ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਜਨਵਰੀ
ਸਿੱਖ ਕੌਮ ਦੇ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਪ੍ਰਭਾਤ ਫੇਰੀਆਂ ਦੀ ਲੜੀ ਦੇ ਤਹਿਤ ਅੱਜ ਦੀ ਪ੍ਰਭਾਤ ਫੇਰੀ ਅੰਮ੍ਰਿਤ ਵੇਲੇ ਗੁਰਦੁਆਰਾ ਨਾਨਕ ਦਰਬਾਰ ਤੋਂ ਚੱਲ ਕੇ ਸ੍ਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਸਵਰਗੀ ਹਰਨਾਮ ਸਿੰਘ ਕਾਲੜਾ ਪਰਿਵਾਰ ਦੇ ਗ੍ਰਹਿ ਪੁੱਜੀ। ਇਥੇ ਪਰਿਵਾਰਕ ਮੈਂਬਰਾਂ ਵੱਲੋਂ ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੌਤਮ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਨੌਜਵਾਨ ਸੇਵਕ ਸਭਾ ਦੇ ਸ਼ਬਦੀ ਜਥੇ ਤੇ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਨੇ ਸ਼ਬਦ ਗਾਇਨ ਕੀਤੇ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਵਿਤਾਵਾਂ ਪੜ੍ਹੀਆਂ। ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਗ੍ਰੰਥੀ ਗਿਆਨੀ ਸੁਬੇਗ ਸਿੰਘ ਨੇ ਦਸਮ ਪਾਤਸ਼ਾਹ ਦੇ ਜੀਵਨ ’ਤੇ ਝਾਤ ਮਾਰਦਿਆਂ ਕਿਹਾ ਕਿ ਗੁਰਬਾਣੀ ਇਕ ਅਜਿਹੇ ਮਨੁੱਖ ਦੀ ਸਿਰਜਣਾ ਕਰਨਾ ਚਾਹੁੰਦੀ ਹੈ, ਜੋ ਸਾਬਤ ਸੂਰਤ ਹੋਵੇ, ਕਿਰਤੀ, ਮਿਹਨਤੀ, ਉਦਮੀ, ਗਿਆਨਵਾਨ, ਹਿੰਮਤ ਹੌਸਲੇ ਵਾਲਾ, ਰੱਬੀ ਗੁਣਾਂ ਦਾ ਧਾਰਨੀ ਤੇ ਸਿਮਰਨ ਕਰਦਾ ਹੋਇਆ ਰੱਬੀ ਭਾਣੇ ਵਿਚ ਰਹਿਣ ਵਾਲਾ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖ਼ਿਲਾਫ਼ ਲੜਾਈ ਲੜਦੇ ਹੋਏ ਪੂਰੇ ਪਰਿਵਾਰ ਦਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਵਰਗਾ ਕੋਈ ਤਿਆਗੀ, ਸਰਬੰਸਦਾਨੀ ਤੇ ਯੋਧਾ ਨਹੀਂ ਹੋ ਸਕਦਾ।