ਪ੍ਰਸ਼ਾਂਤ ਕਿਸ਼ੋਰ ਵੱਲੋਂ ਬਿਹਾਰ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਰੱਦ ਕਰਵਾਉਣ ਲਈ ਮਰਨ ਵਰਤ ਸ਼ੁਰੂ
ਪਟਨਾ, 2 ਜਨਵਰੀ
ਜਨ ਸਵਰਾਜ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਬਿਹਾਰ ਲੋਕ ਸੇਵਾ ਕਮਿਸ਼ਨ (ਬੀਪੀਐੱਸਸੀ) ਵੱਲੋਂ 13 ਦਸੰਬਰ ਨੂੰ ਲਈ ਪ੍ਰੀਖਿਆ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਗਾਂਧੀ ਮੈਦਾਨ ਵਿਚ ਮਰਨ ਵਰਤ ਉੱਤੇ ਬੈਠ ਗਏ ਹਨ। ਕਿਸ਼ੋਰ ਨੇ ਨਿਤੀਸ਼ ਕੁਮਾਰ ਸਰਕਾਰ ਨੂੰ ‘48 ਘੰਟੇ ਦਾ ਅਲਟੀਮੇਟਮ’ ਦਿੰਦਿਆਂ ਤਿੰਨ ਦਿਨ ਪਹਿਲਾਂ ਇਤਿਹਾਸਕ ਗਾਂਧੀ ਮੈਦਾਨ ਤੋਂ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਕਾਬਿਲੇਗੌਰ ਹੈ ਕਿ ਪੀੜਤ ਉੁਮੀਦਵਾਰਾਂ ਨੇ ਪੇਪਰ ਲੀਕ ਦੇ ਹਵਾਲੇ ਨਾਲ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਸੀ। ਉਧਰ ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਗਾਂਧੀ ਮੈਦਾਨ ਉੱਤੇ ਮਰਨ ਵਰਤ ਰੱਖਣਾ ਗ਼ੈਰਕਾਨੂੰਨੀ ਹੈ ਕਿਉਂਕਿ ਇਹ ਧਰਨੇ ਪ੍ਰਦਰਸ਼ਨਾਂ ਲਈ ਨਿਰਧਾਰਿਤ ਥਾਂ ਨਹੀਂ ਹੈ।
ਗਾਂਧੀ ਮੈਦਾਨ ਉੱਤੇ ਆਪਣੇ ਹਮਾਇਤੀਆਂ ਵਿਚ ਘਿਰੇ ਕਿਸ਼ੋਰ ਨੇ ਕਿਹਾ, ‘‘ਮੇਰੀ ਮੁੱਖ ਮੰਗ 13 ਦਸੰਬਰ ਨੂੰ ਲਈ ਪ੍ਰੀਖਿਆ ਰੱਦ ਕਰ ਕੇ ਨਵੇਂ ਸਿਰੇ ਤੋਂ ਪ੍ਰੀਖਿਆ ਲੈਣ ਬਾਰੇ ਹੈ। ਮੈਨੂੰ ਪਤਾ ਲੱਗਾ ਹੈ ਕਿ ਜਿਨ੍ਹਾਂ ਪੋਸਟਾਂ ਲਈ ਪ੍ਰੀਖਿਆ ਲਈ ਗਈ ਹੈ, ਉਨ੍ਹਾਂ ਦੀ ਵਰਚੁਅਲੀ ਵੇਚ-ਵੱਟ ਕੀਤੀ ਜਾ ਰਹੀ ਹੈ। ਅਜਿਹੇ ਭ੍ਰਿਸ਼ਟ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾਵੇ।’’ ਕਿਸ਼ੋਰ ਨੇ ਮੰਗ ਕੀਤੀ ਕਿ ਪਿਛਲੇ ਦਸ ਸਾਲਾਂ ਦੌਰਾਨ ਲਈਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਸਾਬਕਾ ਚੋਣ ਰਣਨੀਤੀਕਾਰ ਨੇ ਦਾਅਵਾ ਕੀਤਾ ਕਿ ਸਰਕਾਰ ਪੇਪਰ ਲੀਕ ਲਈ ਜ਼ਿੰਮੇਵਾਰ ਸਿੱਖਿਆ ਮਾਫ਼ੀਆ ਨੂੰ ਨੱਥ ਪਾਉਣ ਵਿਚ ਨਾਕਾਮ ਰਹੀ ਹੈ। ਉਧਰ ਸੀਪੀਆਈ(ਐੱਮਐੱਲ) ਲਿਬਰੇਸ਼ਨ ਨੇ ਐਲਾਨ ਕੀਤਾ ਕਿ ਉਸ ਦੇ ਵਿਦਿਆਰਥੀ ਵਿੰਗ ‘ਆਇਸਾ’ ਵੱਲੋਂ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਬੀਪੀਐੱਸਸੀ ਵੱਲੋਂ 13 ਦਸੰਬਰ ਨੂੰ ਲਈ ਪ੍ਰੀਖਿਆ ਵਿਚ ਪੰਜ ਲੱਖ ਦੇ ਕਰੀਬ ਉਮੀਦਵਾਰ ਬੈਠੇ ਸਨ ਤੇ ਇਸ ਦੌਰਾਨ ਬਾਪੂ ਪਰਿਕਸ਼ਾ ਪਰੀਸਰ ਵਿਚ ਪ੍ਰੀਖਿਆ ਦੇਣ ਆਏ ਸੈਂਕੜੇ ਪ੍ਰੀਖਿਆਰਥੀਆਂ ਨੇ ਕਥਿਤ ਪੇਪਰ ਲੀਕ ਹੋਣ ਕਰਕੇ ਪ੍ਰੀਖਿਆ ਦਾ ਬਾਈਕਾਟ ਕੀਤਾ ਸੀ। ਬਿਹਾਰ ਲੋਕ ਸੇਵਾ ਕਮਿਸ਼ਨ ਨੇ ਹਾਲਾਂਕਿ ਪੇਪਰ ਲੀਕ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਦੋਸ਼ ਮਹਿਜ਼ ਪ੍ਰੀਖਿਆ ਰੱਦ ਕਰਵਾਉਣ ਦੀ ਸਾਜ਼ਿਸ਼ ਤਹਿਤ ਲਾਏ ਗਏ ਹਨ। ਬਾਪੂ ਪਰਿਕਸ਼ਾ ਪਰੀਸਰ ਵਿਚ ਪ੍ਰੀਖਿਆ ਦੇਣ ਵਾਲੇ 10 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਹੁਣ 4 ਜਨਵਰੀ ਨੂੰ ਸ਼ਹਿਰ ਦੇ 22 ਵੱਖ ਵੱਖ ਕੇਂਦਰਾਂ ਵਿਚ ਪ੍ਰੀਖਿਆ ਵਿਚ ਬੈਠਣ ਲਈ ਕਿਹਾ ਗਿਆ ਹੈ। -ਪੀਟੀਆਈ