ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ
ਪੱਤਰ ਪ੍ਰੇਰਕ
ਕਾਹਨੂੰਵਾਨ, 16 ਨਵੰਬਰ
ਇੱਥੋਂ ਨੇੜਲੇ ਪਿੰਡ ਜਾਗੋਵਾਲ ਬਾਂਗਰ ਵਿਖੇ ਪਿੰਡ ਵਾਸੀਆਂ ਨੇ ਮਿਲ ਕੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ। ਜਾਗੋਵਾਲ ਵਿਕਾਸ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਉਪਰੰਤ ਬੱਚਿਆਂ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਮਾਤਾਂ ਵਿਚੋਂ 80 ਫੀਸਦੀ ਅੰਕ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਭਾਈ ਅਮਰੀਕ ਸਿੰਘ ਅਤੇ ਭੁਪਿੰਦਰ ਸਿੰਘ ਵੱਲੋਂ ਨਕਦ ਰਾਸ਼ੀ ਦੇ ਕੇ ਸਨਮਾਨਿਆ। ਇਸ ਤੋਂ ਇਲਾਵਾ ਪੱਗ ਬੰਨ੍ਹਣ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਲੜਕਿਆਂ ਨੂੰ ਪਗੜੀ, ਨਕਦ ਇਨਾਮ ਅਤੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ।
ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਏ ਗਏ। ਅੱਜ ਦਾ ਇਹ ਨਗਰ ਕੀਰਤ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੂਰੇ ਨਗਰ ਦੀ ਪਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਥਾਵਾਂ ਨੇ ਮਿਠਿਆਈ, ਫਲਾਂ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਅ ਕੇ ਸੰਗਤ ਦੀ ਸੇਵਾ ਕੀਤੀ ਗਈ। ਇਸ ਮੌਕੇ ਸਰਪੰਚ ਤਰਨਜੀਤ ਕੌਰ, ਮਾਸਟਰ ਜਸਵਿੰਦਰ ਸਿੰਘ ਕਿੜੀ ਅਫਗਾਨਾ, ਜਸ਼ਨਪ੍ਰੀਤ ਸਿੰਘ ਕਾਹਨੂੰਵਾਨ, ਹਰਪ੍ਰੀਤ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ, ਕਰਨੈਲ ਸਿੰਘ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਫ਼ੌਜੀ, ਲਖਵਿੰਦਰ ਸਿੰਘ ਸ਼ਾਹ, ਮਨਜੀਤ ਸਿੰਘ ਖ਼ਾਲਸਾ, ਕਰਨਲਜੀਤ ਸਿੰਘ, ਨਿਰਮਲ ਸਿੰਘ ਸੈਰ, ਸੁਖਵਿੰਦਰ ਸਿੰਘ, ਧਿਆਨ ਸਿੰਘ, ਚਰਨਜੀਤ ਸਿੰਘ, ਭਾਈ ਜਗੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸੇਵਾ ਨਿਭਾਈ।
ਧਾਰੀਵਾਲ (ਪੱਤਰ ਪ੍ਰੇਰਕ): ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਐੱਸਬੀ ਨਾਯਰ ਦੀ ਸਰਪ੍ਰਸਤੀ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕੂਲੀ ਵਿਦਿਆਰਥੀਆਂ ਤੇ ਪੰਜਾਬੀ ਵਿਭਾਗ ਦੀ ਅਧਿਆਪਕ ਜਸਵੀਰ ਕੌਰ ਤੇ ਦੀਦਾਰ ਸਿੰਘ ਦੁਆਰਾ ਆਨੰਦ ਸਾਹਿਬ ਦਾ ਪਾਠ ਕੀਤਾ, ਉਪਰੰਤ ਅਰਦਾਸ ਕਰਕੇ ਪ੍ਰਸ਼ਾਦ ਵੰਡ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਸਕੂਲ ਪ੍ਰਿੰਸੀਪਲ ਪ੍ਰਿੰਸੀਪਲ ਐੱਸਬੀ ਨਾਯਰ ਤੇ ਮੈਨੇਜਮੈਂਟ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਸਮੁੱਚੇ ਸਕੂਲ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਲਈ ਪ੍ਰੇਰਿਆ।
ਬੁੱਢਾ ਦਲ ਵੱਲੋਂ ਗੁਰਦੁਆਰਾ ਮੱਲ ਅਖਾੜਾ ਵਿਖੇ ਸਮਾਗਮ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦਾ 555ਵਾਂ ਪ੍ਰਕਾਸ਼ ਪੁਰਬ ਦਿੱਲੀ ਅਤੇ ਅੰਮ੍ਰਿਤਸਰ ਦੀਆਂ ਦਰਜਨ ਤੋਂ ਵੱਧ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਅਤੇ ਛਾਉਣੀ ਬੁੱਢਾ ਦਲ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਨਿਤਨੇਮ ਉਪਰੰਤ ਜਥੇਦਾਰ ਕੇਵਲ ਸਿੰਘ ਕੋਮਲ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ, ਬਾਬਾ ਅਮਰੀਕ ਸਿੰਘ ਗ੍ਰੰਥੀ ਨੇ ਕਥਾ ਰਾਹੀਂ ਗੁਰੂ ਸਾਹਿਬ ਦੇ ਸਿੱਧਾਂਤ ਦੀ ਵਿਆਖਿਆ ਕੀਤੀ। ਉਪਰੰਤ ਦਿੱਲੀ ਤੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਸਤਰੀ ਸਤਿਸੰਗ ਸਭਾ ਫਤਿਹ ਨਗਰ ਦਿਲੀ ਦੀਆਂ ਬੀਬੀਆਂ ਨੇ ਗੁਰੂ ਨਾਨਕ ਮਹਿਮਾ ਵਿੱਚ ਸ਼ਬਦ ਗਾਇਨ ਕੀਤੇ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਸਮੂਹ ਸੁਸਾਇਟੀਆਂ ਦੀਆਂ ਬੀਬੀਆਂ ਨੂੰ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪਰਬ ਦੀ ਵਧਾਈ ਦਿੱਤੀ ਅਤੇ ਸਾਰੀਆਂ ਸੁਸਾਇਟੀਆਂ ਦੇ ਮੈਂਬਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਆ। ਦਿੱਲੀ ਤੋਂ ਆਏ ਸੁਖਮਨੀ ਸੇਵਾ ਸੁਸਾਇਟੀ ਦੀ ਮੁਖੀ ਬੀਬੀ ਤ੍ਰਿਪਤ ਕੌਰ, ਬੀਬੀ ਦਵਿੰਦਰ ਕੌਰ, ਸੁਰਿੰਦਰ ਸਿੰਘ ਦਿੱਲੀ ਨੂੰ ਯਾਦਗਾਰੀ ਚਿੰਨ੍ਹ ਤੇ ਸਿਰਪਾਓ ਨਾਲ ਸਨਮਾਨਿਆ। ਬੀਬੀ ਗੁਰਚਰਨ ਕੌਰ, ਬੀਬੀ ਹਰਪ੍ਰੀਤ ਕੌਰ, ਬੀਬੀ ਤੇਜ ਕੌਰ, ਬੀਬੀ ਸੁਖਜੀਤ ਕੌਰ ਰੋਜ਼ੀ ਨੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।