For the best experience, open
https://m.punjabitribuneonline.com
on your mobile browser.
Advertisement

ਲਾਲੜੂ ਤੇ ਹੰਡੇਸਰਾ ਵਿੱਚ ਪ੍ਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ

07:52 AM May 28, 2024 IST
ਲਾਲੜੂ ਤੇ ਹੰਡੇਸਰਾ ਵਿੱਚ ਪ੍ਰਨੀਤ ਕੌਰ ਦਾ ਕਿਸਾਨਾਂ ਵੱਲੋਂ ਵਿਰੋਧ
ਹੰਡੇਸਰਾ ਵਿੱਚ ਪ੍ਰਨੀਤ ਕੌਰ ਦਾ ਵਿਰੋਧ ਕਰਦੇ ਹੋਏ ਬੀਕੇਯੂ ਉਗਰਾਹਾਂ ਦੇ ਮੈਂਬਰ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 27 ਮਈ
ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਅੱਜ ਪ੍ਰਚਾਰ ਲਈ ਪਿੰਡ ਹੰਡੇਸਰਾ ਨੇੜੇ ਨਗਲਾ ਵਿਖੇ ਪਹੁੰਚੇੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਡੇਰਾਬਸੀ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਭਾਰੀ ਵਿਰੋਧ ਦੇ ਚੱਲਦਿਆਂ ਪ੍ਰਨੀਤ ਕੌਰ ਨੂੰ ਇਕ ਥਾਂ ਤੋਂ ਪ੍ਰੋਗਰਾਮ ਰੱਦ ਕਰਨਾ ਪਿਆ। ਕਿਸਾਨਾਂ ਨੇ ਭਾਜਪਾ ਉਮੀਦਵਾਰ ਤੋਂ ਸਵਾਲ ਜਵਾਬ ਕਰਨੇ ਚਾਹੇ ਤਾਂ ਉਹ ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਉੱਥੋਂ ਚਲੇ ਗਏ। ਇਸ ਤੋਂ ਇਲਾਵਾ ਲਾਲੜੂ ਵਿੱਚ ਬੀਕੇਯੂ ਲੱਖੋਵਾਲ ਦੇ ਆਗੂ ਮਨਪ੍ਰੀਤ ਸਿੰਘ ਅਮਲਾਲਾ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਕਾਲੇ ਝੰਡੇ ਵਿਖਾਏ ਗਏ।
ਇਸ ਮੌਕੇ ਭਾਜਪਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਵਿਰੋਧ ਪ੍ਰਦਰਸ਼ਨ ਵਿੱਚ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਕਰਨੈਲ ਸਿੰਘ ਜੌਲਾ, ਸ਼ੀਸ਼ ਰਾਮ, ਅਮਨਪ੍ਰੀਤ ਸਿੰਘ, ਸਤਵਿੰਦਰ ਸਿੰਘ ਬਲਟਾਣਾ, ਦਲਵੀਰ ਸਿੰਘ, ਨਿਰਮਲ ਸਿੰਘ ਹਾਜ਼ਰ ਸਨ।

Advertisement

ਰਵਨੀਤ ਬਿੱਟੂ ਦਾ ਵਿਰੋਧ ਕਰਦੇ ਕਿਸਾਨ ਹਿਰਾਸਤ ਵਿੱਚ ਲਏ

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਖੇਤਰ ਦੇ ਦੌਰੇ ’ਤੇ ਆਏ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦਾ ਪਿੰਡ ਰਸੂਲਪੁਰ ’ਚ ਵਿਰੋਧ ਕਰਨ ਮੌਕੇ ਪੁਲੀਸ ਨੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤਾਰੀ, ਬੇਅੰਤ ਸਿੰਘ ਮੱਲੇਆਣਾ ਅਤੇ ਗੁਰਮੀਤ ਸਿੰਘ ਮੱਲ੍ਹਾ ਨੂੰ ਹਿਰਾਸਤ ’ਚ ਲੈ ਲਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਹ ਆਗੂ ਭਾਜਪਾ ਉਮੀਦਵਾਰ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਾ ਚਾਹੁੰਦੇ ਸਨ ਪਰ ਪੁਲੀਸ ਨੇ ਕਿਸਾਨ ਤੇ ਮਜ਼ਦੂਰ ਕਾਰਕੁਨਾਂ ਨੂੰ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੀ ਤਿਆਰੀ ਕਰਦਿਆਂ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਇਨ੍ਹਾਂ ਕਾਰਕੁਨਾਂ ਨੂੰ ਕਾਫੀ ਦੇਰ ਤਕ ਇੱਧਰ-ਉਧਰ ਘੁੰਮਾਉਂਦੀ ਰਹੇ ਤੇ ਬਾਅਦ ’ਚ ਦੇਰ ਸ਼ਾਮ ਕੁਝ ਦੂਰੀ ’ਤੇ ਛੱਡ ਦਿੱਤਾ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਗੁਜਰਾਤ ਤੇ ਕੇਰਲਾ ਦੀ ਪੁਲੀਸ ਵੀ ਮੌਜੂਦ ਸੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਮਾਣੂੰਕੇ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਸੁਧਾਰ ਥਾਣੇ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਰਵਨੀਤ ਬਿੱਟੂ ਨਾਲ ਅਮਿਤ ਸ਼ਾਹ ਦੀ ਪਿਛਲੇ ਪੰਜ ਸਾਲਾਂ ਤੋਂ ਪਈ ਹੋਈ ਯਾਰੀ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬੀਆਂ ਦੇ ਵਿਰੋਧ ਤੋਂ ਇਸ ਕਦਰ ਖਫ਼ਾ ਹੈ ਕਿ ਹੁਣ ਪੰਜਾਬ ’ਚ ਵੋਟਾਂ ਮੰਗਣ ਲਈ ਦੂਜੇ ਸੂਬਿਆਂ ਦੀ ਪੁਲੀਸ ਦੀ ਮਦਦ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਨੇ ਜਿੱਥੇ ਕਾਰਪੋਰੇਟ ਪੱਖੀ ਨੀਤੀ ਲਾਗੂ ਕੀਤੀਆਂ ਉਥੇ ਹੀ ਫਿਰਕੂ ਫਾਸ਼ੀਵਾਦ ਨੂੰ ਲਾਗੂ ਕਰਦਿਆਂ ਇਕ ਦੇਸ਼ ਇਕ ਚੋਣ, ਇਕ ਪਾਰਟੀ ਇਕ ਬੋਲੀ ਇਕ ਸੱਭਿਆਚਾਰ ਦਾ ਏਜੰਡਾ ਲਾਗੂ ਕਰਨ ਲਈ ਜ਼ੋਰ ਲਗਾ ਰਹੀ ਹੈ।

ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਅੱਜ

ਪਟਿਆਲਾ (ਖੇਤਰੀ ਪ੍ਰਤੀਨਿਧ): ਹਰਿਆਣਾ ਪੁਲੀਸ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕਰਕੇ ਜੇਲ੍ਹ ’ਚ ਡੱਕੇ ਤਿੰਨ ਕਿਸਾਨ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ੰਭੂ ਅਤੇ ਢਾਬੀਗੁਜਰਾਂ ਸਣੇ ਦੋ ਹੋਰ ਬਾਰਡਰਾਂ ’ਤੇ ਜਾਰੀ ਧਰਨਿਆਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 28 ਮਈ ਨੂੰ ਪੰਜਾਬ ਵਿਚਲੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਸਵੇਰ ਤੋਂ ਸ਼ਾਮ ਤੱਕ ਧਰਨੇ ਦਿੱਤੇ ਜਾਣਗੇ। ਜਦਕਿ ਹਰਿਆਣਾ ਵਿਚਲੇ ਮੰਤਰੀਆਂ ਦੇ ਘਰਾਂ ਮੂਹਰੇ ਅਜਿਹੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਫੈਸਲਾ ਅੱਜ ਸ਼ੰਭੂ ਬਾਰਡਰ ’ਤੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ’ਚ ਸੁਖਵਿੰਦਰ ਸਭਰਾਅ, ਬਲਵੰਤ ਬਹਿਰਾਮਕੇ, ਗੁਰਧਿਆਨ ਸਿਉਣਾ, ਸੁਖਵਿੰਦਰ ਕੌਰ, ਕਰਨੈਲ ਲੰਗ, ਮੰਗਤ ਸਿੰਘ, ਸੁਖਚੈਨ ਹਰਿਆਣਾ, ਹਰਨੇਕ ਸਿੱਧੂਵਾਲ, ਸਤਨਾਮ ਹਰੀਕੇ ਤੇ ਬਾਜ ਸੰਗਲਾ ਨੇ ਹਿੱਸਾ ਲਿਆ। ਇਸੇ ਦੌਰਾਨ ਪੰਜਾਬ ਹਰਿਆਣਾ ਦੇ ਬਾਰਡਰਾਂ ’ਤੇ ਕਿਸਾਨ ਧਰਨੇ ਅੱਜ 105ਵੇਂ ਦਿਨ ਵੀ ਜਾਰੀ ਰਹੇ।

Advertisement
Author Image

joginder kumar

View all posts

Advertisement
Advertisement
×