ਲੋਕ ਸੰਘਰਸ਼ ਦਾ ਜੁਝਾਰੂ ਨਾਇਕ ਪ੍ਰਤਾਪ ਸਿੰਘ ਬਾਗੀ ਜਖੇਪਲ
ਸੰਪੂਰਨ ਸਿੰਘ ਛਾਜਲੀ
ਹਰਮਨਪਿਆਰਾ ਆਗੂ
ਪ੍ਰਤਾਪ ਸਿੰਘ ਬਾਗੀ ਲੋਕ ਸੰਘਰਸ਼ ਦਾ ਜੁਝਾਰੂ ਨਾਇਕ ਸੀ ਜਿਸ ਨੇ ਨਿੱਜ ਤੋਂ ਉੱਪਰ ਉੱਠ ਕੇ ਆਪਣੀ ਪੂਰੀ ਜ਼ਿੰਦਗੀ ਲੋਕ ਹਿੱਤਾਂ ਦੇ ਸੰਘਰਸ਼ਾਂ ਲਈ ਲਾ ਦਿੱਤੀ। ਅੱਜ ਉਹ ਇਸ ਦੁਨੀਆਂ ’ਤੇ ਨਹੀਂ ਰਿਹਾ, ਪਰ ਸੁਤੰਤਰਤਾ ਸੰਗਰਾਮੀਆਂ ਵਿੱਚ ਅੱਜ ਵੀ ਉਸ ਦਾ ਨਾਂ ਮੂਹਰਲੀ ਕਤਾਰ ਵਿੱਚ ਬੋਲਦਾ ਹੈ। ਪ੍ਰਤਾਪ ਸਿੰਘ ਬਾਗੀ ਦਾ ਜਨਮ 29 ਮਈ 1922 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਖੇਪਲ ਚੌਵਾਸ ਵਿਖੇ ਪਿਤਾ ਸੂਬੇਦਾਰ ਕਿਸ਼ਨ ਸਿੰਘ ਸਿੱਧੂ ਅਤੇ ਮਾਤਾ ਹਰ ਕੌਰ ਦੇ ਘਰ ਹੋਇਆ। ਉਹ ਦੋ ਭਰਾਵਾਂ ਅਤੇ ਪੰਜ ਭੈਣਾਂ ਤੋਂ ਛੋਟੇ ਸਨ। ਇਨ੍ਹਾਂ ਦੇ ਜਨਮ ਤੋਂ ਪੰਜ ਛੇ ਸਾਲ ਪਹਿਲਾਂ ਤੋਂ ਪੰਜਾਬ ਵਿੱਚ ਉਥਲ-ਪੁਥਲ ਵਾਲੇ ਹਾਲਾਤ ਸਨ। 1917 ਵਿੱਚ ਅੰਗਰੇਜ਼ ਸਰਕਾਰ ਵੱਲੋਂ ਬਣਾਏ ਰੌਲੈਟ ਐਕਟ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਸੀ, ਪਰ ਪੈਪਸੂ ਪਟਿਆਲਾ ਦੀ ਮਾਲਵਾ ਪੱਟੀ ਵਿੱਚ ਇਸ ਦਾ ਤਿੱਖਾ ਵਿਰੋਧ ਸੀ। ਇਸ ਪਿੱਠਭੂਮੀ ਵਿੱਚੋਂ ਹੀ ਜਲਿਆਂਵਾਲੇ ਬਾਗ਼ ਦਾ ਸਾਕਾ ਹੋਇਆ ਸੀ। ਅਜਿਹੇ ਸੰਦਰਭ ਵਿੱਚ ਉਨ੍ਹਾਂ ਦੀ ਮਾਤਾ ’ਤੇ ਹੋਇਆ ਚੌਗਿਰਦੇ ਦਾ ਅਸਰ ਅਚੇਤ ਤੌਰ ’ਤੇ ਪ੍ਰਤਾਪ ਸਿੰਘ ਬਾਗੀ ਦੇ ਮਨ ’ਤੇ ਪੈਣਾ ਸੁਭਾਵਿਕ ਸੀ। ਪਰਿਵਾਰ ਵਿੱਚ ਸਾਰਿਆਂ ਤੋਂ ਛੋਟਾ ਹੋਣ ਕਾਰਨ ਉਹ ਮਾਪਿਆਂ ਦਾ ਸਭ ਤੋਂ ਲਾਡਲਾ ਪੁੱਤਰ ਸੀ। ਜਵਾਨੀ ਪਹਿਰੇ ਹੀ ਉਹ ਸਿਆਸੀ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗਿਆ ਸੀ। ਇਸ ਸਮੇਂ ਦੌਰਾਨ ਉਸ ਦਾ ਵਿਆਹ ਅਮਰਗੜ੍ਹ ਨੇੜਲੇ ਪਿੰਡ ਲਾਂਗੜੀਆਂ ਦੇ ਸੂਬੇਦਾਰ ਸਰਦਾਰਾ ਸਿੰਘ ਦੀ ਪੜ੍ਹੀ ਲਿਖੀ ਧੀ ਬੀਬੀ ਸਤਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਧੀਆਂ ਜਸਵੀਰ ਕੌਰ, ਜਤਿੰਦਰ ਕੌਰ ਅਤੇ ਇੱਕ ਪੁੱਤਰ ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਨੇ ਜਨਮ ਲਿਆ। ਪ੍ਰਤਾਪ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਦਸਵੀਂ ਸੁਨਾਮ ਦੇ ਸਰਕਾਰੀ ਸਕੂਲ ਤੋਂ ਕੀਤੀ। ਬਾਅਦ ਵਿੱਚ ਗਿਆਨੀ ਪਾਸ ਕਰਨ ਉਪਰੰਤ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਨਕਸ਼ਾਨਵੀਸੀ ਦਾ ਕੋਰਸ ਕੀਤਾ। ਇਸ ਦੌਰਾਨ ਹੀ ਬਾਗੀ ’ਤੇ ਉਸ ਸਮੇਂ ਦੇ ਹਾਲਾਤ ਦਾ ਅਸਰ ਰਿਹਾ ਤੇ ਉਸ ਨੇ ਆਪਣੇ ਜਮਾਤੀ ਕਾਮਰੇਡ ਬਚਨ ਸਿੰਘ ਉਰਫ਼ ਗੁਰਬਚਨ ਸਿੰਘ (ਜੋ ਬਾਅਦ ਵਿੱਚ 1952 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਜੇਲ੍ਹ ਵਿੱਚ ਹੁੰਦਿਆਂ ਹੀ ਚੋਣਾਂ ਜਿੱਤ ਕੇ ਵਿਧਾਇਕ ਬਣ ਗਏ ਸਨ) ਨਾਲ ਮਿਲ ਕੇ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਮਨ ਬਣਾਇਆ ਹੋਇਆ ਸੀ। ਦੋਵੇਂ ਇਕੱਠੇ ਬਰਤਾਨਵੀ ਹਕੂਮਤ ਦੀ ਹਿੰਦੋਸਤਾਨੀ ਫ਼ੌਜ ਵਿੱਚ ਭਰਤੀ ਹੋਣ ਲਈ ਜਲੰਧਰ ਗਏ। ਇੱਥੇ ਹੀ ਉਨ੍ਹਾਂ ਨੇ ਸਿਆਸੀ ਜਲਸੇ ਵਿੱਚ ਉੱਘੇ ਆਗੂ ਤੇਜਾ ਸਿੰਘ ਸੁਤੰਤਰ ਦੇ ਵਿਚਾਰ ਸੁਣੇ ਜਿਸ ਨੇ ਉਨ੍ਹਾਂ ਦੇ ਜੀਵਨ ਨੂੰ ਇਨਕਲਾਬੀ ਜਾਗ ਲਗਾਈ। ਗਿਆਨੀ ਬਚਨ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਕੇ ਦੇਸ਼ ਸੇਵਾ ਕਰਨ ਦਾ ਮਨ ਬਣਾ ਲਿਆ।
ਦੇਸ਼ ਵੰਡ ਸਮੇਂ ਮਨੁੱਖਤਾ ਦਾ ਘਾਣ ਹੋਇਆ। ਉਸ ਸਮੇਂ ਪ੍ਰਤਾਪ ਸਿੰਘ ਬਾਗੀ ਅਤੇ ਬਚਨ ਸਿੰਘ ਦੇ ਉਪਰਾਲਿਆਂ ਸਦਕਾ ਪਿੰਡ ਬਖਸ਼ੀਵਾਲਾ ਅਤੇ ਜਖੇਪਲ ਵਿੱਚ ਮੁਸਲਮਾਨ ਪਰਿਵਾਰਾਂ ਦੇ ਕਿਸੇ ਵੀ ਜੀਅ ਦਾ ਨੁਕਸਾਨ ਨਹੀਂ ਹੋਇਆ। ਇਸ ਬਹਾਦਰੀ ਨਾਲ ਉਨ੍ਹਾਂ ਨੇ ਸੱਚੇ ਮਾਨਵਵਾਦੀ ਹੋਣ ਦਾ ਸਬੂਤ ਪੇਸ਼ ਕੀਤਾ। ਇਸ ਸਮੇਂ ਪੈਪਸੂ ਦੇ ਹੋਂਦ ਵਿੱਚ ਆਉਣ ਉਪਰੰਤ ਇਸ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਨੂੰ ਬਣਾਇਆ ਗਿਆ ਸੀ। ਪੈਪਸੂ ਦੀ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਰਾੜੇਵਾਲਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਮਗਰੋਂ ਕਾਂਗਰਸੀ ਆਗੂ ਕਰਨਲ ਰਘਵੀਰ ਸਿੰਘ ਨੂੰ ਪੈਪਸੂ ਦਾ ਮੁੱਖ ਮੰਤਰੀ ਬਣਾਇਆ ਗਿਆ। 1954 ਵਿੱਚ ਕਰਨਲ ਰਘਵੀਰ ਸਿੰਘ ਦੀ ਮੌਤ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵਿੱਚ ਪ੍ਰਤਾਪ ਸਿੰਘ ਬਾਗੀ ਨੂੰ ਸੁਨਾਮ ਸੀਟ ਅਤੇ ਗੁਰਬਚਨ ਸਿੰਘ ਨੂੰ ਲਹਿਰਾ ਸੀਟ ’ਤੇ ਚੋਣ ਲੜਾਈ ਗਈ। ਇਸ ਸਮੇਂ ਪ੍ਰਤਾਪ ਸਿੰਘ ਬਾਗੀ ਹਰਮਨ ਪਿਆਰਾ ਨੇਤਾ ਬਣ ਚੁੱਕਾ ਸੀ। ਦਿੜ੍ਹਬਾ ਤੇ ਭਵਾਨੀਗੜ੍ਹ ਵਿਧਾਨ ਸਭਾ ਹਲਕਾ ਸੁਨਾਮ ਦਾ ਹਿੱਸਾ ਸਨ ਅਤੇ ਪ੍ਰਤਾਪ ਸਿੰਘ ਬਾਗੀ ਇਨ੍ਹਾਂ ਇਲਾਕਿਆਂ ਵਿੱਚ ਜਾਣਿਆ-ਪਛਾਣਿਆ ਆਗੂ ਸੀ। ਉਸ ਸਮੇਂ ਲੋਕਾਂ ਨੂੰ ਵਿਸ਼ਵਾਸ ਸੀ ਕਿ ਪ੍ਰਤਾਪ ਸਿੰਘ ਬਾਗੀ ਇੱਕ ਅਜਿਹਾ ਕੱਦਾਵਰ ਨੇਤਾ ਹੈ ਜਿਹੜਾ ਸੁਨਾਮ ਅਸੈਂਬਲੀ ਦੀ ਸੀਟ ਸਹਿਜੇ ਹੀ ਜਿੱਤ ਸਕਦਾ ਹੈ ਪਰ ਸੂਬਾਈ ਪਾਰਟੀ ਦੇ ਫ਼ੈਸਲਿਆਂ ਨੂੰ ਮੁੱਖ ਰੱਖਦਿਆਂ ਦੋਵੇਂ ਸੀਟਾਂ ਹਾਰਨ ਉਪਰੰਤ ਦੋਵਾਂ ਮਿੱਤਰਾਂ ਦੇ ਸਬੰਧ ਸੁਖਾਵੇਂ ਨਾ ਰਹੇ ਅਤੇ ਬਾਅਦ ਵਿੱਚ ਇਸ ਦੇ ਮਾੜੇ ਨਤੀਜੇ ਨਿਕਲੇ। ਦਰਅਸਲ, ਪਾਰਟੀ ਅੰਦਰ ਖਿੱਚੋਤਾਣ ਨਾ ਹੁੰਦੀ ਤਾਂ ਬਾਗੀ ਨੇ ਇਹ ਸੀਟ ਜ਼ਰੂਰ ਜਿੱਤ ਲੈਣੀ ਸੀ। ਇਹ ਸੰਭਾਵਨਾ ਹੈ ਕਿ ਲਹਿਰੇ ਵਾਲੀ ਸੀਟ ’ਤੇ ਗਿਆਨੀ ਗੁਰਬਚਨ ਸਿੰਘ ਬਖਸ਼ੀਵਾਲਾ ਦੇ ਜਿੱਤਣ ਕਾਰਨ ਪਾਰਟੀ ਹੋਰ ਮਜ਼ਬੂਤ ਹੋ ਜਾਂਦੀ। ਇਸ ਚੋਣ ਮੁਹਿੰਮ ਵਿੱਚ ਖ਼ਾਸ ਤੌਰ ’ਤੇ ਮਰਹੂਮ ਕਰਨੈਲ ਸਿੰਘ ਪਾਰਸ ਅਤੇ ਅਮਰਜੀਤ ਗੁਰਦਾਸਪੁਰੀ ਦੇ ਨਾਲ ਨਾਲ ਪ੍ਰੋਫੈਸਰ ਰਮੇਸ਼ ਬਾਲੀਆ, ਦਵਿੰਦਰ ਮਾਨਖੇੜਾ ਐਮ.ਏ, ਬਾਬਾ ਹਰਨਾਮ ਸਿੰਘ ਧਰਮਗੜ੍ਹ, ਲਹੌਰੀ ਰਾਮ ਪ੍ਰਦੇਸੀ, ਬਹਾਦਰ ਸਿੰਘ ਹਰੀਗੜ੍ਹ, ਗੁਰਬਚਨ ਸਿੰਘ ਰਾਹੀ, ਪ੍ਰੇਮ ਸਿੰਘ ਲਗਨ, ਪਿੰਡ ਛਾਜਲੀ ਤੋਂ ਬੁੱਗਰ ਸਿੰਘ, ਟੇਕ ਸਿੰਘ ਅਤੇ ਇੰਦਰ ਸਿੰਘ, ਹਰਨਾਮ ਸਿੰਘ ਛਾਹੜ ਜਿਹੇ ਪਾਰਟੀ ਆਗੂਆਂ ਨੇ ਬਾਗੀ ਦੀ ਜਿੱਤ ਲਈ ਪੂਰਾ ਤਾਣ ਲਾਇਆ। ਬਾਅਦ ਵਿੱਚ ਬਲਾਕ ਸੰਮਤੀ ਚੀਮਾ ਦੀ ਚੋਣ ਸਮੇਂ ਪਿੰਡ ਜਖੇਪਲ ਤੇ ਬਖਸ਼ੀਵਾਲਾ ਚੀਮਾ ਵਿੱਚ ਪੈਂਦੇ ਸਨ। ਉਸ ਸਮੇਂ ਵੀ ਬਲਾਕ ਸੰਮਤੀ ਦੀ ਚੇਅਰਮੈਨੀ ਨੂੰ ਲੈ ਕੇ ਦੋ ਗਰੁੱਪ ਬਣੇ ਜਿਸ ਵਿੱਚੋਂ ਇੱਕ ਦੀ ਗਿਆਨੀ ਗੁਰਬਚਨ ਸਿੰਘ ਤੇ ਦੂਜੇ ਦੀ ਪ੍ਰਤਾਪ ਸਿੰਘ ਬਾਗੀ ਅਗਵਾਈ ਕਰ ਰਹੇ ਸਨ। ਉਸ ਸਮੇਂ ਪ੍ਰਤਾਪ ਸਿੰਘ ਬਾਗੀ ਨੇ ਆਪਣੇ ਬਹੁਗਿਣਤੀ ਮੈਂਬਰ ਆਪਣੇ ਮਿੱਤਰ ਨਿਰੰਜਣ ਸਿੰਘ ਚੀਮਾ ਦੇ ਫਾਰਮ ਹਾਊਸ ਵਿੱਚ ਇਕੱਠੇ ਕਰ ਲਏ ਜਿਸ ਦਾ ਗਿਆਨੀ ਬਚਨ ਸਿੰਘ ਨੂੰ ਪਤਾ ਲੱਗ ਗਿਆ। ਇਸ ’ਤੇ ਗਿਆਨੀ ਬਚਨ ਸਿੰਘ ਨੇ ਪੰਜਾਬ ਦੇ ਉੱਘੇ ਸਿਆਸਤਦਾਨ ਗਿਆਨੀ ਕਰਤਾਰ ਸਿੰਘ ਨਾਲ ਤਾਲਮੇਲ ਕਰ ਕੇ ਉਸ ਰਾਹੀਂ ਕਈ ਬਹੁਸੰਮਤੀ ਮੈਂਬਰ ਬਾਗੀ ਦੇ ਗਰੁੱਪ ਨਾਲੋਂ ਵੱਖਰੇ ਕਰ ਲਏ। ਬਾਗੀ ਨੂੰ ਚੇਅਰਮੈਨ ਬਣਾਉਣ ਦੀ ਵਾਅਦਾਖ਼ਿਲਾਫੀ ਕਰਦਿਆਂ ਗਿਆਨੀ ਕਰਤਾਰ ਸਿੰਘ ਦਾ ਹੁਕਮ ਮੰਨ ਕੇ ਨਿਰੰਜਣ ਸਿੰਘ ਆਪ ਹੀ ਇਸ ਅਹੁਦੇ ’ਤੇ ਕਾਬਜ਼ ਹੋ ਗਏ। ਇਸ ਤਰ੍ਹਾਂ ਦੋਵਾਂ ਵਿੱਚ ਆਪਸੀ ਰੰਜ਼ਿਸ਼ ਹੋਰ ਵਧ ਗਈ ਜਿਸ ਨਾਲ ਪਾਰਟੀ ਦਾ ਪ੍ਰਭਾਵ ਪੇਤਲਾ ਹੁੰਦਾ ਗਿਆ। ਅਖੀਰ ਦੋਵਾਂ ਨੂੰ ਕਮਿਊਨਿਸਟ ਪਾਰਟੀ ਵਿੱਚ ਰਹਿ ਕੇ ਕੰਮ ਕਰਨਾ ਅਸੰਭਵ ਹੋ ਗਿਆ ਜਿਸ ਕਰਕੇ ਦੋਵੇਂ ਹੀ ਪਾਰਟੀ ਤੋਂ ਕਨਿਾਰਾ ਕਰ ਗਏ। 1956 ਵਿੱਚ ਕਮਿਊਨਿਸਟ ਪਾਰਟੀ ਦੀ ਪਾਲਘਾਟ ਵਿਖੇ ਹੋਈ ਮੀਟਿੰਗ ਸਮੇਂ ਪਾਰਟੀ ਨੇ ਆਪਣਾ ਰਾਜਨੀਤਕ ਉਦੇਸ਼ ਭਾਰਤੀ ਸੰਵਿਧਾਨ ਤਹਿਤ ਰਹਿ ਕੇ ਪੂਰਾ ਕਰਨ ਦਾ ਨਿਰਣਾ ਲਿਆ। ਉਸ ਕਾਨਫਰੰਸ ਦੌਰਾਨ ਪੰਜਾਬ ਵੱਲੋਂ ਡੈਲੀਗੇਟ ਜਗਜੀਤ ਸਿੰਘ ਆਨੰਦ ਅਤੇ ਪ੍ਰਤਾਪ ਸਿੰਘ ਬਾਗੀ ਹੋਰਾਂ ਨੇ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰਾਂ ਦੀ ਇੱਛਾ ਅਨੁਸਾਰ ਸਟੈਡ ਨਾ ਲਿਆ। ਇਸ ਕਰਕੇ ਇਨ੍ਹਾਂ ’ਤੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਦੋਸ਼ ਲਾ ਕੇ ਪਾਰਟੀ ’ਚੋਂ ਬਰਖਾਸਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਫ਼ੈਸਲੇ ਖ਼ਿਲਾਫ ਬਾਗੀ ਨੇ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਕੋਲ ਅਪੀਲ ਕੀਤੀ ਜੋ ਮਨਜ਼ੂਰ ਹੋ ਗਈ। ਬਾਗੀ ਦੀ ਪਾਰਟੀ ਮੈਂਬਰਸ਼ਿਪ ਬਹਾਲ ਕਰਨ ਉਪਰੰਤ ਭਾਵੇਂ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ, ਪਰ ਅੰਦਰੂਨੀ ਵਿਰੋਧ ਜਾਰੀ ਰਿਹਾ। ਸਿੱਟੇ ਵਜੋਂ ਸੀ.ਪੀ.ਆਈ. ਦੀ ਪਿੰਡ ਬੇਨੜਾ (ਸੰਗਰੂਰ) ਵਿਖੇ ਹੋਈ ਕਾਨਫਰੰਸ ਦੌਰਾਨ ਉਸ ਨੂੰ ਬਾਗੀ ਸੁਰ ਕਾਰਨ ਕਾਨਫਰੰਸ ਵਿੱਚੋਂ ਬਾਹਰ ਜਾਣ ਦਾ ਇਲਜ਼ਾਮ ਲਾ ਕੇ ਪਾਰਟੀ ਵਿੱਚੋਂ ਖਾਰਜ ਕਰ ਦਿੱਤਾ ਗਿਆ। ਪ੍ਰਤਾਪ ਸਿੰਘ ਬਾਗੀ ਚੇਤਨ ਅਤੇ ਸੰਵੇਦਨਸ਼ੀਲ ਹੋਣ ਕਾਰਨ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਦੇ ਪੈਰੋਕਾਰ ਬਣੇ ਸਨ, ਪਰ ਸਮੇਂ ਦੀ ਲੀਡਰਸ਼ਿਪ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਰਾਸ ਨਾ ਆਈ। ਇਸ ਕਰਕੇ ਉਨ੍ਹਾਂ ਨੂੰ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਸਹਿਯੋਗ ਲੈਣਾ ਪਿਆ। ਬਾਗੀ ਨੇ ਬੇਨਤੀ ਕੀਤੀ ਕਿ ਉਹ ਸੁਨਾਮ ਇਲਾਕੇ ਵਿੱਚ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਤਾਂ ਸ੍ਰੀ ਕੈਰੋਂ ਨੇ ਪ੍ਰਤਾਪ ਸਿੰਘ ਬਾਗੀ ਨੂੰ ਆਨਰੇਰੀ ਸਬ ਰਜਿਸਟਰਾਰ ਸੁਨਾਮ ਨਿਯੁਕਤ ਕੀਤਾ। ਇਸ ਅਹੁਦੇ ’ਤੇ ਰਹਿ ਕੇ ਬਾਗੀ ਨੇ ਅਨੇਕਾਂ ਲੋਕਾਂ ਦਾ ਭਲਾ ਕੀਤਾ, ਪਰ ਸ. ਕੈਰੋਂ ਦੇ ਦੇਹਾਂਤ ਮਗਰੋਂ ਉਹ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਰਗਮ ਸਿਆਸਤ ਵਿੱਚ ਮੁੜ ਕੁੱਦ ਪਿਆ।
1964 ਵਿੱਚ ਪ੍ਰਤਾਪ ਸਿੰਘ ਕੈਰੋਂ ਦੇ ਦੇਹਾਂਤ ਮਗਰੋਂ ਪ੍ਰਤਾਪ ਸਿੰਘ ਬਾਗੀ ਦੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਬਾਬੂ ਬ੍ਰਿਸ਼ਭਾਨ ਨਾਲ ਵੀ ਚੰਗੇ ਸਬੰਧ ਨਾ ਰਹੇ। ਦਰਅਸਲ, ਸ੍ਰੀ ਕੈਰੋਂ ਦੀ ਮੌਤ ਮਗਰੋਂ ਬਾਗੀ ਸਮੇਤ ਕੈਰੋਂ ਧੜੇ ਦੇ ਮੈਂਬਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ, ਬਾਗੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਫਤਹਿ ਸਿੰਘ ਕੋਲ ਲੈ ਗਏ। ਉਨ੍ਹਾਂ ਨੇ ਬਾਗੀ ਨੂੰ ਆਪਣੇ ਸਿਆਸੀ ਸਕੱਤਰ ਵਜੋਂ ਅਤੇ ਨਾਲ ਹੀ ਅਕਾਲੀ ਦਲ ਨਾਲ ਸਬੰਧਿਤ ਅਖ਼ਬਾਰ ‘ਕੌਮੀ ਦਰਦ’ ਦੀ ਸੰਪਦਾਕੀ ਦੀ ਜ਼ਿੰਮੇਵਾਰੀ ਸੌਂਪੀ। ਇਸ ਦੌਰਾਨ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਸੰਤ ਫਤਹਿ ਸਿੰਘ ਨੇ ਮਰਨ ਵਰਤ ਰੱਖਿਆ ਤਾਂ ਬਾਗੀ ਨੇ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ। ਪ੍ਰਤਾਪ ਸਿੰਘ ਬਾਗੀ ਦੀ ਕਾਬਲੀਅਤ ਦੇਖ ਕੇ ਉਸ ਨੂੰ ਸੰਗਰੂਰ ਦੀ ਪਾਰਲੀਮੈਂਟ ਸੀਟ ਦੇਣ ਦਾ ਵਾਅਦਾ ਕੀਤਾ ਗਿਆ, ਪਰ 1967 ਦੀਆਂ ਲੋਕ ਸਭਾ ਚੋਣਾਂ ਆਉਣ ’ਤੇ ਨਿਰਲੇਪ ਕੌਰ ਨੂੰ ਟਿਕਟ ਦੇ ਦਿੱਤੀ ਗਈ। ਇਸ ’ਤੇ ਬਾਗੀ ਦੇ ਮਨ ਨੂੰ ਵੱਡੀ ਠੇਸ ਪੁੱਜੀ ਤਾਂ ਉਹ ਰੋਸ ਵਜੋਂ ਆਪਣੇ ਸਾਥੀ ਜ਼ਿਲ੍ਹਾ ਜਥੇਦਾਰ ਸਿਵਦਰਸ਼ਨ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਸੰਤ ਫਤਹਿ ਸਿੰਘ ਨੂੰ ਛੱਡ ਕੇ ਮਾਸਟਰ ਤਾਰਾ ਸਿੰਘ ਦੇ ਅਕਾਲੀ ਵਿੱਚ ਸ਼ਾਮਿਲ ਹੋ ਗਿਆ। ਮਾਸਟਰ ਤਾਰਾ ਸਿੰਘ ਨੇ ਸੰਗਰੂਰ ਲੋਕ ਸਭਾ ਦੀ ਟਿਕਟ ਲਈ ਬਾਗੀ ਦੇ ਨਾਂ ਦਾ ਐਲਾਨ ਕੀਤਾ। ਬਾਗੀ ਨੇ ਪੂਰੀ ਤਨਦੇਹੀ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਅਹਿਮ ਕਾਰਜ ਕਰਕੇ ਆਪਣਾ ਫ਼ਰਜ਼ ਨਿਭਾਇਆ ਅਤੇ ਆਪਣੀ ਦਸ ਏਕੜ ਜ਼ਮੀਨ ਵੀ ਇਸ ਚੋਣ ਦੇ ਲੇਖੇ ਲਾ ਦਿੱਤੀ। ਹਰੇਕ ਵਿਸ਼ੇ ਦਾ ਗਿਆਨ ਅਤੇ ਸ਼ਬਦਾਂ ਤੇ ਚੰਗੀ ਪਕੜ ਹੋਣ ਕਾਰਨ ਪ੍ਰਤਾਪ ਸਿੰਘ ਬਾਗੀ ਨੂੰ ਭਾਸ਼ਣ ਕਲਾ ਦੀ ਮੁਹਾਰਤ ਹਾਸਲ ਸੀ। ਉਸ ਦਾ ਭਾਸ਼ਣ ਹਰੇਕ ਦੇ ਦਿਲ ਵਿੱਚ ਖੁੱਭ ਜਾਂਦਾ ਸੀ। 1997 ਵਿੱਚ ਇੱਕ ਦਨਿ ਪ੍ਰਤਾਪ ਸਿੰਘ ਬਾਗੀ ਸੁਨਾਮ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਆਪਣੇ ਸਾਥੀ ਗਿਆਨੀ ਬਚਨ ਸਿੰਘ ਬਖਸ਼ੀਵਾਲਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਭਾਸ਼ਣ ਦੇ ਰਿਹਾ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂੁਰੀ ਵਿੱਚ ਅਚਾਨਕ ਹੀ ਅਕਾਲ ਚਲਾਣਾ ਕਰ ਗਿਆ। ਉਸ ਦੀ ਮੌਤ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਸੰਪਰਕ: 97793-94760