ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਨਵੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਇਸ ਖੇਤਰ ’ਚ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਇਸ ਦੌਰਾਨ ਜਿਥੇ ਲੋਕਾਂ ਨੇ ਆਪਣੇ ਘਰਾਂ ਅਤੇ ਦੁਕਾਨਾ ਸਮੇਤ ਹੋਰ ਕਾਰੋਬਾਰੀ ਅਦਾਰਿਆਂ ’ਤੇ ਦੀਪ ਮਾਲ਼ਾਵਾਂ ਕੀਤੀਆਂ, ਉੱਥੇ ਹੀ ਰਾਤ ਨੂੰ ਆਤਿਸ਼ਬਾਜੀ ਵੀ ਕੀਤੀ। ਅੱਜ ਵੱਡੇ ਤੜਕੇ ਤੋਂ ਲੈ ਕੇ ਰਾਤ ਤੱਕ ਵੱਖ-ਵੱਖ ਗੁਰਦੁਆਰਿਆਂ ਵਿੱਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਨਤਮਸਤਕ ਹੋਈਆਂ। ਪਰਿਵਾਰਾਂ ਸਮੇਤ ਪੁੱੱਜੇ ਸ਼ਰਧਾਲੂਆਂ ਨੇ ਜਿਥੇ ਸੰਗਤ ਅਤੇ ਪੰਗਤ ਕੀਤੀ, ਉਥੇ ਹੀ ਪਵਿੱਤਰ ਸਰੋਵਰਾਂ ’ਚ ਇਸ਼ਨਾਨ ਵੀ ਕੀਤੇ। ਗੁਰ ਪੁਰਬ ਦੇ ਮੱਦੇਨਜ਼ਰ ਸਜਾਏ ਗਏ ਦੀਵਾਨਾਂ ਮੌਕੇ ਰਾਗੀ ਅਤੇ ਢਾਡੀਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਪ੍ਰਵਚਨਾ ਨਾਲ ਨਿਹਾਲ ਕੀਤਾ। ਗੁਰੂ ਘਰਾਂ ਵਿਚਲੀ ਸਜਾਵਟ ਤੇ ਦੀਪਮਾਲਾਵਾਂ ਖਿੱਚ ਦਾ ਕੇਂਦਰ ਰਹੀਆਂ। ਸੰਗਤ ਨੇ ਮੋਮਬੱਤੀਆਂ ਬਾਲ ਕੇ ਬਾਬੇ ਨਾਨਕ ਨੂੰ ਸ਼ਰਧਾ ਅਰਪਿਤ ਕੀਤੀ। 58 ਪ੍ਰਾਣੀਆਂ ਨੇ ਅੰਮ੍ਰਿਤ ਵੀ ਛਕਿਆ। ਸੰਗਤਾਂ ਦੀ ਸਭ ਤੋਂ ਭਰਵੀਂ ਹਾਜ਼ਰੀ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਰਹੀ। ਇਥੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ ਨੇ ਅਰਦਾਸ ਉਪਰੰਤ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਦੀ ਪ੍ਰੇਰਿਆ। ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਦੀ ਨਿਗਰਾਨੀ ਹੇਠ ਹੋਏ ਸਮਾਗਮਾਂ ਦੌਰਾਨ ਸ਼੍ਰ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਕੁਲਦੀਪ ਕੌਰ ਟੌਹੜਾ ਤੇ ਜਰਨੈਲ ਸਿੰਘ ਕਰਤਾਰਪੁਰ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋ. ਬਡੂੰਗਰ ਨੇ ਗੁਰੂ ਜੀ ਦੇ ਜਵੀਨ ਸਬੰਧੀ ਵਿਸਥਾਰ ’ਚ ਚਾਨਣਾ ਪਾਇਆ। ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ ਤੇ ਮਨਦੀਪ ਸਿੰਘ ਭਲਵਾਨ ਅਤੇ ਹੋਰ ਵੀ ਪ੍ਰਬੰਧਕਾਂ ’ਚ ਸ਼ੁਮਾਰ ਰਹੇ। ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵੀ ਮੈਨੇਜਰ ਏਪੀਐਸ ਬੇਦੀ ਤੇ ਇੰਚਾਰਜ ਹਰਵਿੰਦਰ ਕਾਲਵਾ ਦੀ ਅਗਵਾਈ ਹੇਠਾਂ ਸੰਗਤਾਂ ਲਈ ਢੁਕਵੇਂ ਪ੍ਰਬੰਧ ਕੀਤੇ ਹੋਏ ਸਨ। ਇਸੇ ਤਰ੍ਹਾਂ ਪਾਤਸ਼ਾਹੀ ਨੌਵੀਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਮੈਨੇਜਰ ਮਨਜੀਤ ਸਿੰਘ ਕੌਲੀ, ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਮੈਨੇਜਰ ਧਨਵੰਤ ਸਿੰਘ ਹੁਸੈਨਪੁਰ ਦੀ ਅਗਵਾਈ ਹੇਠ ਵੀ ਸਮਾਗਮ ਕਰਵਾਏ ਗਏ।
ਮਸਤੂਆਣਾ ਸਾਹਿਬ(ਸਤਨਾਮ ਸਿੰਘ ਸੱਤੀ): ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਰਾਜਪੁਰਾ(ਦਰਸ਼ਨ ਸਿੰਘ ਮਿੱਠਾ): ਇਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਰਾਜਪੁਰਾ ਵਿੱਚ ਸਥਿਤ ਗੁਰਦੁਆਰਾ ਸਾਹਿਬਾਨਾਂ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਗੁਰਪੁਰਬ ਨੂੰ ਸਮਰਪਿਤ ਕਈ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਸਜਾਏ ਗਏ ਅਤੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ।
ਡਕਾਲਾ (ਮਾਨਵਜੋਤ ਭਿੰਡਰ): ਇਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਵੱਖ-ਵੱਖ ਪਿੰਡਾਂ ’ਚ ਅੱਜ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਮਗਰੋਂ ਕੀਰਤਨ ਦੇ ਪ੍ਰਵਾਹ ਚੱਲੇ। ਗੁਰੂ ਘਰਾਂ ਤੋਂ ਇਲਾਵਾ ਲੋਕਾਂ ਨੇ ਆਪਦੇ ਘਰਾਂ ’ਤੇ ਵੀ ਦੀਪਮਾਲਾ ਕੀਤੀ। ਇਸ ਤੋਂ ਇਲਾਵਾ ਇਲਾਕੇ ’ਚ ਪੈਂਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਨੌਵੀ ਕਰਹਾਲੀ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਨੇ ਗੁਰੂ ਘਰ ਮੱਥਾ ਟੇਕਿਆ।