ਪ੍ਰਨੀਤ ਕੌਰ ਨੇ ਯੂਕਰੇਨ ਜੰਗ ’ਚ ਫਸੇ ਨੌਜਵਾਨ ਦੀ ਘਰ ਵਾਪਸੀ ਲਈ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਅਪਰੈਲ
ਰੂਸ ਵੱਲੋਂ ਯੂਕਰੇਨ ਜੰਗ ’ਚ ਧੱਕੇ ਗਏ ਸੱਤ ਭਾਰਤੀ ਨੌਜਵਾਨਾਂ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਵੀ ਸ਼ਾਮਲ ਹੈ ਜੋ ਪਟਿਆਲਾ ਜ਼ਿਲ੍ਹੇ ਦੇ ਡਕਾਲਾ ਪਿੰਡ ਦਾ ਵਸਨੀਕ ਹੈ। ਇਨ੍ਹਾਂ ਸੱਤ ਨੌਜਵਾਨਾਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਉਹ ਘਰ ਵਾਪਸੀ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਉਕਤ ਨੌਜਵਾਨ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਪ੍ਰਨੀਤ ਕੌਰ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਯੁੱਧ ਵਿੱਚ ਫਸੇ ਨੌਜਵਾਨ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ। ਇਸ ਸਬੰਧੀ ਅੱਜ ਭਾਜਪਾ ਆਗੂਆਂ ਸੁਰਿੰਦਰ ਖੇੜਕੀ ਤੇ ਹਰਮੇਸ਼ ਡਕਾਲਾ ਦੀ ਅਗਵਾਈ ਹੇਠ ਲੋਕਾਂ ਨੇ ਪ੍ਰਨੀਤ ਕੌਰ ਨਾਲ ਉਨ੍ਹਾਂ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਮੁਲਾਕਾਤ ਵੀ ਕੀਤੀ। ਪ੍ਰਨੀਤ ਕੌਰ ਨੇ ਆਖਿਆ ਪੀੜਤ ਪਰਿਵਾਰ ਵੀ ਉਨ੍ਹਾਂ ਨੂੰ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਟੂਰਿਸਟ ਵੀਜ਼ੇ ’ਤੇ ਰੂਸ ਗਿਆ ਸੀ ਜਿਥੇ ਉਸ ਨੂੰ ਯੂਕਰੇਨ ਜੰਗ ਵਿਚ ਧੱਕ ਦਿੱਤਾ ਗਿਆ। ਗੁਰਪ੍ਰੀਤ ਦਾ ਪਰਿਵਾਰ ਆਰਥਿਕ ਤੌਰ ’ਤੇ ਕਮਜ਼ੋਰ ਹੈ ਅਤੇ ਉਹ ਇੱਕ ਖਾਨਸਾਮੇ ਜਾਂ ਡਰਾਈਵਰ ਵਜੋਂ ਨੌਕਰੀ ਦੀ ਝਾਕ ਵਿੱਚ ਰੂਸ ਗਿਆ ਸੀ। ਪ੍ਰਨੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਇਨ੍ਹਾਂ ਸਾਰੇ ਮੁੰਡਿਆਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ।