ਪਾਵਰਕੌਮ ਪੈਨਸ਼ਨਰਜ਼ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਜੁਲਾਈ
ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ, ਮਾਲੇਰਕੋਟਲਾ ਦੀ ਬੈਠਕ ਜਰਨੈਲ ਸਿੰਘ ਪੰਜਗਰਾਈਆਂ ਦੀ ਪ੍ਰਧਾਨਗੀ ਹੇਠ ਸਥਾਨਕ 66 ਕੇਵੀ ਸਬ-ਸਟੇਸ਼ਨ ਵਿੱਚ ਹੋਈ। ਇਸ ਵਿੱਚ ਪੈਨਸ਼ਨਰਜ਼ ਨੇ ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਦੀ ਨਿਖੇਧੀ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਬੈਠਕ ਨੂੰ ਸੰਬੋਧਨ ਕਰਦਿਆਂ ਪਿਆਰਾ ਲਾਲ ਸਕਰਲ ਪ੍ਰਧਾਨ, ਇਕਬਾਲ ਸਿੰਘ ਫਰਵਾਲੀ, ਪਰਮਜੀਤ ਸ਼ਰਮਾ, ਮਲਕੀਤ ਸਿੰਘ ਫ਼ੈਜ਼ਗੜ੍ਹ, ਬਲਵੀਰ ਸਿੰਘ, ਸਤਪਾਲ, ਬਿੱਕਰ ਸਿੰਘ ਸੰਦੌੜ, ਬਾਬੂ ਸਿੰਘ, ਬਲਦੇਵ ਸਿੰਘ ਅਲੀਪੁਰ, ਦੇਵੀ ਦਿਆਲ ਤੇ ਕਰਨੈਲ ਸਿੰਘ ਭੱਟੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ’ਤੇ ਹੱਕੀ ਮੰਗਾਂ ਨਾ ਮੰਨਣ ਕਾਰਨ ਪੈਨਸ਼ਨਰਜ਼ ਵਿੱਚ ਰੋਸ ਪਾਇਆ ਗਿਆ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਥੇਬੰਦੀਆਂ ਨੂੰ ਮੀਟਿੰਗਾਂ ਦੇਣ ਉਪਰੰਤ ਮੀਟਿੰਗਾਂ ਮਿੱਥੀਆਂ ਤਾਰੀਕਾਂ ’ਤੇ ਨਹੀਂ ਕੀਤੀਆਂ ਜਾਂਦੀਆਂ ਸਗੋਂ, ਟਾਲ-ਮਟੋਲ ਕਰ ਕੇ ਮੰਨੀਆਂ ਮੰਗਾਂ ਤੋਂ ਸਰਕਾਰ ਮੁੱਕਰ ਜਾਂਦੀ ਹੈ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਤੇ ਲਗਾਇਆ ਜਾ ਰਿਹਾ 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ, 2015 ਤੋਂ ਪਹਿਲਾਂ ਸੇਵਾਮੁਕਤ ਹੋਏ ਮੁਲਾਜ਼ਮਾਂ ਦੇ ਪੇਅ-ਸਕੇਲ 2.45 ਦੀ ਬਜਾਇ 2.59 ਦੀ ਫੈਕਟਰ ਨਾਲ ਸੋਧੇ ਜਾਣ, ਕੈਸ਼ਲੈੱਸ ਮੈਡੀਕਲ ਸਕੀਮ ਮੁੜ ਚਾਲੂ ਕੀਤੀ ਜਾਵੇ, ਡੀਏ ਕਿਸ਼ਤਾਂ ਦਾ ਬਕਾਇਆ ਜਲਦੀ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਹਲਕਾ ਬਰਨਾਲਾ ਦੀ 27 ਜੁਲਾਈ ਸਰਕਲ ਪੱਧਰੀ ਕਨਵੈਨਸ਼ਨ ਵਿੱਚ ਇਸ ਮੰਡਲ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਤੋਂ ਇਲਾਵਾ ਸੂਬਾ ਕਮੇਟੀ ਵੱਲੋਂ ਦਿੱਤੇ ਹੋਰ ਵੀ ਸੰਘਰਸ਼ਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।