੱਚੇ ਸੰਸਾਰ ਦੇ ਅੰਦਰ ਵਸਣ ਵਾਲੀ ਮਨੁੱਖਤਾ, ਜੀਵ ਜੰਤੂਆਂ ਦੀ ਰੱਖਿਆ ਅਤੇ ਕਲਿਆਣ ਕਰਨ। ਇਸਦੇ ਨਾਲ ਹੀ ਅਰਦਾਸ ਕੀਤੀ ਗਈ ਕਿ ਦੱਖਣੀ ਏਸ਼ੀਆ ਖ਼ਿੱਤੇ ਵਿੱਚ ਆਪਸੀ ਪ੍ਰੇਮ, ਪਿਆਰ, ਇਤਫ਼ਾਕ ਅਤੇ ਸੁੱਖ ਸ਼ਾਂਤੀ ਵਧੇ।
ਇਸ ਮੌਕੇ ਅਰਦਾਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਫ਼ਸੀਲ ਦੇ ਸਨਮੁਖ ਗੁਰਬਾਣੀ ਦਾ ਜਾਪ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ, ਪੰਜ ਪਿਆਰੇ ਸਾਹਿਬਾਨ, ਤਖ਼ਤ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਸ. ਹਰਦੇਵ ਸਿੰਘ ਸਮੇਤ ਸਮੂਹ ਸਟਾਫ਼ ਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ।



