ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੀ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ ਅੱਜ ਦੀ 14ਵੀਂ ਪ੍ਰਭਾਤ ਫੇਰੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਆਰੰਭ ਹੋਈ। ਇਸ ਦੌਰਾਨ ਸ਼ਬਦ ਗਾਇਨ ਕਰਦੀ ਸੰਗਤ ਪ੍ਰਭਾਤ ਫੇਰੀ ਸੱਦਣ ਵਾਲੇ ਪਰਿਵਾਰ ਦੇ ਘਰ ਪੁੱਜੀ। ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਨੌਜਵਾਨ ਸੇਵਕ ਸਭਾ ਦੇ ਸ਼ਬਦੀ ਜਥੇ ਤੇ ਇਸਤਰੀ ਸਤਿਸੰਗਿ ਸਭਾ ਦੀਆਂ ਬੀਬੀਆਂ ਨੇ ਸ਼ਬਦ ਗਾਇਨ ਕੀਤਾ। ਪੰਥ ਵਿਦਵਾਨ ਗਿਆਨੀ ਸਾਹਿਬ ਸਿੰਘ ਨੇ ਗੁਰੂ ਨਾਨਕ ਦੇਵ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਮੰਚ ਦਾ ਸੰਚਾਲਨ ਨਰਿੰਦਰ ਸਿੰਘ ਭਿੰਡਰ ਨੇ ਕਰਦੇ ਹੋਏ ਸੰਗਤ ਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਅਤੇ ਪੰਜਾਬੀ ਵਿਚ ਹੀ ਗੱਲਬਾਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਬਚੇ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹਨ ਜੇ ਅਸੀਂ ਆਪਣੀ ਭਾਸ਼ਾ ਪ੍ਰਤੀ ਅਵੇਸਲੇ ਹੋ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਪਰਿਵਾਰ ਵਲੋਂ ਆਈਆਂ ਸੰਗਤਾਂ ਲਈ ਚਾਹ ਬਰੈਡ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇ। ਇਸ ਮੌਕੇ ਭਗਵੰਤ ਸਿੰਘ ਖਾਲਸਾ, ਮਿਕੀ ਵੀਰ, ਕਸ਼ਮੀਰ ਸਿੰਘ, ਮਲਕਿੰਦਰ ਸਿੰਘ, ਨਰਿੰਦਰ ਪਾਲ ਸਿੰਘ ਤਰਸੇਮ ਲਾਲ, ਸੁਖਚੈਨ ਸਿੰਘ ਆਦਿ ਤੋਂ ਇਲਾਵਾ ਸੰਗਤਾਂ ਮੌਜੂਦ ਸਨ।