ਸ਼ੰਭੂ ਬਾਰਡਰ ’ਤੇ ਮਨਾਇਆ ਅਰਦਾਸ ਦਿਵਸ
ਖੇਤਰੀ ਪ੍ਰਤੀਨਿਧ
ਪਟਿਆਲਾ, 11 ਦਸੰਬਰ
ਦਸ ਮਹੀਨਿਆਂ ਤੋਂ ਸ਼ੰਭੂ ਬਾਰਡਰ ’ਤੇ ਸਰਵਣ ਸਿੰਘ ਪੰਧੇਰ ਤੇ ਹੋਰਾਂ ਦੀ ਅਗਵਾਈ ਹੇਠ ਪੱਕਾ ਮੋਰਚਾ ਲਾ ਕੇ ਡਟੇ ਹੋਏ ਕਿਸਾਨਾਂ ਨੇ ਅੱਜ ਸ਼ੰਭੂ ਬਾਰਡਰ ’ਤੇ ਅਰਦਾਸ ਦਿਵਸ ਮਨਾਇਆ। ਇਸ ਦੌਰਾਨ ਜਿੱਥੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ, ਉਥੇ ਹੀ ਢਾਬੀ ਗੁੱਜਰਾਂ ਬਾਰਡਰ ’ਤੇ 16 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱੱਲੇਵਾਲ ਅਤੇ ਦਿੱਲੀ ਕੂਚ ਦੌਰਾਨ ਜ਼ਖ਼ਮੀ ਹੋਏ ਕਿਸਾਨਾਂ ਸਣੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ। ਉਧਰ, ਇਸੇ ਕੜੀ ਵਜੋਂ ਪਟਿਆਲਾ ਜ਼ਿਲ੍ਹੇ ਸਣੇ ਅਨੇਕਾਂ ਹੋਰਨਾ ਥਾਵਾਂ ਤੋਂ ਵੀ ਲੋਕਾਂ ਵੱਲੋਂ ਗੁਰਦੁਆਰਿਆਂ, ਆਪੋ ਆਪਣੇ ਘਰਾਂ ਅਤੇ ਖੇਤਾਂ ਆਦਿ ਵਿੱਚ ਵੀ ਇਸ ਸਬੰਧੀ ਅਰਦਾਸਾਂ ਕੀਤੀਆਂ ਗਈਆਂ।
ਇਸੇ ਦੌਰਾਨ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਅਰਦਾਸ ਦਿਵਸ ਦੇ ਸੱਦੇ ਨੂੰ ਨਾ ਸਿਰਫ਼ ਪੰਜਾਬ, ਬਲਕਿ ਦੇਸ਼ ਭਰ ਵਿੱਚੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਵੀ ਜਾਣਦੇ ਹਨ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ। ਜਗਜੀਤ ਡੱਲੇਵਾਲ ਦੇ ਹਵਾਲੇ ਨਾਲ ਉਨ੍ਹਾਂ ਨੇ ਢਾਬੀ ਗੁੱਜਰਾਂ ਬਾਰਡਰ ਤੋਂ ਇਲਾਵਾ ਸ਼ੰਭੂ ਬਾਰਡਰ ’ਤੇ ਵੀ ਕੁਝ ਨਾ ਕੁਝ ਵੱਡਾ ਵਾਪਰਨ ਵੱਲ ਇਸ਼ਾਰਾ ਕੀਤਾ ਤੇ ਇਸੇ ਹਵਾਲੇ ਨਾਲ ਕਿਹਾ ਕਿ ਕੇਂਦਰ ਸਰਕਾਰ ਨੂੰ ਪ੍ਰ੍ਰਸਥਿਤੀਆਂ ਨੂੰ ਸਮਝਦਿਆਂ ਵੇਲਾ ਹੱਥੋਂ ਨਿਕਲਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਲੈਣਾ ਚਾਹੀਦਾ ਹੈ।
ਉਨ੍ਹਾਂ ਕੋਲ ਹੀ ਬੈਠੇ ਤੇਜਵੀਰ ਸਿੰਘ ਪੰਜੋਖਰਾ ਦਾ ਕਹਿਣਾ ਸੀ ਕਿ ਜਿਵੇਂ ਏਜੰਸੀਆਂ ਨੇ ਇੱਕ ਵਾਰ ਇਸ ਮੋਰਚੇ ’ਤੇ ਪਹਿਲਾਂ ਵੀ ਹਮਲੇ ਦੀ ਕੋਸ਼ਿਸ ਕੀਤੀ ਸੀ, ਉਸੇ ਹੀ ਤਰ੍ਹਾਂ ਹੁਣ ਕਿਉਂਕਿ ਇਹ ਮੋਰਚਾ ਸਿਖਰਾਂ ’ਤੇ ਪਹੁੰਚ ਚੁੱਕਿਆ ਹੈ, ਇਸ ਕਰਕੇ ਏਜੰਸੀਆਂ ਮਾੜੇ ਅਨਸਰਾਂ ਦੀ ਸ਼ਮੂਲੀਅਤ ਕਰਵਾ ਕੇ ਕੁਝ ਨਾ ਕੁਝ ਕਰਵਾ ਸਕਦੀਆਂ ਹਨ। ਉਨ੍ਹਾਂ ਨੇ 26 ਨਵੰਬਰ ਵਰਗੀ ਘਟਨਾ ਵਾਪਰਨ ਦਾ ਖਦਸ਼ਾ ਪ੍ਰਗਟਾਇਆ।
ਹੁਣ ਮੰਤਰੀਆਂ ’ਤੇ ਵੀ ਯਕੀਨ ਨਹੀਂ: ਪੰਧੇਰ
ਉਧਰ, ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨ ਸਬੰਧੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨੰਗੇ ਪੈਰਾਂ ਨੂੰ ਕੀ ਹੈ ਉਹ ਭਾਵੇਂ ਜੁੱਤੀ ਪਾ ਕੇ ਆ ਜਾਣ, ਪਰ ਕੇਂਦਰ ਦੇ ਵਾਰ-ਵਾਰ ਮੁੱਕਰਨ ਕਰਕੇ ਉਨ੍ਹਾਂ ਨੂੰ ਹੁਣ ਮੰਤਰੀਆਂ ’ਤੇ ਵੀ ਯਕੀਨ ਨਹੀਂ ਰਿਹਾ। ਇਸ ਕਰਕੇ ਹੁਣ ਉਹ ਸਭ ਕੁਝ ਲਿਖਤੀ ਲੈਣਾ ਚਾਹੁੰਦੇ ਹਨ। ਇਸ ਮੌਕੇ ਜਸਵਿੰਦਰ ਲੌਂਗੋਵਾਲ, ਤੇਜਵੀਰ ਪੰਜੋਖਰਾ, ਜੰਗ ਸਿੰਘ ਭਟੇੜੀ, ਬਲਕਾਰ ਬੈਂਸ, ਗੁਰਅਮਨੀਤ ਮਾਂਗਟ, ਮਨਜੀਤ ਰਾਏ ਅਤੇ ਮਨਜੀਤ ਨਿਆਲ ਮੌਜੂਦ ਸਨ।