Pranab Mukherjee Memorial ਰਾਸ਼ਟਰੀ ਸਮ੍ਰਿਤੀ ਸਥਲ ਉੱਤੇ ਬਣੇਗੀ ਪ੍ਰਣਬ ਮੁਖਰਜੀ ਦੀ ਯਾਦਗਾਰ
ਨਵੀਂ ਦਿੱਲੀ, 7 ਜਨਵਰੀ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਢੁੱਕਵੀਂ ਥਾਂ ਦੀ ਮੰਗ ਦਰਮਿਆਨ ਸਰਕਾਰ ਨੇ ਰਾਸ਼ਟਰੀ ਸਮ੍ਰਿਤੀ ਸਥੱਲ ਕੰਪਲੈਕਸ ਵਿਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਯਾਦਗਾਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਮੁਖਰਜੀ ਦਾ 31 ਅਗਸਤ 2020 ਨੂੰ ਦੇਹਾਂਤ ਹੋ ਗਿਆ ਸੀ। ਸਾਬਕਾ ਰਾਸ਼ਟਰਪਤੀ ਦੀ ਧੀ ਸ਼ਰਮਿਸ਼ਠਾ ਮੁਖਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਆਪਣੇ ਪਿਤਾ ਦੇ ਇਸ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਸਰਕਾਰ ਨੇ ਸ਼ਰਮਿਸ਼ਠਾ ਮੁਖਰਜੀ ਨੂੰ ਇਕ ਪੱਤਰ ਲਿਖ ਕੇ ਫੈਸਲੇ ਬਾਰੇ ਜਾਣੂ ਕਰਵਾਇਆ ਹੈ। ਸਰਕਾਰ ਨੇ ਕਿਹਾ, ‘‘ਸਮਰੱਥ ਅਥਾਰਿਟੀ ਨੇ ਰਾਸ਼ਟਰੀ ਸਮ੍ਰਿਤੀ ਕੰਪਲੈਕਸ (ਰਾਜਘਾਟ ਦਾ ਹਿੱਸਾ) ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਰਹੂਮ ਸ੍ਰੀ ਪ੍ਰਣਬ ਮੁਖਰਜੀ ਦੀ ਸਮਾਧੀ ਬਣਾਉਣ ਲਈ ਥਾਂ ਨਿਰਧਾਰਿਤ ਕੀਤੀ ਹੈ।’’ ਇਹ ਪੱਤਰ ਮਿਲਣ ਮਗਰੋਂ ਸ਼ਰਮਿਸ਼ਠਾ ਮੁਖਰਜੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਮਿਲਣ ਦਾ ਸਮਾਂ ਮੰਗਿਆ ਸੀ। ਮੁਖਰਜੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਸ ਨੂੰ ਖ਼ੁਸ਼ੀ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਮਰਹੂਮ ਪਿਤਾ ਤੇ ਸਾਬਕਾ ਰਾਸ਼ਟਰਪਤੀ ਵੱਲੋਂ ਦੇਸ਼ ਲਈ ਪਾਏ ਯੋਗਦਾਨ ਨੂੰ ਪਛਾਣ ਦਿੱਤੀ ਹੈ। ਮੁਖਰਜੀ ਦੀ ਯਾਦਗਾਰ ਲਈ ਥਾਂ ਅਜਿਹੇ ਮੌਕੇ ਅਲਾਟ ਕੀਤੀ ਗਈ ਹੈ ਜਦੋਂ ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਢੁੱਕਵੀਂ ਥਾਂ ਦੇਣ ਦੀ ਮੰਗ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਸਿੰਘ ਦੀ ਯਾਦਗਾਰ ਬਣਾਉਣ ਦੀ ਪਹਿਲਾਂ ਹੀ ਸਹਿਮਤੀ ਦੇ ਦਿੱਤੀ ਹੈ ਤੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਰਾਸ਼ਟਰੀ ਸਮ੍ਰਿਤੀ ਸਥਲ ’ਤੇ ਸਾਈਟ ਨੂੰ ਫਾਈਨਲ ਕੀਤਾ ਜਾ ਰਿਹਾ ਹੈ। -ਪੀਟੀਆਈ