ਧਰਨੇ ’ਤੇ ਮਨਾਇਆ ਪ੍ਰਕਾਸ਼ ਪੁਰਬ
ਪੱਤਰ ਪ੍ਰੇਰਕ
ਸ਼ਾਹਕੋਟ, 15 ਨਵੰਬਰ
ਪਿੰਡ ਕੰਨੀਆਂ ਕਲਾਂ ਵਿਚ ਪਲਾਸਟਿਕ ਦੀਆਂ ਰੱਸੀਆਂ ਬਣਾਉਣ ਲਈ ਉਸਾਰੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਇਲਾਕਾ ਵਾਸੀਆਂ ਵੱਲੋਂ ਫੈਕਟਰੀ ਅੱਗੇ ਲਗਾਇਆ ਦਿਨ-ਰਾਤ ਦਾ ਧਰਨਾ 24ਵੇਂ ਦਿਨ ਵਿਚ ਦਾਖਲ ਹੋ ਗਿਆ। ਪੌਣੀ ਦਰਜਨ ਪਿੰਡਾਂ ਦੇ ਵਸਨੀਕ ਰੋਜ਼ਾਨਾ ਸਵੇਰੇ, ਦੁਪਹਿਰ ਅਤੇ ਰਾਤ ਸਮੇਂ ਵਾਰੋ-ਵਾਰੀ ਧਰਨੇ ਵਿਚ ਹਾਜ਼ਰੀ ਭਰਨ ਵਾਲਿਆਂ ਨੇ ਅੱਜ ਧਰਨੇ ’ਤੇ ਹੀ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਨੇ ਕਿਹਾ ਕਿ ਬਹੁਤ ਸਮਾਂ ਪਹਿਲਾ ਗੁਰੂ ਨਾਨਕ ਦੇਵ ਨੇ ਲੋਕਾਈ ਨੂੰ ਪਾਣੀ, ਧਰਤੀ ਅਤੇ ਹਵਾ ਨੂੰ ਬਚਾਉਣ ਦਾ ਸੰਦੇਸ਼ ਦਿਤਾ ਸੀ ਪਰ ਮੌਜੂਦਾ ਹਾਕਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਲਾਕੇ ਦੇ ਪਾਣੀ ਨੂੰ ਪਲੀਤ ਕਰਨ ਲਈ ਉਨ੍ਹਾਂ ਦੀ ਆਵਾਜ਼ ਨੂੰ ਨਹੀ ਸੁਣ ਰਹੇ। ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਤੀਰੇ ਤੋਂ ਲਗਦਾ ਕਿ ਉਹ ਇਲਾਕਾ ਵਾਸੀਆਂ ਨੂੰ ਬਿਮਾਰੀਆਂ ਵੰਡ ਕੇ ਧਰਤੀ ਨੂੰ ਬੰਜਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਫੈਕਟਰੀ ਨੂੰ ਬੰਦ ਕਰਵਾ ਕੇ ਹੀ ਧਰਨਾ ਖਤਮ ਕਰਨਗੇ। ਅੱਜ ਦੇ ਧਰਨੇ ਵਿਚ ਪਾਲ ਸਿੰਘ ਫਰਾਂਸ, ਜਗਤਾਰ ਸਿੰਘ ਤਾਰੀ, ਪਰਮਜੀਤ ਸਿੰਘ ਪੰਮਾ, ਲਖਬੀਰ ਸਿੰਘ, ਡਾ. ਮੋਹਿਤ ਠਾਕੁਰ, ਇੰਦਰਜੀਤ ਸਿੰਘ ਚੱਠਾ, ਕੁਲਦੀਪ ਸਿੰਘ, ਤਾਰਾ ਸਿੰਘ, ਕੁੰਦਨ ਸਿੰਘ, ਗਿਆਨ ਸਿੰਘ, ਨਿਰਮਲ ਸਿੰਘ, ਜੱਸਾ ਅਤੇ ਪ੍ਰਭਦੀਪ ਸਿੰਘ ਹਾਜ਼ਰ ਸਨ।