For the best experience, open
https://m.punjabitribuneonline.com
on your mobile browser.
Advertisement

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਪ੍ਰਕਾਸ਼ ਪੁਰਬ

03:56 PM Jan 06, 2025 IST
ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਪ੍ਰਕਾਸ਼ ਪੁਰਬ
ਅੰਮ੍ਰਿਤਸਰ ਵਿੱਚ ਪਈ ਸੰਘਣੀ ਧੁੰਦ ਦੇ ਬਾਵਜੂਦ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸੰਗਤ ਮੱਥਾ ਟੇਕਦੀ ਹੋਈ। -ਫੋਟੋ: ਪੀਟੀਆਈ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਜਨਵਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।  ਸੰਘਣੀ ਧੁੰਦ ਅਤੇ ਸੀਤ ਲਹਿਰ ਚੱਲਣ ਦੇ ਬਾਵਜੂਦ ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ-ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਅੰਮ੍ਰਿਤ ਵੇਲੇ ਤੋਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ ਅਤੇ ਸਾਰਾ ਦਿਨ ਸੰਗਤ ਦੀ ਆਮਦ ਨਿਰੰਤਰ ਬਣੀ ਰਹੀ।
ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਅਲੌਕਿਕ ਜਲੌਅ ਸਜਾਏ ਗਏ, ਜਿਸ ਦੇ ਦਰਸ਼ਨ ਕਰ ਕੇ ਸੰਗਤ ਨੇ ਆਨੰਦ ਮਾਣਿਆ। ਇਸੇ ਦੌਰਾਨ ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

Advertisement

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਪੁੱਜੇ ਸ਼ਰਧਾਲੂ ਸੈਲਫੀ ਲੈਂਦੇ ਹੋਏ। -ਫੋਟੋ: ਏਐੱਨਆਈ

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਪਾਲ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਸਰਵਨ ਕਰਵਾਇਆ। ਉਨ੍ਹਾਂ ਸੰਗਤਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ ਅਤੇ ਸੰਗਤ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ।
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸਾਰਾ ਦਿਨ ਸਜੇ ਧਾਰਮਿਕ ਦੀਵਾਨ ਵਿੱਚ ਰਾਗੀ, ਢਾਡੀ, ਕਵੀਸ਼ਰ ਜਥਿਆਂ, ਪ੍ਰਚਾਰਕਾਂ ਤੇ ਪੰਥਕ ਕਵੀਆਂ ਨੇ ਹਾਜ਼ਰੀ ਭਰੀ ਅਤੇ ਗੁਰੂ ਸਾਹਿਬ ਦਾ ਜੀਵਨ ਇਤਿਹਾਸ ਸੰਗਤ ਨਾਲ ਸਾਂਝਾ ਕੀਤਾ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਉਪਦੇਸ਼ਾਂ ਅਨੁਸਾਰ ਅੰਮ੍ਰਿਤਧਾਰੀ ਹੋਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਗਿਆਨੀ ਰਾਜਬੀਰ ਸਿੰਘ, ਗਿਆਨੀ ਬਲਜੀਤ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਤੇ ਹੋਰ ਹਾਜ਼ਰ ਸਨ।

Advertisement

Advertisement
Author Image

Advertisement