ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲੋਚਨਾ ਝੱਲਣ ਦਾ ਮਨਮੋਹਣਾ ਸਲੀਕਾ

06:30 PM Dec 30, 2024 IST

ਟੀਐੱਨ ਨੈਨਾਨ
1981 ਵਿੱਚ ਪਹਿਲੀ ਵਾਰ ਮਨਮੋਹਨ ਸਿੰਘ ਨੂੰ ਮਿਲਿਆ ਸਾਂ। ਉਦੋਂ ਮੈਂ ਦਿੱਲੀ ਵਿੱਚ ‘ਬਿਜ਼ਨਸ ਸਟੈਂਡਰਡ’ ਅਖ਼ਬਾਰ ਦਾ ਰਿਪੋਰਟਰ ਸੀ ਅਤੇ ਆਪਣੇ ਬਿਊਰੋ ਚੀਫ ਨਾਲ ਯੋਜਨਾ ਕਮਿਸ਼ਨ ਦੇ ਮੈਂਬਰ ਸਕੱਤਰ ਡਾ. ਮਨਮੋਹਨ ਸਿੰਘ ਨੂੰ ਮਿਲਣ ਗਿਆ ਸੀ। ਉਹ ਦੋਵੇਂ ਪੁਰਾਣੇ ਮਿੱਤਰ ਸਨ ਤੇ ਜਦੋਂ ਅਸੀਂ ਵੱਡੇ ਸਾਰੇ ਦਫ਼ਤਰ ਵਿੱਚ ਸੋਫੇ ’ਤੇ ਜਾ ਬੈਠੇ, ਡਾ. ਮਨਮੋਹਨ ਸਿੰਘ ਨੇ ਚੰਗੀ ਤਰ੍ਹਾਂ ਪਾਲਿਸ਼ ਕੀਤੇ ਜੁੱਤੇ ਪਾਏ ਹੋਏ ਸਨ। ਮੇਰੇ ਬੌਸ ਨੇ ਦੇਖਿਆ ਕਿ ਉਨ੍ਹਾਂ ਦੀ ਜੁੱਤੀ ਦੇ ਉਤਲੇ ਚਮੜੇ ’ਤੇ ਇੱਕ ਥਾਂ ਤੋਂ ਕ੍ਰੀਜ਼ ਫਟ ਰਹੀ ਸੀ। ਉਨ੍ਹਾਂ ਹਲਕੇ-ਫੁਲਕੇ ਲਹਿਜੇ ਵਿੱਚ ਨਵੀਂ ਜੁੱਤੀ ਖਰੀਦਣ ਦੀ ਟਾਂਚ ਮਾਰੀ ਤਾਂ ਡਾ. ਸਾਹਿਬ ਦਾ ਜਵਾਬ ਸੀ ਕਿ ਯੂਐੱਨਓ ਵਿੱਚ ਉਨ੍ਹਾਂ ਦੀ ਪਿਛਲੀ ਨੌਕਰੀ ਦੀਆਂ ਬੱਚਤਾਂ ਨਾਲ ਆਪਣਾ ਘਰ ਪਾ ਲਿਆ, ਹੁਣ ਉਹ ਆਪਣੀਆਂ ਧੀਆਂ ਦੇ ਹੱਥ ਪੀਲੇ ਕਰਨ ਲਈ ਬੱਚਤ ਕਰ ਰਹੇ ਹਨ।
ਕੁਝ ਸਮੇਂ ਬਾਅਦ ਮੈਨੂੰ ਕਮਿਸ਼ਨ ਦੇ ਇੱਕ ਹੋਰ ਮੈਂਬਰ ਦੇ ਘਰ ਜਾਣਾ ਪਿਆ ਜੋ ਉੱਘੇ ਵਿਗਿਆਨੀ ਸਨ। ਉਨ੍ਹਾਂ ਮੈਨੂੰ ਚਾਹ ਨਾ ਪਿਲਾ ਸਕਣ ਦੀ ਖਿਮਾ ਮੰਗੀ ਤੇ ਖੋਲ੍ਹ ਕੇ ਦੱਸਿਆ ਕਿ ਚੀਨੀ ਦੀਆਂ ਕੀਮਤਾਂ ਇੰਨੀਆਂ ਚੜ੍ਹ ਗਈਆਂ ਹਨ ਕਿ ਖਰੀਦਣ ’ਚ ਮੁਸ਼ਕਿਲ ਆ ਰਹੀ ਹੈ।
ਉਹ ਵੀ ਕਿਹੋ ਜਿਹੇ ਦਿਨ ਸਨ। ਸਰਕਾਰ ਦੇ ਉੱਚ ਅਹੁਦਿਆਂ ’ਤੇ ਬਿਰਾਜਮਾਨ ਲੋਕ ਵੀ ਸਾਦਗੀ ਭਰੀ ਜ਼ਿੰਦਗੀ ਜਿਉਂਦੇ ਹੁੰਦੇ ਸਨ। ਆਮ ਤੌਰ ’ਤੇ ਦੇਸ਼ ਦੇ ਅਰਥਚਾਰੇ ਦੀ ਦੁਨੀਆ ਵਿੱਚ ਗ਼ਰੀਬੀ ਕਰ ਕੇ ਜਾਂ ਘਰੋਗੀ ਤੌਰ ’ਤੇ ਚੀਜ਼ਾਂ ਦੀ ਕਿੱਲਤ ਅਤੇ ਬੰਦਿਸ਼ਾਂ ਬਾਰੇ ਚਰਚਾ ਹੁੰਦੀ ਸੀ। ਕੁਝ ਇਸੇ ਕਿਸਮ ਦਾ ਹੀ ਅਰਥਚਾਰਾ ਸੀ ਜਿਸ ਨੂੰ ਡਾ. ਮਨਮੋਹਨ ਸਿੰਘ ਨੇ 1991 ਵਿੱਚ ਬੰਦਿਸ਼ਾਂ ਤੋਂ ਮੁਕਤੀ ਦਿਵਾਈ ਸੀ। ਤਦ ਕਿਤੇ ਉਤਪਾਦਕ ਖ਼ਪਤਕਾਰਾਂ ਦੀ ਤਲਾਸ਼ ਕਰਨ ਲੱਗੇ ਸਨ।
ਇਹ ਹਕੀਕਤ ਹੈ ਕਿ ਡਾ. ਮਨਮੋਹਨ ਸਿੰਘ ਨੇ 1991 ਵਿੱਚ ਜਿੰਨਾ ਕੰਮ ਕੀਤਾ ਸੀ, ਉਸ ਦਾ ਕਾਫ਼ੀ ਹੱਦ ਤੱਕ ਸਿਹਰਾ ਵੀ ਉਨ੍ਹਾਂ ਨੂੰ ਦਿੱਤਾ ਗਿਆ ਸੀ। ਇੱਕ ਵਾਰ ਇੰਟਰਵਿਊ ਵਿੱਚ ਉਨ੍ਹਾਂ ਖ਼ੁਦ ਆਖਿਆ ਸੀ ਕਿ ਇਹ ਟੀਮ ਦਾ ਉੱਦਮ ਸੀ ਜਿਸ ਵਿੱਚ ਗੈਰ-ਚਰਚਿਤ ਪੀਵੀ ਨਰਸਿਮ੍ਹਾ ਰਾਓ ਤੋਂ ਲੈ ਕੇ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਏਐੱਨ ਵਰਮਾ ਅਤੇ ਸਨਅਤ ਤੇ ਕਾਮਰਸ ਮੰਤਰਾਲਿਆਂ ਵਿੱਚ ਤਾਇਨਾਤ ਅਧਿਕਾਰੀਆਂ ਨੇ ਆਪੋ-ਆਪਣੀ ਭੂਮਿਕਾ ਨਿਭਾਈ ਸੀ। ਯਸ਼ਵੰਤ ਸਿਨਹਾ ਨੇ ਚੰਦਰ ਸ਼ੇਖਰ ਸਰਕਾਰ ਵੇਲੇ ਵਿੱਤ ਮੰਤਰੀ ਹੁੰਦਿਆਂ ਦੀਵਾਲੀਆਪਣ ਦੀ ਸਥਿਤੀ ਨੂੰ ਉਦੋਂ ਤੱਕ ਸੰਭਾਲੀ ਰੱਖਿਆ ਜਦੋਂ ਤੱਕ ਰਾਓ ਸਰਕਾਰ ਨੇ ਹਲਫ਼ ਨਹੀਂ ਲੈ ਲਿਆ ਸੀ। ਉਂਝ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਨਵੇਂ ਦੌਰ ਦਾ ਆਗਾਜ਼ ਕਰਨ ਵਾਲਾ ਨਾਜ਼ੁਕ ਪੜਾਅ ਉਦੋਂ ਆਇਆ ਜਦੋਂ ਡਾ. ਮਨਮੋਹਨ ਸਿੰਘ ਨੇ ਬਤੌਰ ਵਿੱਤ ਮੰਤਰੀ ਆਪਣਾ ਪਲੇਠਾ ਬਜਟ ਪੇਸ਼ ਕੀਤਾ। ਇਸ ਵਿੱਚ ਉਨ੍ਹਾਂ ਵਿਕਟਰ ਹਿਊਗੋ ਦਾ ਕਥਨ ਵਰਤਿਆ ਸੀ ਕਿ ‘ਦੁਨੀਆ ਦੀ ਕੋਈ ਵੀ ਤਾਕਤ ਉਸ ਵਿਚਾਰ ਨੂੰ ਰੋਕ ਨਹੀਂ ਸਕਦੀ ਜਿਸ ਦਾ ਸਮਾਂ ਆ ਗਿਆ ਹੋਵੇ’ ਅਤੇ ਆਪਣੇ ਭਾਸ਼ਣ ਦੀ ਸਮਾਪਤੀ ਇਨ੍ਹਾਂ ਦਮਦਾਰ ਲਫ਼ਜ਼ਾਂ ਨਾਲ ਕੀਤੀ ਕਿ “ਪੂਰੀ ਦੁਨੀਆ ਇਹ ਕੰਨ ਖੋਲ੍ਹ ਕੇ ਸਾਫ਼-ਸਾਫ਼ ਸੁਣ ਲਵੇ ਕਿ ਭਾਰਤ ਦੀ ਜਾਗ ਖੁੱਲ੍ਹ ਚੁੱਕੀ ਹੈ। ਅਸੀਂ ਕਾਮਯਾਬ ਹੋਵਾਂਗੇ ਅਤੇ ਅਸੀਂ ਹਰ ਮੁਸ਼ਕਿਲ ’ਤੇ ਕਾਬੂ ਪਾਵਾਂਗੇ।”
ਉਂਝ, ਜੇ ਤਵਾਜ਼ਨ ਕਾਇਮ ਕਰਨ ਲਈ ਕਹਿਣਾ ਹੋਵੇ ਤਾਂ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਜੋ ਕੁਝ ਚੀਜ਼ਾਂ ਵਾਪਰੀਆਂ ਸਨ, ਉਨ੍ਹਾਂ ਬਦਲੇ ਜਿੰਨੀ ਉਨ੍ਹਾਂ ਦੀ ਆਲੋਚਨਾ ਹੋਈ ਸੀ, ਸ਼ਾਇਦ ਉਹ ਉਸ ਦੇ ਓਨੇ ਹੱਕਦਾਰ ਨਹੀਂ ਸਨ। ਉਨ੍ਹਾਂ ਸਾਹਮਣੇ ਹਾਲਾਤ ਬਹੁਤ ਔਖੇ ਸਨ: ਢਿੱਲੀ ਜਿਹੀ ਕੁਲੀਸ਼ਨ ਸਰਕਾਰ ਜਿਸ ਦਾ ਹਰੇਕ ਭਿਆਲ ਜੋ ਵੀ ਚਾਹੁੰਦਾ ਸੀ, ਲੈ ਲੈਂਦਾ ਸੀ; ਪ੍ਰੇਸ਼ਾਨਕੁਨ ਸਰਕਾਰ ਜਿਸ ਨੂੰ ਅੜਿੱਕੇ ਡਾਹੁਣ ਲਈ ਜਾਣੇ ਜਾਂਦੇ ਕਮਿਊਨਿਸਟਾਂ ਦੀ ਹਮਾਇਤ ਦਰਕਾਰ ਸੀ; ਅਜਿਹੀ ਕੈਬਨਿਟ ਜਿਸ ਦੇ ਬਹੁਗਿਣਤੀ ਮੰਤਰੀਆਂ ਦੀ ਵਫ਼ਾਦਾਰੀ ਪ੍ਰਧਾਨ ਮੰਤਰੀ ਦੀ ਬਜਾਇ ਸੋਨੀਆ ਗਾਂਧੀ ਨਾਲ ਸੀ ਅਤੇ ਖ਼ੁਦ ਸ੍ਰੀਮਤੀ ਗਾਂਧੀ ਜਿਨ੍ਹਾਂ ਇੱਕ ਹੱਦ ਤੱਕ ਸੱਤਾ ਦੀ ਵਾਗਡੋਰ ਆਪਣੇ ਹੱਥ ਵਿੱਚ ਰੱਖੀ ਹੋਈ ਸੀ ਅਤੇ ਇੱਕ ਤਰ੍ਹਾਂ ਦੀ ਦੁਸਾਂਗੜ ਸਰਕਾਰ ਕਾਇਮ ਕੀਤੀ ਹੋਈ ਸੀ। ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਤਾਂ ਸਨ ਪਰ ਅਸਲ ਵਿੱਚ ਪੂਰਾ ਕੰਟਰੋਲ ਉਨ੍ਹਾਂ ਕੋਲ ਨਹੀਂ ਸੀ।
ਫਿਰ ਵੀ, ਉਹ ਆਪਣੀ ਬਣਦੀ ਲੀਡਰਸ਼ਿਪ ਦੇਣ ਵਿੱਚ ਨਾਕਾਮ ਰਹੇ ਹਾਲਾਂਕਿ ਉਨ੍ਹਾਂ ਸੰਭਾਵਨਾ ਦੀ ਕਲਾ ਵਾਲੀ ਸਿਆਸਤ ਨੂੰ ਦਾਰਸ਼ਨਿਕਤਾ ਦੀ ਪੁੱਠ ਚਾੜ੍ਹਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਿਸ਼ਚੇ ਨਾਲ ਸੰਭਾਵਨਾਵਾਂ ਦੀ ਰੇਂਜ ਨੂੰ ਵਿਸਤਾਰ ਨਹੀਂ ਦਿੱਤਾ ਜਿਵੇਂ ਮੈਂ ਆਪਣੀ ਨਿੱਜੀ ਕਿਸਮ ਦੀ ਦੋਸਤਾਨਾ ਗੁਫ਼ਤਗੂ ਦੌਰਾਨ ਉਨ੍ਹਾਂ ਸਾਹਮਣੇ ਖੁੱਲ੍ਹ ਕੇ ਆਪਣੇ ਮਨੋਭਾਵ ਸਾਂਝੇ ਕੀਤੇ ਸਨ। ਡਾ. ਮਨਮੋਹਨ ਸਿੰਘ ਦਾ ਜਵਾਬ ਸੀ ਕਿ ਉਨ੍ਹਾਂ ਦੀ ਆਪਣੀ ਕੋਈ ਸਿਆਸੀ ਲਾਲਸਾ ਨਹੀਂ ਸੀ। ਕਿਸੇ ਪ੍ਰਧਾਨ ਮੰਤਰੀ ਲਈ ਇਹ ਕਹਿਣਾ ਅਜੀਬ ਗੱਲ ਲੱਗਦੀ ਹੈ। ਸੋਨੀਆ ਗਾਂਧੀ ਨੂੰ ਇਸ ਗੱਲ ਦਾ ਸਿਹਰਾ ਦੇਣਾ ਬਣਦਾ ਹੈ ਕਿ ਉਹ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕਈ ਵੱਡੀਆਂ ਪਹਿਲਕਦਮੀਆਂ ਜਿਵੇਂ ਸੂਚਨਾ ਦਾ ਅਧਿਕਾਰ, ਮਗਨਰੇਗਾ ਅਤੇ ਖ਼ੁਰਾਕ ਦਾ ਅਧਿਕਾਰ ਜਿਹੇ ਪ੍ਰੋਗਰਾਮਾਂ ਦੀ ਜਨਕ ਸੀ। ਕਿਸਾਨਾਂ ਦੀ ਕਰਜ਼ ਮੁਆਫ਼ੀ ਨੂੰ ਛੱਡ ਕੇ, ਇਵੇਂ ਜਾਪਦਾ ਸੀ ਜਿਵੇਂ ਡਾ. ਮਨਮੋਹਨ ਸਿੰਘ ਕੋਲ ਮੌਲਿਕ ਵਿਚਾਰਾਂ ਦੀ ਤੋਟ ਆ ਗਈ ਸੀ।
ਅੰਤ ਨੂੰ ਜੋ ਗੱਲ ਤੁਹਾਡੇ ਕੋਲ ਰਹਿ ਜਾਂਦੀ ਹੈ, ਉਹ ਹੈ ਉਨ੍ਹਾਂ ਦੀਆਂ ਨਿੱਜੀ ਖੂਬੀਆਂ। ਪਾਰਦਰਸ਼ੀ ਸਾਫ਼ਗੋਈ, ਜਨਤਕ ਮਨੋਰਥ ਦੀ ਸੂਝ, ਸਲੀਕੇਦਾਰੀ ਅਤੇ ਨਿਮਰਤਾ ਜੋ ਹਰੇਕ ਮੀਟਿੰਗ ਵਿੱਚ ਛਾਪ ਛੱਡ ਕੇ ਜਾਂਦੀ ਸੀ, ਹਰ ਮਿਲਣੀ ਵੇਲੇ ਉਜਾਗਰ ਹੁੰਦੀ ਸਮਝਦਾਰੀ ਅਤੇ ਸਿਆਣਪ ਦੀ ਗਹਿਰਾਈ, ਕਦੇ ਕਦਾਈਂ ਥੋੜ੍ਹਾ ਹਾਸਾ ਮਜ਼ਾਕ ਜੋ ਔਖੇ ਸਮਿਆਂ ਵਿੱਚ ਉਨ੍ਹਾਂ ਦੇ ਹੱਸਣ ਦੀ ਕਾਬਲੀਅਤ ਨੂੰ ਦਰਸਾਉਂਦਾ ਸੀ। ਇਸ ਤੋਂ ਇਲਾਵਾ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਕੁਆਨ ਯੀਊ ਜਿਹੇ ਆਗੂਆਂ ਦੇ ਮਨ ਵਿੱਚ ਉਨ੍ਹਾਂ ਪ੍ਰਤੀ ਬਣਿਆ ਸਤਿਕਾਰ ਵੀ ਸਾਡੇ ਕੋਲ ਹੈ।
ਇਹ ਵੀ ਕਿ ਉਹ ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦਿੰਦੇ ਸਨ। 1996 ਦੇ ਅਖ਼ੀਰ ਵਿੱਚ ਜਦੋਂ ਮੈਂ ਇਹ ਜ਼ਿਕਰ ਕੀਤਾ ਕਿ ਰਾਓ ਸਰਕਾਰ ਅਗਲੀਆਂ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਵਿੱਚ ਆਰਥਿਕ ਸੁਧਾਰਾਂ ਨੂੰ ਉਭਾਰ ਕੇ ਪੇਸ਼ ਨਹੀਂ ਕਰੇਗੀ ਤਾਂ ਡਾ. ਮਨਮੋਹਨ ਸਿੰਘ ਇੱਕ ਪਲ ਸੋਚ ਕੇ ਸਵਾਲ ਕੀਤਾ, “ਇਸ ਤੋਂ ਇਲਾਵਾ ਗੱਲ ਕਰਨ ਲਈ ਭਲਾ ਹੋਰ ਹੈ ਵੀ ਕੀ?”
ਟਿੱਪਣੀਕਾਰਾਂ ਨੇ ਡਾ. ਮਨਮੋਹਨ ਸਿੰਘ ਦੀ ਨਿਮਰਤਾ ਦਾ ਹਵਾਲਾ ਦਿੱਤਾ ਹੈ। ਬਿਲਕੁਲ, ਉਨ੍ਹਾਂ ਦਾ ਵਤੀਰਾ ਸੁਭਾਵਿਕ ਤੌਰ ’ਤੇ ਹੀ ਨਿਮਰ ਸੀ ਪਰ ਮੈਨੂੰ ਕਾਫ਼ੀ ਚਿਰ ਤੱਕ ਲੱਗਦਾ ਰਿਹਾ ਕਿ ਆਪਣੇ ਵਿਚਾਰ ’ਚ ਉਹ ਖ਼ੁਦ ਨੂੰ ਆਪਣੇ ਆਲੇ-ਦੁਆਲੇ ਵਾਲਿਆਂ ਨਾਲੋਂ ਉੱਚਾ ਖੜ੍ਹਾ ਦੇਖਦੇ ਸਨ। ਜੇ ਅਜਿਹਾ ਹੀ ਸੀ ਤਾਂ ਨਿਰਸੰਦੇਹ ਉਨ੍ਹਾਂ ਕੋਲ ਇਸ ਸਵੈ-ਮੁਲਾਂਕਣ ਨੂੰ ਚੰਗੀ ਤਰ੍ਹਾਂ ਲੁਕੋ ਕੇ ਰੱਖਣ ਦੀ ਬਿਹਤਰ ਸਮਝ ਸੀ। ਅਸਲ ’ਚ, ਉਹ ਦੂਜਿਆਂ ਦੇ ਗ਼ਰੂਰ ਨਾਲ ਖੇਡਣਾ ਵੀ ਜਾਣਦੇ ਸਨ, ਖੁੱਲ੍ਹੀ ਸਿਫ਼ਤ ਨਾਲ ਅਗਲੇ ਨੂੰ ਕਾਬੂ ਕਰ ਲੈਂਦੇ ਸਨ। ਦਿੱਲੀ ਦੇ ਤਾਜ ਪੈਲੇਸ ਹੋਟਲ ’ਚ ਭੋਜ ਦੌਰਾਨ ਜੌਰਜ ਡਬਲਿਊ ਬੁਸ਼ ਬਾਰੇ ਥੋੜ੍ਹਾ ਵਧਾ-ਚੜ੍ਹਾ ਕੇ ਦਿੱਤਾ ਬਿਆਨ ਇਸ ਦੀ ਮਿਸਾਲ ਹੈ, ਜਦੋਂ ਉਨ੍ਹਾਂ ਭਾਰਤ ਦਾ ਦੌਰਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਨੂੰ ਕਿਹਾ ਕਿ ਸਾਰਾ ਭਾਰਤ ਉਨ੍ਹਾਂ (ਬੁਸ਼) ਨੂੰ ਪਿਆਰ ਕਰਦਾ ਹੈ।
ਆਈਐੱਮਐੱਫ ਦੇ ਪ੍ਰਬੰਧਕੀ ਨਿਰਦੇਸ਼ਕ (ਐੱਮਡੀ) ਮਿਸ਼ੇਲ ਕੈਮਡੇਸਸ ਨਾਲ ਵੀ ਉਨ੍ਹਾਂ ਇਸੇ ਤਰ੍ਹਾਂ ਹੀ ਕੀਤਾ ਜਿਸ ਨੇ 1991 ਵਿੱਚ ਭਾਰਤ ਲਈ ਅਤਿ-ਲੋੜੀਂਦਾ ਕਰਜ਼ਾ ਪਾਸ ਕੀਤਾ ਸੀ। ਮਗਰੋਂ, ਦਿੱਲੀ ’ਚ ਰਾਤਰੀ ਭੋਜ ਮੌਕੇ ਜਦ ਮਿਸ਼ੇਲ ਆਏ, ਡਾ. ਮਨਮੋਹਨ ਨੇ ਉਸੇ ਅੰਦਾਜ਼ ਵਿੱਚ ਖੁੱਲ੍ਹ ਕੇ ਸਿਫ਼ਤ ਕਰਦਿਆਂ ਆਪਣੇ ਮਹਿਮਾਨ ਨੂੰ ‘ਸਰ’ ਕਹਿ ਕੇ ਸੰਬੋਧਨ ਕੀਤਾ। ਸ਼ਾਇਦ, ਇਸ ਨੂੰ ਮਹਿਮਾਨ ਨਾਲ ਕੀਤੇ ਜਾਂਦੇ ਭਾਰਤੀ ਵਿਹਾਰ ਦੀ ਵਿਸ਼ੇਸ਼ਤਾ ਵੀ ਮੰਨਿਆ ਜਾ ਸਕਦਾ ਹੈ ਪਰ ਉੱਥੇ ਬੈਠਿਆਂ, ਮੈਨੂੰ ਲੱਗਾ ਕਿ ਭਾਰਤ ਦੇ ਕਿਸੇ ਵੀ ਵਿੱਤ ਮੰਤਰੀ ਨੂੰ ਆਈਐੱਮਐੱਫ ਦੇ ਅਧਿਕਾਰੀ ਨੂੰ ਇਸ ਢੰਗ ਨਾਲ ਸੰਬੋਧਨ ਨਹੀਂ ਕਰਨਾ ਚਾਹੀਦਾ।
ਜਦੋਂ ਉਨ੍ਹਾਂ ਦੀ ਆਲੋਚਨਾ ਹੁੰਦੀ ਤਾਂ ਉਹ ਇਸ ਦਾ ਸਾਹਮਣਾ ਪੂਰੀ ਸਿਆਣਪ ਨਾਲ ਕਰਦੇ, ਕਦੇ ਵੀ ਨਿੱਜੀ ਬੈਠਕਾਂ ਜਾਂ ਇੰਟਰਵਿਊ ’ਚ ਇਸ ਦਾ ਜ਼ਿਕਰ ਨਾ ਕਰਦੇ। ਅਖ਼ਬਾਰ ਦੀ ਪੁਸਤਕ ਡਿਵੀਜ਼ਨ ਵੱਲੋਂ ਪ੍ਰਕਾਸ਼ਿਤ ਪਹਿਲੀ ਕਿਤਾਬ ਰਿਲੀਜ਼ ਕਰਦਿਆਂ ਉਨ੍ਹਾਂ ਕਿਹਾ ਕਿ ਆਲੋਚਨਾ ਨੂੰ ਉਹ ਸਰਕਾਰ ਦੀਆਂ ਨਾਕਾਮੀਆਂ ਨਾਲ ਜੋੜ ਕੇ ਦੇਖਦੇ ਹਨ ਪਰ ਨਾਲ ਹੀ ਕਿਹਾ ਕਿ ਅਖ਼ਬਾਰ ਨੂੰ ਘੱਟੋ-ਘੱਟ ਸਰਕਾਰ ਦੀਆਂ ਉਪਲਬਧੀਆਂ ਦਾ ਸਿਹਰਾ ਤਾਂ ਇਸ ਨੂੰ ਦੇਣਾ ਚਾਹੀਦਾ ਹੈ। ਇਹ ਨੁਕਤਾ ਵਾਜਬ ਸੀ।
ਕੈਂਬਰਿਜ ’ਚ ਡਾ. ਮਨਮੋਹਨ ਸਿੰਘ ਦੇ ਮਿੱਤਰ ਰਹੇ ਤੇ ਸਮਕਾਲੀ ਅਸ਼ੋਕ ਵੀ. ਦੇਸਾਈ ਦੀ ਆਲੋਚਨਾ ਦਾ ਇੱਥੇ ਜ਼ਿਕਰ ਕਰਨਾ ਬਣਦਾ ਹੈ। ਇੱਕ ਤਿੱਖੇ ਤੇ ਵਿਅੰਗ ਕੱਸਣ ਵਾਲੇ ਕਾਲਮਨਵੀਸ ਵਜੋਂ ਦੇਸਾਈ ਨੇ 1995 ਜਾਂ ਇਸ ਦੇ ਨੇੜੇ-ਤੇੜੇ ਲਿਖਿਆ ਕਿ ਡਾ. ਮਨਮੋਹਨ ਵਿਅਕਤੀਗਤ ਤੌਰ ’ਤੇ ਤਾਂ ਇਮਾਨਦਾਰ ਸਨ ਪਰ ਉਨ੍ਹਾਂ ਆਪਣੇ ਆਲੇ-ਦੁਆਲੇ ਭ੍ਰਿਸ਼ਟ ਲੋਕਾਂ ਨੂੰ ਬਰਦਾਸ਼ਤ ਕੀਤਾ। ਡਾ. ਮਨਮੋਹਨ ਸਿੰਘ ਨੇ ਰੋਸ ਜ਼ਾਹਿਰ ਕਰਨ ਲਈ ਮੈਨੂੰ ਫੋਨ ਕੀਤਾ ਤੇ ਪੁੱਛਿਆ ਕਿ ਇਸ ਤਰ੍ਹਾਂ ਦੀ ਨਿੰਦਿਆ ਤੋਂ ਉਹ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਲੇਖਕ ਉਨ੍ਹਾਂ ਦਾ ਦੋਸਤ ਹੈ ਤੇ ਮੈਂ ਦੇਸਾਈ ਨਾਲ ਉਨ੍ਹਾਂ ਦੀ ਗੱਲ ਕਰਵਾ ਸਕਦਾ ਹਾਂ। ਕਈ ਵਰ੍ਹੇ ਬੀਤੇ ਗਏ ਜਦੋਂ ਦੇਸਾਈ ਨੇ ਮੈਨੂੰ ਦੱਸਿਆ ਕਿ ਡਾ. ਮਨਮੋਹਨ ਨੇ ਆਖ਼ਿਰ ਉਸ ਨੂੰ ਮੁਆਫ਼ ਕਰ ਦਿੱਤਾ ਹੈ ਪਰ ਸੱਚ ਇਹ ਹੈ ਕਿ ਦੇਸਾਈ ਨੇ ਉਂਗਲ ਬਿਲਕੁਲ ਸਹੀ ਥਾਂ ਧਰੀ ਸੀ।
ਫਿਰ ਵੀ ਜਿਹੜੀ ਖੁੱਲ੍ਹੀ ਹਵਾ ’ਚ ਅਸੀਂ ਸਾਹ ਲੈ ਚੁੱਕੇ ਹਾਂ, ਉਹ ਉਸ ਸਮਾਗਮ ਵਿੱਚੋਂ ਝਲਕਦੀ ਹੈ ਜੋ ਵਿਗਿਆਨ ਭਵਨ ’ਚ ਡਾ. ਮਨਮੋਹਨ ਸਿੰਘ ਦੇ ਸਨਮਾਨ ’ਚ ਪੁਸਤਕ ਰਿਲੀਜ਼ ਕਰਨ ਲਈ ਰੱਖਿਆ ਸੀ ਤੇ ਉੱਥੇ ਪਹੁੰਚੇ ਲੋਕਾਂ ਦੀਆਂ ਟਿੱਪਣੀਆਂ ਜ਼ਿਕਰਯੋਗ ਹਨ। ਇਹ ਪੁਸਤਕ ਈਸ਼ਰ ਜੱਜ ਆਹਲੂਵਾਲੀਆ ਤੇ ਆਕਸਫੋਰਡ ’ਚ ਡਾ. ਮਨਮੋਹਨ ਦੇ ਅਧਿਆਪਕ ਰਹੇ ਇਆਨ ਲਿਟਲ ਨੇ ਸੰਪਾਦਿਤ ਕੀਤੀ ਸੀ। ਆਹਲੂਵਾਲੀਆ ਨੇ ਮੈਨੂੰ ਸਮਾਗਮ ’ਚ ਬੁਲਾਰੇ ਵਜੋਂ ਆਉਣ ਦਾ ਸੱਦਾ ਭੇਜਿਆ ਤੇ ਮੈਂ ਉੱਥੇ ਜੋ ਕਹਿਣਾ ਚਾਹੁੰਦਾ ਸੀ, ਕਿਹਾ ਪਰ ਆਲੋਚਨਾਤਮਕ ਟਿੱਪਣੀਆਂ ਹਲਕੇ-ਫੁਲਕੇ ਅੰਦਾਜ਼ ਵਿੱਚ ਕੀਤੀਆਂ ਹਾਲਾਂਕਿ ਰਘੂਰਾਮ ਰਾਜਨ ਨਹੀਂ ਰੁਕੇ, ਉਸ ਵੇਲੇ ਉਹ ਪ੍ਰਧਾਨ ਮੰਤਰੀ ਦੇ ਸਲਾਹਕਾਰ ਹੋਣ ਦੇ ਨਾਲ-ਨਾਲ ਸ਼ਿਕਾਗੋ ਵਿੱਚ ਪੜ੍ਹਾ ਵੀ ਰਹੇ ਸਨ। ਮੈਂ ਇਸ ਤਰ੍ਹਾਂ ਦੀ ਕਿਸੇ ਹੋਰ ਸਰਕਾਰ ਬਾਰੇ ਸੋਚ ਵੀ ਨਹੀਂ ਸਕਦਾ ਜਿਸ ਅਧੀਨ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਰੱਖੇ ਸਮਾਗਮ ’ਚ ਬੁਲਾਰੇ ਉਸ ਦੇ ਮੂੰਹ ’ਤੇ ਹੀ ਉਸ ਦੀ ਸਰਕਾਰ ਦੀ ਆਲੋਚਨਾ ਕਰਨ ਤੇ ਮਗਰੋਂ ਉਸੇ ਨਾਲ ਖਾਣਾ ਵੀ ਖਾਣ! ਇਸ ਤਰ੍ਹਾਂ ਦੀ ਸੀ ਉਨ੍ਹਾਂ ਵੇਲਿਆਂ ਦੀ ਆਜ਼ਾਦੀ।
ਪੱਤਰਕਾਰ ਵਜੋਂ ਮੈਂ ਖ਼ੁਸ਼ਕਿਸਮਤ ਰਿਹਾ ਹਾਂ ਕਿ ਪਿਛਲੇ 35 ਸਾਲਾਂ ਦੌਰਾਨ ਮੈਨੂੰ ਕਈ ਵਾਰ ਡਾ. ਮਨਮੋਹਨ ਸਿੰਘ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ, ਮੈਂ ਉਨ੍ਹਾਂ ਦਾ ਨਿੱਘ ਤੇ ਸ਼ਿਸ਼ਟਾਚਾਰ ਮਾਣਿਆ, ਹਰੇਕ ਬੈਠਕ ’ਚੋਂ ਉਨ੍ਹਾਂ ਦੀ ਸਿਆਣਪ ਦੇ ਨਵੇਂ ਪਹਿਲੂ ਤੋਂ ਜਾਣੂ ਹੋ ਕੇ ਉੱਠਿਆ ਅਤੇ ਉਸ ਸਾਰੀ ਆਲੋਚਨਾ ਜਿਹੜੀ ਮੈਂ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਦੀ ਕੀਤੀ, ਹਮੇਸ਼ਾ ਮੇਰੇ ਮਨ ’ਚ ਭਾਰਤ ਦੇ ਇਸ ਮਹਾਨ ਸਪੂਤ ਲਈ ਸਭ ਤੋਂ ਵੱਧ ਸਤਿਕਾਰ ਰਹੇਗਾ। ਉਨ੍ਹਾਂ ਦਾ ਦੇਹਾਂਤ ਮੇਰੇ ਲਈ ਕਿਸੇ ਵੀ ਹੋਰ ਹਸਤੀ ਦੇ ਇਸ ਦੁਨੀਆ ਤੋਂ ਰੁਖ਼ਸਤ ਹੋਣ ਨਾਲੋਂ ਜ਼ਿਆਦਾ ਦੁਖਦਾਈ ਰਿਹਾ ਹੈ।
*ਲੇਖਕ ਸੀਨੀਅਰ ਪੱਤਰਕਾਰ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਹਨ।

Advertisement

Advertisement