ਪ੍ਰਨੀਤ ਕੌਰ ਦੀ ਹਾਰ ਦਾ ਡੂੰਘਾਈ ਨਾਲ ਮੰਥਨ ਕਰਨ ਦੀ ਲੋੜ: ਹਰਪਾਲਪੁਰ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੂਨ
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਹੋਈ ਹਾਰ ਨੂੰ ਸ਼ੱਕੀ ਦੱਸਦਿਆਂ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਇਸ ਸਬੰਧੀ ਪਾਰਟੀ ਵਿਚਲੀਆਂ ਕੁਝ ਕਾਲੀਆਂ ਭੇਡਾਂ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਇਸ ਸਬੰਧੀ ਡੂੰਘਾਈ ਨਾਲ ਮੰਥਨ ਕਰਨ ਦੀ ਲੋੜ ਹੈ।
ਇੱਥੇ ਜਾਰੀ ਪ੍ਰੈੱਸ ਬਿਆਨ ’ਚ ਹਰਪਾਲਪੁਰ ਨੇ ਕਿਹਾ ਕਿ ਵਰਕਰਾਂ ਨੇ ਅਤਿ ਦੀ ਗਰਮੀ ’ਚ ਅਤੇ ਵਿਰੋਧੀਆਂ ਦੇ ਹਰ ਤਰ੍ਹਾਂ ਦੇ ਸਖ਼ਤ ਵਿਰੋਧ ਨੂੰ ਝੱਲਦਿਆਂ ਪ੍ਰਨੀਤ ਕੌਰ ਨੂੰ ਜਿੱਤ ਦੇ ਨੇੜੇ ਲਿਆਂਦਾ ਸੀ, ਪਰ ਪਾਰਟੀ ਅੰਦਰ ਬੈਠੀਆਂ ਕੁਝ ਕਾਲੀਆ ਭੇਡਾਂ ਨੇ ਪਾਰਟੀ ਦੀ ਜੜ੍ਹਾਂ ’ਚ ਤੇਲ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੂੰਘਾਈ ਨਾਲ ਛਾਣ-ਬੀਣ ਕਰਨੀ ਬਣਦੀ ਹੈ ਤਾਂ ਜੋ ਅਜਿਹੀਆਂ ਕਾਲੀਆਂ ਭੇਡਾਂ ਨੂੰ ਬੇਨਕਾਬ ਕੀਤਾ ਜਾ ਸਕੇ। ਹਰਪਾਲਪੁਰ ਨੇ ਹੋਰ ਕਿਹਾ ਕਿ ਉਹ ਕਤਲ ਦੇ ਝੂਠੇ ਪਰਚੇ ਨੂੰ ਝੱਲਦਿਆਂ ਪੁਲੀਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪੋਸ਼ ਰਹਿੰਦਿਆਂ ਵੀ ਲੋਕਾਂ ਨੂੰ ਪਾਰਟੀ ਨਾਲ ਜੋੜਦੇ ਰਹੇ ਹਨ, ਪਰ ਉਦੋਂ ਦਿਲ ਟੁੱਟ ਗਿਆ ਜਦੋਂ ਨਾਮਾਤਰ ਵੋਟਾਂ ਨਾਲ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ। ਉਨ੍ਹਾਂ ਪ੍ਰਨੀਤ ਕੌਰ ਤੇ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਕਮੇਟੀ ਬਣਾ ਕੇ ਅਤੇ ਬਰੀਕੀ ਨਾਲ ਪੜਤਾਲ ਕਰਕੇ ‘ਗੱਦਾਰਾਂ’ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਵੇੇ।