ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 10 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਚਲ ਰਹੀ ਪ੍ਰਭਾਤ ਫੇਰੀਆਂ ਦੀ ਲੜੀ ਵਿੱਚ ਅੱਜ ਦੀ ਪ੍ਰਭਾਤ ਫੇਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਸ਼ਬਦ ਬਾਣੀ ਦਾ ਗੁਣਗਾਣ ਕਰਦੀ ਹੋਈ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚ ਹੁੰਦੀ ਹੋਈ ਸ਼ਹੀਦ ਬਾਬਾ ਦੀਪ ਸਿੰਘ ਚੌਕ ਪੁੱਜੀ। ਇਸ ਵੱਲੋਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਗੁਰਦੁਆਰਾ ਨਾਨਕ ਦਰਬਾਰ ਦੇ ਹਜ਼ੂਰੀ ਰਾਗੀ ਭਾਈ ਪਵਨਦੀਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਰਸ ਭਿੰਨਾ ਕੀਰਤਨ ਕੀਤਾ। ਨੌਜਵਾਨ ਸ਼ਬਦੀ ਵੀਰਾਂ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸ਼ਬਦ ਬਾਣੀ ਨਾਲ ਸੰਗਤ ਨੂੰ ਜੋੜਿਆ। ਗਿਆਨੀ ਸਾਹਿਬ ਸਿੰਘ ਨੇ ਸੰਗਤਾਂ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਮਿਲੇ ਸਨ ਦੀ ਸਾਖੀ ਸੁਣਾਈ ਤੇ ਉਹ ਇਕ ਵਾਰ ਹੀ ਗੁਰੂ ਜੀ ਨੂੰ ਮਿਲਣ ’ਤੇ ਸੱਜਣ ਬਣ ਗਿਆ। ਉਨ੍ਹਾਂ ਸੰਗਤ ਨੂੰ ਨਾਮ ਬਾਣੀ ਦੇ ਲੜ ਲੱਗਣ ਲਈ ਕਿਹਾ। ਗੁਰਦੁਆਰ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਸੰਗਤ ਦਾ ਸਨਮਾਨ ਕੀਤਾ ਗਿਆ। ਸੰਗਤਾਂ ਲਈ ਚਾਹ ਤੇ ਬਰੈੱਡ ਦੇ ਲੰਗਰ ਲਾਏ ਗਏ ਸਨ।
ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਗੁਰਬਾਣੀ ਦੀਆਂ ਤੁਕਾਂ ਨਾਲ ਨਿਭਾ ਰਹੇ ਭਾਈ ਨਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ਕਿ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਪੜ੍ਹਾਈਏ ਤੇ ਉਨ੍ਹਾਂ ਨਾਲ ਘਰ ਵਿੱਚ ਪੰਜਾਬੀ ਨਾਲ ਹੀ ਗੱਲਬਾਤ ਕਰੀਏ ਤਾਂ ਜੋ ਉਹ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ। ਇਸ ਮੌਕੇ ਗੁਰਦੁਆਰੇ ਦੇ ਸੀਨਅਰ ਮੀਤ ਗ੍ਰੰਥੀ ਗਿਆਨੀ ਸ਼ੁਬੇਗ ਸਿੰਘ, ਭਗਵੰਤ ਸਿੰਘ ਖਾਲਸਾ, ਨਿਰੰਜਣ ਸਿੰਘ ਸੇਤੀਆ, ਮਲਕਿੰਦਰ ਸਿੰਘ, ਕਸ਼ਮੀਰ ਸਿੰਘ, ਸਰਬਜੋਤ ਸਿੰਘ ਦੁੱਗਲ, ਇੰਦਰਜੀਤ ਸਿੰਘ, ਨਰਿੰਦਰਪਾਲ ਸਿੰਘ, ਪ੍ਰਭਜੋਤ ਸਿੰਘ ਤਨੇਜਾ ਕੌਂਸਲਰ ਮੌਜੂਦ ਸਨ।
ਗੁਰੂ ਨਾਨਕ ਦੇਵ ਦੇ ਜੀਵਨ ਬਾਰੇ ਚਾਨਣਾ ਪਾਇਆ
ਨਰਾਇਣਗੜ੍ਹ (ਪੱਤਰ ਪ੍ਰੇਰਕ): ਇੱਥੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ। ਗੁਰਦੁਆਰੇ ਤੋਂ ਸ਼ੁਰੂ ਹੋ ਕੇ ਪ੍ਰਭਾਤ ਫੇਰੀ ਕਈ ਥਾਵਾਂ ਤੋਂ ਹੁੰਦੀ ਹੋਈ ਮਿਲਕ ਰੋਡ ਨੇੜੇ ਸਥਿਤ ਕ੍ਰਿਸ਼ਨ ਲਾਲ ਨਾਗਪਾਲ ਦੇ ਘਰ ਪਹੁੰਚੀ, ਜਿੱਥੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਰਾਗੀ ਮਲਕੀਤ ਸਿੰਘ ਅਤੇ ਰਣਜੀਤ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਸਕੱਤਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਸੁਰਜੀਤ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਮਹਿੰਦਰ ਸਿੰਘ, ਮਨੋਹਰ ਲਾਲ ਚਾਨਣਾ, ਜਸਬੀਰ ਖੁਰਾਣਾ, ਜਗਜੀਤ ਸਿੰਘ, ਮਨਮੋਹਨ ਭਾਟੀਆ, ਅਮਨਦੀਪ ਸਿੰਘ, ਬਲਵਿੰਦਰ ਸਿੰਘ ਭਾਟੀਆ, ਪੁਨੀਤ ਸੇਠੀ, ਸੌਰਭ ਨਾਗਪਾਲ ਹਾਜ਼ਰ ਸਨ।