‘ਸਵੱਛ ਕੰਜਕ ਪੂਜਾ’ ਮੌਕੇ 500 ਤੋਂ ਵੱਧ ਬੱਚੀਆਂ ਨੂੰ ਪ੍ਰਸ਼ਾਦ ਵੰਡਿਆ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਵੱਲੋਂ ਨਵਰਾਤਰਿਆਂ ਦੌਰਾਨ ਕੰਜਕ ਪੂਜਾ ਦੀ ਰਵਾਇਤ ਤਹਿਤ ਅਤੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਜ਼ੀਰੋ ਵੇਸਟ ‘ਸਵੱਛ ਕੰਜਕ ਪੂਜਾ’ ਸਬੰਧੀ ਸਮਾਗਮ ਕੀਤਾ ਗਿਆ। ਇੱਥੇ ਸੈਕਟਰ 38 ਵੈਸਟ ਨੇੜੇ ਸ਼ਾਹਪੁਰ ਕਲੋਨੀ ਵਿੱਚ ਕੀਤੇ ਗਏ ਇਸ ਸਮਾਗਮ ਦੌਰਾਨ ਮੇਅਰ ਕੁਲਦੀਪ ਕੁਮਾਰ ਨੇ ਕੌਂਸਲਰ ਦਮਨਪ੍ਰੀਤ ਸਿੰਘ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ‘ਸਵੱਛ ਕੰਜਕ ਪੂਜਾ’ ਦੌਰਾਨ 500 ਤੋਂ ਵੱਧ ਬੱਚੀਆਂ ਲਈ ਪ੍ਰਸ਼ਾਦ ਦੀ ਸੇਵਾ ਕੀਤੀ। ਇਸ ਮੌਕੇ ਕੁਲਦੀਪ ਕੁਮਾਰ ਨੇ ਕਿਹਾ, ‘‘ਇਹ ਪਹਿਲਕਦਮੀ ਨਾ ਸਿਰਫ਼ ਸਾਡੀਆਂ ਅਮੀਰ ਸੱਭਿਆਚਾਰਕ ਪਰੰਪਰਾਵਾਂ ਦਾ ਸਨਮਾਨ ਕਰਦੀ ਹੈ ਸਗੋਂ ਸਾਡੇ ਬੱਚਿਆਂ ਨੂੰ ਸਵੱਛਤਾ ਅਤੇ ਸਥਿਰਤਾ ਦੀ ਮਹੱਤਤਾ ਵੀ ਸਿਖਾਉਂਦੀ ਹੈ। ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਕਰ ਕੇ ਜਿਵੇਂ ਕਿ ਕੂੜੇ-ਕਰਕਟ ਨੂੰ ਸਹੀ ਢੰਗ ਨਾਲ ਵੱਖ ਕਰਨਾ ਅਤੇ ਜ਼ੀਰੋ ਵੇਸਟ ਜੀਵਨ ਸ਼ੈਲੀ ਅਪਣਾ ਕੇ ਅਸੀਂ ਇੱਕ ਹਰਿਆ-ਭਰਿਆ ਸ਼ਹਿਰ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਾਂ ਅਤੇ ਆਉਣ ਵਾਲੇ ਸਵੱਛ ਸਰਵੇਖਣ 2024 ਵਿੱਚ ਆਪਣੀ ਰੈਂਕਿੰਗ ਵਿੱਚ ਸੁਧਾਰ ਕਰ ਸਕਦੇ ਹਾਂ।’’ ਨਗਰ ਨਿਗਮ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ ‘ਸਵੱਛ ਕੰਜਕ ਪੂਜਾ’ ਦੀ ਸਫਲਤਾ ਇੱਕ ਸਵੱਛ ਤੇ ਵਧੇਰੇ ਜ਼ਿੰਮੇਵਾਰ ਸਮਾਜ ਬਣਾਉਣ ਲਈ ਨਗਰ ਨਿਗਮ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ‘ਸਵੱਛ ਕੰਜਕ ਪੂਜਾ’ ਜ਼ੀਰੋ ਵੇਸਟ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਕੀਤਾ ਗਿਆ।