ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਨਵੰਬਰ
ਗੁਰੂ ਨਾਨਕ ਦੇਵ ਦੇ 555ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ ਵੱਖ ਵੱਖ ਗੁਰੂਘਰਾਂ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਸੰਗਤ ਨੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਕੋਲੋਂ ਗੁਰਬਾਣੀ ਕੀਰਤਨ ਸਰਵਣ ਕੀਤਾ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਰਾਤ ਨੂੰ ਦੀਪਮਾਲਾ ਕੀਤੀ ਗਈ।
ਗੁਰਦੁਆਰਾ ਗੁਰੂ ਸਿੰਘ ਸਭਾ ਮਾਡਲ ਟਾਊਨ ਵਿੱਚ ਹੋਏ ਗੁਰਮਤਿ ਸਮਾਗਮ ਵਿੱਚ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਭਾਈ ਅਨੰਦ ਸਿੰਘ, ਭਾਈ ਬਖਸ਼ੀਸ਼ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਜਸਵੰਤ ਸਿੰਘ ਲੁਧਿਆਣਾ ਤੇ ਇਸਤਰੀ ਸਤਿਸੰਗ ਸਭਾਵਾਂ ਦੇ ਕੀਰਤਨੀ ਜਥਿਆਂ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ।
ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਕ ਵਿੱਚ ਹੋਏ ਗੁਰਮਤਿ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਪਰਮਵੀਰ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਰਣਜੀਤ ਸਿੰਘ ਤੋਂ ਇਲਾਵਾ ਭਾਈ ਨਵਦੀਪ ਸਿੰਘ ਅਤੇ ਭਾਈ ਗੁਰਸ਼ਰਨ ਸਿੰਘ ਕੋਮਲ ਵੱਲੋਂ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਗਈ। ਮੁੱਖ ਕਥਾਵਾਚਕ ਭਾਈ ਮਨਪ੍ਰੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਰਾਗੀ ਜਥਿਆਂ ਨੂੰ ਸਿਰਪਾਓ ਭੇਟ ਕੀਤੇ।
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੌਰਾਨ ਅੰਮ੍ਰਿਤ ਵੇਲੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਮਗਰੋਂ ਟਕਸਾਲ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਕੀਤਾ। ਸੰਤ ਅਮੀਰ ਸਿੰਘ ਨੇ ਸੰਗਤ ਨੂੰ ਗੁਰੂ ਨਾਨਕ ਦੇਵ ਦੇ ਜੀਵਨ, ਉਸ ਵੇਲੇ ਦੇ ਹਾਲਾਤਾਂ ਅਤੇ ਉਨ੍ਹਾਂ ਵੱਲੋਂ ਉਚਾਰੀ ਗੁਰਬਾਣੀ ਦੀਆਂ ਸਿੱਖਿਆਵਾਂ ਬਾਰੇ ਦੱਸਿਆ।
ਲੁਧਿਆਣਾ (ਖੇਤਰੀ ਪ੍ਰਤੀਨਿਧ):
ਖ਼ਾਲਸਾ ਕਾਲਜ ਫ਼ਾਰ ਵਿਮੈੱਨ ਵਿੱਚ ਅੱਜ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਦੀ ਅਗਵਾਈ ਹੇਠ ਇਹ ਸਮਾਗਮ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ, ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਲੜਕੇ, ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਹੋਸਟਲਰਾਂ ਵੱਲੋਂ ਕਾਲਜ ਦੀ ਸਮੁੱਚੀ ਮੈਨੇਜਮੈਂਟ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ ਕੀਰਤਨ ਕੀਤਾ। ਅਰਦਾਸ ਮਗਰੋਂ ਅਤੁੱਟ ਲੰਗਰ ਵਰਤਾਇਆ ਗਿਆ।
ਖੰਨਾ/ਦੋਰਾਹਾ (ਨਿੱਜੀ ਪੱਤਰ ਪ੍ਰੇਰਕ):
ਇਥੋਂ ਦੇ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਲਲਹੇੜੀ ਰੋਡ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤ ਵੇਲੇ ਨਿਤਨੇਮ ਦੀਆ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਦੇ ਸੰਗਤ ਰੂਪ ਵਿੱਚ ਪਾਠ ਤੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਮਨਪ੍ਰੀਤ ਸਿੰਘ ਅਤੇ ਭਾਈ ਸਤਨਾਮ ਸਿੰਘ ਦੇ ਜਥੇ ਨੇ ਕੀਰਤਨ ਕੀਤਾ। ਕਵੀਸ਼ਰੀ ਜਥੇ ਭਾਹੀ ਦਿਲਵਾਰ ਸਿੰਘ ਦਲੇਰ ਚਮਕੌਰ ਸਾਹਿਬ ਵਾਲਿਆਂ ਨੇ ਸੰਗਤ ਨੂੰ ਵਾਰਾਂ ਸੁਣਾਈਆਂ।
ਇਸੇ ਤਰ੍ਹਾਂ ਦੋਰਾਹਾ ਦੇ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ, ਗੁਰਦੁਆਰਾ ਦਮਦਮਾ ਸਾਹਿਬ ਵਿੱਚ ਗੁਰਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿੱਥੇ ਵੱਖ ਵੱਖ ਰਾਗੀ ਢਾਡੀ ਜਥਿਆਂ ਨੇ ਕੀਤਰਨ ਕੀਤਾ।
ਪਾਇਲ (ਪੱਤਰ ਪ੍ਰੇਰਕ):
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਪਾਇਲ, ਜਰਗ, ਈਸੜੂ, ਕਰੌਦੀਆਂ, ਸਿਹੋੜਾ, ਰੌਣੀ, ਫਤਿਹਪੁਰ, ਚੀਮਾ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਨਗਰ ਕੀਰਤਨ ਸਜਾਏ ਗਏ। ਇਤਿਹਾਸਕ ਅਸਥਾਨ ਗੁਰਦੁਆਰਾ ਚੋਲਾ ਸਾਹਿਬ ਘੁਡਾਣੀ ਕਲਾਂ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਜੋ ਗੁਰਦੁਆਰਾ ਚੋਲਾ ਸਾਹਿਬ ਤੋਂ ਸ਼ੁਰੂ ਹੋਇਆ।
ਮਾਛੀਵਾੜਾ (ਪੱਤਰ ਪ੍ਰੇਰਕ):
ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਗਿਆ ਤੇ ਸਾਰਾ ਦਿਨ ਗੁਰੂ ਘਰ ਵਿੱਚ ਸੰਗਤ ਦੀਆਂ ਰੌਣਕਾਂ ਲੱਗੀਆਂ ਰਹੀਆਂ। ਇਸ ਮੌਕੇ ਆਰੰਭ ਕੀਤੇ ਗਏ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਮਗਰੋਂ ਹਜ਼ੂਰੀ ਰਾਗੀ ਜਥੇ ਭਾਈ ਜਸਦੇਵ ਸਿੰਘ, ਭਾਈ ਸੁਖਵੀਰ ਸਿੰਘ ਤੇ ਭਾਈ ਗੁਰਵਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਕੀਤਾ। ਗੁਰਪੁਰਬ ਨੂੰ ਸਮਰਪਿਤ ਪਿਛਲੇ ਕਈ ਦਿਨਾਂ ਤੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਚਲਾਈ ਜਾ ਰਹੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਦਾ ਵੀ ਭੋਗ ਪਾਇਆ ਗਿਆ।
ਪ੍ਰਕਾਸ਼ ਪੁਰਬ ਮੌਕੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ
ਦੋਰਾਹਾ (ਪੱਤਰ ਪ੍ਰੇਰਕ):
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਇਥੇ ਬਾਬਾ ਸੈਣ ਭਗਤ ਵੈੱਲਫ਼ੇਅਰ ਸੁਸਾਇਟੀ ਵੱਲੋਂ ਦੋਰਾਹਾ-ਅੜੈਚਾਂ ਸੜਕ ’ਤੇ ਬਣੇ ਗੁਰੂ ਨਾਨਕ ਯਾਦਗਾਰੀ ਗੇਟ ਨਾਲ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਾਏ ਗਏ। ਇਸ ਮੌਕੇ ਮੰਡੀ ਬੋਰਡ ਪੰਜਾਬ ਦੇ ਡਾਇਰੈਕਟਰ ਸ਼ਿਵੰਦਰ ਸਿੰਘ, ਰਣਧੀਰ ਸਿੰਘ ਯੂਕੇ, ਨਾਮਵਰ ਸਮਾਜ ਸੇਵੀ ਗੁਰਮੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ ਦਿੱਤੇ ਉਪਦੇਸ਼ ਅਨੁਸਾਰ ਸਾਨੂੰ ਸਭ ਨੂੰ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ੁੱਧ ਵਾਤਾਵਰਣ ਲਈ ਉਹ ਪਰਾਲੀ ਨਾ ਸਾੜਨ। ਇਸ ਮੌਕੇ ਦਲਜੀਤ ਕੌਰ, ਉਪਦੇਸ਼ ਕੌਰ, ਨਰੇਸ਼ ਕੁਮਾਰ, ਆਪ ਆਗੂ ਈਸ਼ਰ ਸਿੰਘ ਖਰ੍ਹੇ, ਇੰਦਰਜੀਤ ਸਿੰਘ ਫੌਜੀ, ਮਨਜੀਤ ਸਿੰਘ ਧਾਮੀਂ, ਅਵਤਾਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।