ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਅਕਤੂਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦੀ ਲੜੀ ’ਚ ਅੱਜ ਦੂਜੀ ਪ੍ਰਭਾਤ ਫੇਰੀ ਗੁਰਦੁਆਰਾ ਨਾਨਕ ਝੀਰਾ ਸਾਹਿਬ ਪੁੱਜੀ। ਪ੍ਰਭਾਤ ਫੇਰੀ ਦੀ ਆਰੰਭਤਾ ਸਥਾਨਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਗ੍ਰੰਥੀ ਗਿਆਨੀ ਸ਼ੁਬੇਗ ਸਿੰਘ ਨੇ ਸਰਬਤ ਦੇ ਭਲੇ ਲਈ ਅਰਦਾਸ ਕਰ ਕੇ ਕੀਤੀ। ਇਸ ਮਗਰੋਂ ਸ਼ਬਦ ਗਾਇਨ ਕਰਦੀ ਸੰਗਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਪੁੱਜੀ। ਜਿਥੇ ਸੰਗਤ ਵਲੋਂ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਵਰਿੰਦਰ ਸਿੰਘ ਨੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਪਵਨਦੀਪ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਪੰਥ ਦੇ ਉੱਘੇ ਵਿਦਵਾਨ ਗਿਆਨੀ ਸਾਹਿਬ ਨੇ ਗੁਰੂ ਨਾਨਕ ਦੇਵ ਦੇ ਜੀਵਨ ’ਤੇ ਚਾਨਣਾ ਪਾਉਂਦੇ ਹੋਏ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸੰਗਤ ਲਈ ਬਰੈੱਡ ਤੇ ਚਾਹ ਦੇ ਲੰਗਰ ਲਾਏ ਗਏ ਸਨ। ਸਮਾਪਤੀ ਮੌਕੇ ਗੁਰਦਆਰਾ ਕਮੇਟੀ ਵਲੋਂ ਗੁਰਦੁਆਰਾ ਨਾਨਕ ਝੀਰਾ ਦੇ ਮੁੱਖ ਸੇਵਾਦਾਰ ਵਰਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ, ਭਗਵੰਤ ਸਿੰਘ ਖਾਲਸਾ, ਕੁਲਵੰਤ ਸਿੰਘ ਚਾਵਲਾ, ਕੰਵਲਜੀਤ ਸਿੰਘ, ਮਲਕਿੰਦਰ ਸਿੰਘ, ਕਸ਼ਮੀਰ ਸਿੰਘ, ਪਲਵਿੰਦਰ ਸਿੰਘ ਤੇ ਤਰਸੇਮ ਲਾਲ ਆਦਿ ਮੌਜੂਦ ਸਨ। ਮੰਚ ਦਾ ਸੰਚਾਲਨ ਨਰਿੰਦਰ ਸਿੰਘ ਭਿੰਡਰ ਨੇ ਕੀਤਾ।