For the best experience, open
https://m.punjabitribuneonline.com
on your mobile browser.
Advertisement

ਪ੍ਰਚੰਡ ਤੇ ਮੁਇਜ਼ੂ ਵੱਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ

07:00 AM Jun 11, 2024 IST
ਪ੍ਰਚੰਡ ਤੇ ਮੁਇਜ਼ੂ ਵੱਲੋਂ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ
ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 10 ਜੂਨ
ਰਾਸ਼ਟਰਪਤੀ ਦਰੋਪਦੀ ਮੁੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਚ ਆਪਣੇ ਮਾਲਦੀਵੀਅਨ ਹਮਰੁਤਬਾ ਮੁਹੰਮਦ ਮੁਇਜ਼ੂ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨਾਲ ਮੁਲਾਕਾਤ ਕੀਤੀ। ਪ੍ਰਚੰਡ ਨਾਲ ਬੈਠਕ ਦੌਰਾਨ ਮੁਰਮੂ ਨੇ ਕਿਹਾ ਕਿ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ਤਹਿਤ ਨੇਪਾਲ ਉਨ੍ਹਾਂ ਦਾ ਤਰਜੀਹੀ ਭਾਈਵਾਲ ਹੈ ਤੇ ਉਨ੍ਹਾਂ ‘ਦੋਵਾਂ ਮੁਲਕਾਂ ਦੇ ਅਸਾਧਾਰਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ’ ਕਰਨ ਲਈ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਦੋਵਾਂ ਆਗੂਆਂ ਨੇ ਨੇਪਾਲ ਵਿਚ ਵੱਖ ਵੱਖ ਸੈਕਟਰਾਂ ਵਿਚ ਵਿਕਾਸ ਨਾਲ ਜੁੜੀਆਂ ਪਹਿਲਕਦਮੀਆਂ ਨੂੰ ਅੱਗੇ ਲਿਜਾਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ, ਜੋ ਦੋਵਾਂ ਮੁਲਕਾਂ ਦੇ ਲੋਕਾਂ ਲਈ ਲਾਹੇਵੰਦ ਹੋਣਗੀਆਂ।
ਮੁਰਮੂ ਨੇ ਰਾਸ਼ਟਰਪਤੀ ਮੁਇਜ਼ੂ ਦਾ ਸਵਾਗਤ ਕਰਦਿਆਂ ਮਾਲਦੀਵਜ਼ ਦੀ ਨਵੀਂ ਸਰਕਾਰ ਤੇ ਉਥੋਂ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਵਿਸ਼ਵਾਸ ਜ਼ਾਹਿਰ ਕੀਤਾ ਕਿ ਟਾਪੂਨੁਮਾ ਮੁਲਕ ਮੁਇਜ਼ੂ ਦੀ ਅਗਵਾਈ ਹੇਠ ਖ਼ੁਸ਼ਹਾਲੀ ਤੇ ਤਰੱਕੀ ਦੇ ਰਾਹ ’ਤੇ ਪੇਸ਼ਕਦਮੀ ਜਾਰੀ ਰੱਖੇਗਾ। ਰਾਸ਼ਟਰਪਤੀ ਮੁਰਮੂ ਨੇ ਆਸ ਜਤਾਈ ਕਿ ਭਾਰਤ-ਮਾਲਦੀਵ ਦੇ ਰਿਸ਼ਤੇ ਆਉਣ ਵਾਲੇ ਸਾਲਾਂ ਵਿਚ ਹੋਰ ਮਜ਼ਬੂਤ ਹੋਣਗੇ। ਪ੍ਰਚੰਡ ਤੇ ਮੁਇਜ਼ੂ ਭਾਰਤ ਦੇ ਗੁਆਂਢ ਮੱਥੇ ਤੇ ਹਿੰਦ ਮਹਾਸਾਗਰ ਖਿੱਤੇ ਨਾਲ ਸਬੰਧਤ ਉਨ੍ਹਾਂ ਸੱਤ ਆਲਮੀ ਆਗੂਆਂ ਵਿਚ ਸ਼ੁਮਾਰ ਹਨ, ਜਿਨ੍ਹਾਂ ਲੰਘੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਕੇਂਦਰੀ ਕੈਬਨਿਟ ਵਿਚ ਸ਼ਾਮਲ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕੀਤੀ ਸੀ। ਪਿਛਲੇ ਸਾਲ 17 ਨਵੰਬਰ ਨੂੰ ਟਾਪੂਨੁਮਾ ਮੁਲਕ ਦਾ ਰਾਸ਼ਟਰਪਤੀ ਬਣਨ ਮਗਰੋਂ ਮੁਇਜ਼ੂ ਦਾ ਇਹ ਪਲੇਠਾ ਭਾਰਤ ਦੌਰਾ ਹੈ। ਮੁਇਜ਼ੂ ਨੂੰ ਚੀਨ ਦੇ ਨੇੜੇ ਮੰਨਿਆ ਜਾਂਦਾ ਹੈ। ਮਾਲਦੀਵਜ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਅੰਦਰ ਮੁਇਜ਼ੂ ਨੇ ਮੁਲਕ ਵਿਚੋਂ ਭਾਰਤੀ ਫੌਜਾਂ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਸੀ। -ਪੀਟੀਆਈ

Advertisement

ਜੈਸ਼ੰਕਰ ਵੱਲੋਂ ਮੁਇਜ਼ੂ, ਸ਼ੇਖ ਹਸੀਨਾ ਤੇ ਰਨਿਲ ਵਿਕਰਮਸਿੰਘੇ ਨਾਲ ਦੁਵੱਲੀਆਂ ਮੀਟਿੰਗਾਂ

ਨਵੀਂ ਦਿੱਲੀ, 10 ਜੂਨ

ਕੇਂਦਰੀ ਮੰਤਰੀ ਐੱਸ ਜੈਸ਼ੰਕਰ ਨੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨਾਲ ਅੱਜ ਦੁਵੱਲੀਆਂ ਮੀਟਿੰਗਾਂ ਕੀਤੀਆਂ। ਜੈਸ਼ੰਕਰ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’, ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਅਤੇ ਸੈਸ਼ਲਜ਼ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਨਾਲ ਵੀ ਮੁਲਾਕਾਤ ਕੀਤੀ।
ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਸੱਤ ਆਗੂ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਰੋਹ ਵਿੱਚ ਭਾਗ ਲੈਣ ਲਈ ਦਿੱਲੀ ਵਿੱਚ ਸਨ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਲਿਖਿਆ, ‘‘ਨਵੀਂ ਦਿੱਲੀ ਵਿੱਚ ਅੱਜ ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਨੂੰ ਮਿਲ ਕੇ ਖੁਸ਼ੀ ਹੋਈ। ਭਾਰਤ ਤੇ ਮਾਲਦੀਵ ਵੱਲੋਂ ਮਿਲ ਕੇ ਕੰਮ ਕਰਨ ਦੀ ਆਸ ਕਰਦਾ ਹਾਂ।’’
ਜੈਸ਼ੰਕਰ ਪਿਛਲੀ ਮੋਦੀ ਕੈਬਨਿਟ ਵਿੱਚ ਵਿਦੇਸ਼ ਮੰਤਰੀ ਸਨ। ਉਨ੍ਹਾਂ ਨੇ ਐਤਵਾਰ ਨੂੰ ਕੇਂਦਰੀ ਮੰਤਰੀ ਵਜੋਂ ਮੁੜ ਹਲਫ਼ ਲਿਆ। ਮੁਇਜ਼ੂ ਦੇ ਪਿਛਲੇ ਸਾਲ 17 ਨਵੰਬਰ ਨੂੰ ਮਾਲਦੀਵ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੁਇਜ਼ੂ ਦਾ ਰੁਖ਼ ਚੀਨ ਪੱਖੀ ਹੈ। ਉਨ੍ਹਾਂ ਦੇ ਮਾਲਦੀਵ ਦੇ ਰਾਸ਼ਟਰਪਤੀ ਅਹੁਦੇ ’ਤੇ ਬੈਠਣ ਦੇ ਬਾਅਦ ਤੋਂ ਭਾਰਤ ਅਤੇ ਮਾਲਦੀਵ ਦੇ ਸਬੰਧਾਂ ਵਿੱਚ ਕਾਫੀ ਤਣਾਅ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਕੁਝ ਹੀ ਘੰਟੇ ਬਾਅਦ ਆਪਣੇ ਦੇਸ਼ ਤੋਂ ਭਾਰਤੀ ਫੌਜੀਆਂ ਨੂੰ ਵਾਪਸ ਸੱਦਣ ਦੀ ਮੰਗ ਕੀਤੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਫੌਜੀਆਂ ਦੀ ਥਾਂ ਆਮ ਨਾਗਰਿਕਾਂ ਨੂੰ ਤਾਇਨਾਤ ਕੀਤਾ ਗਿਆ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×