For the best experience, open
https://m.punjabitribuneonline.com
on your mobile browser.
Advertisement

ਦਮਦਾਰ ਚਿਹਰੇ: ਜਿਨ੍ਹਾਂ ਨੇ ਆਪਣੀ ਥਾਲ਼ੀ ਆਪ ਪਰੋਸੀ..!

07:55 AM Apr 18, 2024 IST
ਦਮਦਾਰ ਚਿਹਰੇ  ਜਿਨ੍ਹਾਂ ਨੇ ਆਪਣੀ ਥਾਲ਼ੀ ਆਪ ਪਰੋਸੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 17 ਅਪਰੈਲ
ਪਹਿਲੇ ਸਮਿਆਂ ’ਚ ਲੋਕ ਸਭਾ ਲਈ ਚੁਣੀਆਂ ਔਰਤਾਂ ਦੀ ਸਿਆਸਤ ’ਚ ਧਾਕ ਹੁੰਦੀ ਸੀ। ਸੰਸਦ ਮੈਂਬਰ ਬਣਨ ਦਾ ਜਿਨ੍ਹਾਂ ਨੂੰ ਸੁਭਾਗ ਮਿਲਿਆ, ਉਨ੍ਹਾਂ ਨੇ ਆਪਣੀ ਜ਼ਿੰਦਗੀ ਲੋਕਾਂ ਲੇਖੇ ਲਾਈ। ਅਸੂਲਾਂ ’ਤੇ ਜਿਉਣ ਵਾਲੀਆਂ ਇਨ੍ਹਾਂ ਔਰਤਾਂ ’ਚੋਂ ਝਾਂਸੀ ਦੀ ਰਾਣੀ ਦਾ ਝਉਲਾ ਪੈਂਦਾ ਸੀ। ਕਿਸੇ ਔਰਤ ਨੇ ਜੇਲ੍ਹਾਂ ’ਚ ਜ਼ਿੰਦਗੀ ਕੱਟੀ ਅਤੇ ਕੋਈ ਲੋਕ ਘੋਲਾਂ ਨੂੰ ਪ੍ਰਣਾਈ ਰਹੀ।
ਪਹਿਲੀ ਲੋਕ ਸਭਾ ਤੋਂ 17ਵੀਂ ਲੋਕ ਸਭਾ ਤੱਕ ਦੇਸ਼ ਭਰ ’ਚੋਂ ਕੁੱਲ 5146 ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ’ਚੋਂ ਬਹੁਤਿਆਂ ਨੂੰ ਇੱਕ ਤੋਂ ਜ਼ਿਆਦਾ ਵਾਰ ਐੱਮਪੀ ਬਣਨ ਦਾ ਮੌਕਾ ਮਿਲਿਆ। ਇਨ੍ਹਾਂ ’ਚੋਂ 406 ਔਰਤਾਂ ਸਨ, ਜੋ ਸੰਸਦ ਮੈਂਬਰ ਬਣੀਆਂ। ਪੰਜਾਬ ’ਚੋਂ 1952 ਤੋਂ ਲੈ ਕੇ ਹੁਣ ਤੱਕ 148 ਸੰਸਦ ਮੈਂਬਰ ਬਣੇ ਹਨ, ਜਿਨ੍ਹਾਂ ’ਚੋਂ ਮੌਜੂਦਾ ਪੰਜਾਬ ਦੀਆਂ 11 ਔਰਤਾਂ ਵੀ ਹਨ। ਪੰਜਾਬ ’ਚੋਂ ਪਹਿਲੀ ਵਾਰ 1967 ਵਿਚ ਸੰਗਰੂਰ ਤੋਂ ਨਿਰਲੇਪ ਕੌਰ ਅਤੇ ਪਟਿਆਲਾ ਤੋਂ ਮਹਿੰਦਰ ਕੌਰ ਸੰਸਦ ਮੈਂਬਰ ਬਣੀਆਂ ਸਨ।
ਵੇਰਵਿਆਂ ਅਨੁਸਾਰ ਪਹਿਲੀ ਲੋਕ ਸਭਾ ਲਈ ਹਿਮਾਚਲ ਦੇ ਮੰਡੀ ਹਲਕੇ ਤੋਂ ਰਾਜ ਕੁਮਾਰੀ ਅੰਮ੍ਰਿਤ ਕੌਰ ਚੁਣੀ ਗਈ ਸੀ, ਜੋ ਦੇਸ਼ ਦੀ ਪਹਿਲੀ ਸਿਹਤ ਮੰਤਰੀ ਬਣੀ। ਉਹ ਰਾਜਾ ਹਰਨਾਮ ਸਿੰਘ ਕਪੂਰਥਲਾ ਦੀ ਧੀ ਸੀ। ਕੇਰਲਾ ਦੀ ਸੁਸ਼ੀਲਾ ਗੋਪਾਲਨ ਵਿਦਿਆਰਥੀ ਸੰਘਰਸ਼ ਦੌਰਾਨ 1965 ਵਿਚ ਜੇਲ੍ਹ ਵਿਚ ਸੀ ਅਤੇ ਜੇਲ੍ਹ ’ਚੋਂ ਹੀ ਚੋਣ ਜਿੱਤ ਗਈ। ਉਹ ਚੌਥੀ, ਸੱਤਵੀਂ ਅਤੇ ਦਸਵੀਂ ਲੋਕ ਸਭਾ ਦੀ ਮੈਂਬਰ ਬਣੀ। ਪੱਛਮੀ ਬੰਗਾਲ ਦੀ ਰੇਣੂ ਚੱਕਰਵਰਤੀ 1952 ਤੋਂ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਬਣੀ।
ਰੇਣੂ ਚੱਕਰਵਰਤੀ ਮਜ਼ਦੂਰ ਸਭਾ ਅਤੇ ਮਿਨਰਲ ਵਰਕਰਜ਼ ਯੂਨੀਅਨ ਦੀ ਪ੍ਰਧਾਨ ਸੀ। ਮਹਾਰਾਸ਼ਟਰ ’ਚੋਂ ਸੱਤਵੀਂ ਲੋਕ ਸਭਾ ਦੀ ਮੈਂਬਰ ਬਣੀ ਪ੍ਰੋਮਿਲਾ ਦੰਡਵਤੇ ਨੂੰ ਡੇਢ ਵਰ੍ਹੇ ਮੀਸਾ ਤਹਿਤ ਪੁਣੇ ਜੇਲ੍ਹ ਵਿਚ ਕੈਦ ਕੱਟਣੀ ਪਈ ਸੀ। ਜਨਤਾ ਪਾਰਟੀ ਦੀ ਇਸ ਆਗੂ ਨੇ ਐਂਟੀ ਪ੍ਰਾਈਸ ਰਾਈਜ਼ ਮੂਵਮੈਂਟ ਦੀ ਅਗਵਾਈ ਕੀਤੀ। ਉੱਤਰ ਪ੍ਰਦੇਸ਼ ਦੀ ਕਮਲਾ ਚੌਧਰੀ 1930 ਵਿਚ ਸਿਵਲ ਨਾਫ਼ਰਮਾਨੀ ਮੂਵਮੈਂਟ ਵਿਚ ਕਈ ਵਾਰ ਜੇਲ੍ਹ ਗਈ। ਲੋਕਾਂ ਨੇ ਫ਼ਤਵਾ ਦੇ ਕੇ ਉਸ ਨੂੰ ਤੀਜੀ ਲੋਕ ਸਭਾ ਵਿਚ ਭੇਜਿਆ।
ਗਾਂਧੀਅਨ ਤੇ ਸਮਾਜ ਸੁਧਾਰਕ ਜ਼ੋਹਰਾਬੇਨ ਅਕਬਰਭਾਈ ਕਰੀਬ ਸੱਤ ਸਾਲ ਮਹਾਤਮਾ ਗਾਂਧੀ ਦੇ ਸੰਗ ਰਹੀ ਅਤੇ ਉਸ ਨੇ ਸਮਾਜ ਸੁਧਾਰਕ ਪ੍ਰੋਗਰਾਮ ਚਲਾਇਆ। ਉਹ ਕਾਂਗਰਸੀ ਟਿਕਟ ’ਤੇ ਤੀਜੀ ਲੋਕ ਸਭਾ ਚੋਣਾਂ ਵਿਚ ਜਿੱਤੀ। ਆਜ਼ਾਦੀ ਦੀ ਲੜਾਈ ਵਿਚ ਕੁੱਦਣ ਵਾਲੀ ਸੁਚੇਤਾ ਕ੍ਰਿਪਲਾਨੀ ਨੂੰ ਕੌਣ ਭੁੱਲਿਆ ਹੈ। ਉਹ 1963 ਵਿੱਚ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ। ਉਹ ਉੱਤਰ ਪ੍ਰਦੇਸ਼ ਵਿਚ 1943-50 ਵਿਚ ਵਿਧਾਇਕਾ ਰਹੀ ਅਤੇ ਪਹਿਲੀ, ਦੂਜੀ ਅਤੇ ਚੌਥੀ ਲੋਕ ਸਭਾ ਲਈ ਵੀ ਚੁਣੀ ਗਈ। ਉਸ ਦਾ ਪੰਜਾਬੀ ’ਵਰਸਿਟੀ ਨਾਲ ਵੀ ਸਬੰਧ ਦੱਸਿਆ ਜਾਂਦਾ ਹੈ।
ਮੋਤੀ ਲਾਲ ਨਹਿਰੂ ਦੀ ਧੀ ਵਿਜੈ ਲਕਸ਼ਮੀ ਪੰਡਿਤ ਪਹਿਲਾਂ ਉਤਰ ਪ੍ਰਦੇਸ਼ ਵਿਚ ਮੰਤਰੀ ਵੀ ਰਹੀ ਅਤੇ ਉੱਤਰ ਪ੍ਰਦੇਸ਼ ’ਚੋਂ ਪਹਿਲੀ, ਤੀਜੀ ਅਤੇ ਚੌਥੀ ਲੋਕ ਸਭਾ ਦੀ ਚੋਣ ਜਿੱਤੀ। ਉਹ 1962 ਵਿਚ ਮਹਾਰਾਸ਼ਟਰ ਦੀ ਗਵਰਨਰ ਵੀ ਰਹੀ। ਇਸੇ ਤਰ੍ਹਾਂ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਦੀ ਧੀ ਮਨੀਬੇਨ ਆਜ਼ਾਦੀ ਦੀ ਲੜਾਈ ਵਿਚ ਕਈ ਵਾਰ ਜੇਲ੍ਹ ਗਈ ਅਤੇ 1975 ਵਿਚ ਸੱਤਿਆਗ੍ਰਹਿ ਕੀਤਾ। ਉਹ ਰਾਜ ਸਭਾ ਮੈਂਬਰ ਵੀ ਬਣੀ ਅਤੇ ਚਾਰ ਵਾਰ ਲੋਕ ਸਭਾ ਮੈਂਬਰ ਵੀ ਚੁਣੀ ਗਈ।
ਮੁੱਢਲੇ ਦੌਰ ਵਿਚ ਅਜਿਹੀਆਂ ਔਰਤਾਂ ਦੀ ਘਾਲਣਾ ਦਾ ਮੁੱਲ ਲੋਕਾਂ ਨੇ ਵੋਟਾਂ ਪਾ ਕੇ ਮੋੜਿਆ। ਇਨ੍ਹਾਂ ਨੂੰ ਸਭ ਕੁਝ ਥਾਲ਼ੀ ’ਚ ਪਰੋਸ ਕੇ ਨਹੀਂ ਮਿਲਿਆ।

Advertisement

ਜਿਨ੍ਹਾਂ ਔਰਤਾਂ ਨੇ ਰਿਕਾਰਡ ਬਣਾਏ

ਰਿਕਾਰਡ ਤੋੜ ਵੋਟਾਂ ਹਾਸਲ ਕਰਨ ਵਾਲੀਆਂ ’ਚ ਵਿਜੈ ਰਾਜੇ ਸਿੰਧੀਆ, ਸੁਮਿੱਤਰਾ ਮਹਾਜਨ ਅਤੇ ਮੇਨਕਾ ਗਾਂਧੀ ਨੇ ਅੱਠ ਵਾਰ ਚੋਣ ਜਿੱਤੀ। ਗੀਤਾ ਮੁਖਰਜੀ ਅਤੇ ਮਮਤਾ ਬੈਨਰਜੀ ਨੇ ਸੱਤ ਵਾਰ ਚੋਣ ਜਿੱਤੀ, ਜਦੋਂਕਿ ਉਮਾ ਭਾਰਤੀ ਛੇ ਵਾਰ ਕਾਮਯਾਬ ਹੋਈ। ਇਸੇ ਤਰ੍ਹਾਂ ਮੀਰਾ ਕੁਮਾਰ, ਵਸੁੰਦਰਾ ਰਾਜੇ, ਸੁਖਬੰਸ ਕੌਰ ਭਿੰਡਰ ਅਤੇ ਗੰਗਾ ਦੇਵੀ ਨੂੰ ਪੰਜ ਵਾਰ ਮੌਕਾ ਮਿਲਿਆ।

Advertisement

ਪੰਜਾਬ ’ਚੋਂ ਸੁਖਬੰਸ ਕੌਰ ਭਿੰਡਰ ਦੀ ਝੰਡੀ

ਪੰਜਾਬ ਦਾ ਰਿਕਾਰਡ ਸੰਸਦ ਮੈਂਬਰ ਸੁਖਬੰਸ ਕੌਰ ਭਿੰਡਰ ਦੇ ਨਾਮ ਹੈ, ਜੋ ਮੌਜੂਦਾ ਪੰਜਾਬ ਦੀ ਪਹਿਲੀ ਮਹਿਲਾ ਹੈ, ਜਿਸ ਨੂੰ ਪੰਜ ਵਾਰ ਜਿੱਤ ਹਾਸਲ ਹੋਈ। ਦੂਜੇ ਨੰਬਰ ’ਤੇ ਪ੍ਰਨੀਤ ਕੌਰ ਹਨ ਜਿਨ੍ਹਾਂ ਨੇ ਚਾਰ ਵਾਰ ਚੋਣ ਜਿੱਤੀ। ਸੰਤੋਸ਼ ਚੌਧਰੀ ਅਤੇ ਹਰਸਿਮਰਤ ਕੌਰ ਬਾਦਲ ਨੇ ਤਿੰਨ-ਤਿੰਨ ਵਾਰ ਸਫਲਤਾ ਹਾਸਲ ਕੀਤੀ ਹੈ। ਇਵੇਂ ਹੀ ਪਰਮਜੀਤ ਕੌਰ ਗੁਲਸ਼ਨ ਅਤੇ ਸਤਵਿੰਦਰ ਕੌਰ ਧਾਲੀਵਾਲ ਨੂੰ ਦੋ-ਦੋ ਵਾਰ ਮੌਕਾ ਮਿਲਿਆ।

ਸ਼ਾਹੀ ਘਰਾਣਿਆਂ ’ਚੋਂ ਆਈਆਂ ਸੰਸਦ ਮੈਂਬਰਾਂ

ਸ਼ਾਹੀ ਘਰਾਣਿਆਂ ਦੀਆਂ ਔਰਤਾਂ ਦੀ ਵੀ ਸੰਸਦ ਵਿਚ ਤੂਤੀ ਬੋਲਦੀ ਰਹੀ ਹੈ। ਮਹਾਰਾਣੀ ਦਿਵਿਆ ਸਿੰਘ 11ਵੀਂ ਲੋਕ ਸਭਾ ਲਈ ਚੁਣੀ ਗਈ ਅਤੇ ਜੈਪੁਰ ਦੀ ਰਾਜ-ਮਾਤਾ ਗਾਇਤਰੀ ਦੇਵੀ ਵੀ ਸੰਸਦ ਵਿਚ ਬੈਠੀ। ਤ੍ਰਿਪੁਰਾ ’ਚੋਂ ਦਸਵੀਂ ਲੋਕ ਸਭਾ ਲਈ ਮਹਾਰਾਣੀ ਬਿਭੂ ਕੁਮਾਰੀ ਦੇਵੀ ਚੋਣ ਜਿੱਤੀ। ਉੱਤਰ ਪ੍ਰਦੇਸ਼ ’ਚੋਂ ਰਾਜ ਮਾਤਾ ਕਮਲੇਂਦੁਮਤੀ ਸ਼ਾਹ ਨੇ ਆਜ਼ਾਦ ਉਮੀਦਵਾਰ ਵਜੋਂ ਉੱਤਰ ਪ੍ਰਦੇਸ਼ ’ਚੋਂ ਚੋਣ ਜਿੱਤੀ ਸੀ। ਮੱਧ ਪ੍ਰਦੇਸ਼ ’ਚੋਂ ਵਿਜੈ ਰਾਜੇ ਸਿੰਧੀਆ ਨੇ ਅੱਠ ਵਾਰ ਚੋਣ ਜਿੱਤੀ ਸੀ ਅਤੇ ਵਸੁੰਧਰਾ ਰਾਜੇ ਨੇ ਪੰਜ ਵਾਰ ਚੋਣ ਜਿੱਤੀ।

Advertisement
Author Image

joginder kumar

View all posts

Advertisement