For the best experience, open
https://m.punjabitribuneonline.com
on your mobile browser.
Advertisement

ਪ੍ਰਕਾਸ਼ ਪੁਰਬ ਸਮਾਗਮ ਅੱਜ: ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ

08:47 AM Sep 04, 2024 IST
ਪ੍ਰਕਾਸ਼ ਪੁਰਬ ਸਮਾਗਮ ਅੱਜ  ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ
ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਨੂੰ ਫੁੱਲਾਂ ਨਾਲ ਸਜਾਏ ਜਾਣ ਦੀ ਝਲਕ। -ਫੋਟੋ: ਏਐੱਨਆਈ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਸਤੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਦਰਬਾਰ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਪਹਿਲਾ ਪ੍ਰਕਾਸ਼ ਪੁਰਬ ਭਲਕੇ 4 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਸਬੰਧ ਵਿੱਚ ਭਲਕੇ ਅੰਮ੍ਰਿਤਸਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਸਤੰਬਰ 1604 ਵਿਚ ਪਹਿਲੀ ਵਾਰ ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ, ਜਿਸ ਨੂੰ ਅੱਜ ਵੀ ਪਹਿਲੇ ਪ੍ਰਕਾਸ਼ ਪੁਰਬ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਦੇਸ਼ ਵਿਦੇਸ਼ ਤੋਂ ਮੰਗਵਾਏ ਗਏ ਵੱਖ ਵੱਖ ਕਿਸਮਾਂ ਦੇ ਫੁੱਲਾਂ ਨਾਲ ਹਰਿਮੰਦਰ ਸਾਹਿਬ ਨੂੰ ਸਜਾਇਆ ਗਿਆ। ਇਸ ਸਬੰਧੀ ਹਰਿਮੰਦਰ ਸਾਹਿਬ ਦੇ ਅੰਦਰ, ਅਕਾਲ ਤਖਤ, ਦਰਸ਼ਨੀ ਡਿਉੜੀ ਵਾਲੇ ਪੁਲ, ਪ੍ਰਵੇਸ਼ ਦੁਆਰ, ਵਰਾਂਡਿਆਂ, ਜੰਗਲਿਆਂ ਤੇ ਹੋਰ ਥਾਵਾਂ ’ਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਕਈ ਥਾਵਾਂ ’ਤੇ ਫੁੱਲਾਂ ਦੀਆਂ ਲੜੀਆਂ, ਕਈ ਥਾਵਾਂ ’ਤੇ ਗੁਲਦਸਤੇ ਬਣਾ ਕੇ ਲਾਏ ਗਏ ਹਨ। ਕਈ ਥਾਵਾਂ ’ਤੇ ਫੁੱਲਾਂ ਨਾਲ ਖੰਡਾ ਅਤੇ ੴ ਵੀ ਬਣਾਇਆ ਗਿਆ ਹੈ। ਫੁੱਲਾਂ ਨਾਲ ਕੀਤੀ ਗਈ ਸੁੰਦਰ ਸਜਾਵਟ ਅਤੇ ਇਸ ਦੀ ਮਹਿਕ ਨਾਲ ਹਰਿਮੰਦਰ ਸਾਹਿਬ ਦਾ ਆਲਾ ਦੁਆਲਾ ਅਲੌਕਿਕ ਦਿੱਖ ਦੇ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣਗੇ ਜਿਸ ਵਿਚ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸੰਗਤ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ। ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌਅ ਸਜਣਗੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸੰਗਤ ਨੂੰ ਵਧਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਮਨੁੱਖਤਾ ਨੂੰ ਪ੍ਰਮਾਤਮਾ ਨਾਲ ਜੁੜਨ ਤੇ ਉੱਤਮ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਾਂਝੀਵਾਲਤਾ ਅਤੇ ਸਦਭਾਵਨਾ ਦਾ ਸੁਨੇਹਾ ਦਿੰਦੀ ਹੈ। ਗੁਰਬਾਣੀ ਦੀ ਵਿਚਾਰਧਾਰਾ ਅਧਿਆਤਮਕ ਤੇ ਸਮਾਜਿਕ ਜੀਵਨ ਸੇਧਾਂ ਦਾ ਸੋਮਾ ਹੈ, ਜਿਸ ਅਨੁਸਾਰ ਜੀਵਨ ਬਸਰ ਕਰ ਕੇ ਮਨੁੱਖੀ ਜੀਵਨ ਨੂੰ ਹਰ ਪੱਖ ਤੋਂ ਮੁਕੰਮਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਸਾਲ 1604 ਵਿਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਮਨੁੱਖਤਾ ਨੂੰ ਸਰਬ ਸਾਂਝਾ ਪਾਵਨ ਗ੍ਰੰਥ ਬਖ਼ਸ਼ਿਸ਼ ਕੀਤਾ, ਜਿਸ ਦਾ ਸਥਾਨ ਪੂਰੀ ਦੁਨੀਆ ਦੇ ਧਰਮ ਇਤਿਹਾਸ ਅੰਦਰ ਵਿਲੱਖਣ ਤੇ ਨਿਰਾਲਾ ਹੈ। ਉਨ੍ਹਾਂ ਨੇ ਸਿੱਖ ਕੌਮ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਕੀਤੀ।

Advertisement

ਦੇਸ਼ ਤੇ ਵਿਦੇਸ਼ ਤੋਂ 40 ਟਨ ਫੁੱਲ ਮੰਗਵਾਏ: ਮੁੱਖ ਮੈਨੇਜਰ

ਹਰਿਮੰਦਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਇਹ ਸਜਾਵਟ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਕਰਵਾਈ ਗਈ ਹੈ। ਇਸ ਸਬੰਧ ਵਿੱਚ ਸ਼ਰਧਾਲੂਆਂ ਵੱਲੋਂ ਲਗਪਗ 40 ਟਨ ਫੁੱਲ ਦੇਸ਼ ਅਤੇ ਵਿਦੇਸ਼ ਤੋਂ ਮੰਗਵਾਏ ਗਏ ਹਨ, ਜਿਨ੍ਹਾਂ ਵਿੱਚ ਲਗਪਗ 20 ਕਿਸਮਾਂ ਦੇ ਫੁੱਲ ਸ਼ਾਮਲ ਹਨ। ਇਸ ਸਜਾਵਟ ਲਈ ਕੋਲਕਾਤਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਹੋਰ ਥਾਵਾਂ ਤੋਂ ਲਗਪਗ 100 ਮਾਹਰ ਕਾਰੀਗਰ ਆਏ ਹਨ ਅਤੇ ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਸ਼ਰਧਾਲੂ ਵੀ ਸ਼ਾਮਲ ਹਨ ਜਿਨ੍ਹਾਂ ਵੱਲੋਂ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਵਿਖੇ ਵੱਖ-ਵੱਖ ਥਾਵਾਂ ’ਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਚਾਰ ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ 4 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਰਾਮਸਰ ਤੋਂ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਪੁਰਾਤਨ ਪਰਪੰਰਾ ਮੁਤਾਬਿਕ ਪਾਵਨ ਸਰੂਪ ਹਰਿਮੰਦਰ ਸਾਹਿਬ ਲਿਆਂਦਾ ਜਾਵੇਗਾ।

Advertisement
Author Image

joginder kumar

View all posts

Advertisement