ਸ਼ੰਭੂ ਬਾਰਡਰ ’ਤੇ ਅੱਜ ਮਨਾਇਆ ਜਾਵੇਗਾ ਦਸਮ ਗੁਰੂ ਦਾ ਪ੍ਰਕਾਸ਼ ਪੁਰਬ
ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ), 5 ਜਨਵਰੀ
ਕਿਸਾਨੀ ਸੰਘਰਸ਼ ਤਹਿਤ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰ ’ਤੇ 325 ਦਿਨਾਂ ਤੋਂ ਪੱਕੇ ਮੋਰਚੇ ਜਾਰੀ ਹਨ। ਇਸ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ 41 ਦਿਨਾਂ ਤੋਂ ਸੰਘਰਸ਼ ਜਾਰੀ ਹੈ।
ਕਿਸਾਨਾਂ ਵੱਲੋਂ 30 ਦਸੰਬਰ ਦੇ ਪੰਜਾਬ ਬੰਦ ਅਤੇ 4 ਜਨਵਰੀ ਨੂੰ ਕਿਸਾਨ ਪੰੰਚਾਇਤ ਦੀ ਸਫਲਤਾ ਮਗਰੋਂ ਹੁਣ 6 ਜਨਵਰੀ ਨੂੰ ਸ਼ੰਭੂ ਬਾਰਡਰ ’ਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਿਸ ਦੀਆਂ
ਤਿਆਰੀਆਂ ਅੱਜ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਸ਼ੰਭੂ ਬਾਰਡਰ ’ਤੇ ਬਣਾਈ ਗਈ ਪੱਕੀ ਸਟੇਜ ਨੂੰ ਅੱਜ ਕਿਸਾਨਾਂ ਨੇ ਫੁੱਲਾਂ ਨਾਲ ਸ਼ਿੰਗਾਰ ਦਿੱਤਾ ਹੈ।
ਇਸ ਮੌਕੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਕਿਸਾਨ ਆਗੂ ਤੇਜਵੀਰ ਸਿੰਘ ਪੰਜੋਖਰਾ ਸਾਹਿਬ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਸ਼ੰਭੂ ਬਾਰਡਰ ’ਤੇ ਪੁੱਜਣ ਦਾ ਸੱਦਾ ਦਿੱਤਾ।
ਇਸ ਮੌਕੇ ਕਿਸਾਨ ਯੂਨੀਅਨ ਭਟੇੜੀ ਦੇ ਆਗੂ ਬਲਕਾਰ ਸਿੰਘ ਬੈਂਸ ਆਦਿ ਵੀ ਮੌਜੂਦ ਸਨ। ਉਧਰ ਸ਼ੰਭੂ ਮੋਰਚੇ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਨੇ ਵੀ ਕਿਸਾਨਾਂ ਨੂੰ ਭਲ਼ਕੇ ਵੱਡੀ ਗਿਣਤੀ ’ਚ ਪਹੁੰਚਣ ਦੀ ਅਪੀਲ ਕੀਤੀ ਹੈ।
ਕਿਸਾਨ ਆਗੂਆਂ ਕਿਹਾ ਕਿ ਕਿਸਾਨੀ ਸੰਘਰਸ਼ ਨੇ ਦੇਸ਼ ਦੀ ਹਕੂਮਤ ਦਾ ਵਿਰੋਧੀ ਚਿਹਰਾ ਦੁਨੀਆਂ ਸਾਹਮਣੇ ਲਿਆ ਦਿੱਤਾ ਹੈ। ਇਸੇ ਦੌਰਾਨ ਸਰਵਣ ਸਿੰਘ ਪੰਧੇਰ ਪਹਿਲਾਂ ਹੀ ਆਖ ਚੁੱਕੇ ਹਨ ਕਿ ਪਹਿਲਾਂ ਦੀ ਤਰ੍ਹਾਂ ਹੀ ਕਿਸਾਨ ਜਥੇ ਦਿੱਲੀ ਵੱਲ ਭੇਜਣ ਸਬੰਧੀ ਅਗਲੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।