ਸੇਵਾਮੁਕਤ ਐੱਸਪੀ ਨਾਲ 30 ਲੱਖ ਦੀ ਠੱਗੀ ਦੇ ਦੋਸ਼ ਹੇਠ ਗ੍ਰਿਫ਼ਤਾਰ ਪਾਵਰਕੌਮ ਅਧਿਕਾਰੀ ਮੁਅੱਤਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 4 ਅਕਤੂਬਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਥੇ ਸੇਵਾਮੁਕਤ ਪੁਲੀਸ ਕਪਤਾਨ (ਐੱਸਪੀ) ਨਾਲ 30 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਗ੍ਰਿਫ਼ਤਾਰ ਪਾਵਰਕੌਮ ਅਧਿਕਾਰੀ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇੱਥੇ ਥਾਣਾ ਸਿਟੀ ਪੁਲੀਸ ਨੇ ਪਾਵਰਕੌਮ ਅਧਿਕਾਰੀ ਕਰਮਜੀਤ ਸਿੰਘ ਧਨੋਆ, ਮਹੇਸ਼ ਦ੍ਰਿਵੇਦੀ, ਅਸ਼ੀਸ਼ ਜਿੰਦਲ, ਵਿਕਰਮ ਗਰਗ ਸਾਰੇ ਵਾਸੀ ਬਠਿੰਡਾ ਅਤੇ ਰਾਜਿੰਦਰ ਕੁਮਾਰ ਉਰਫ ਰਿਸ਼ੂ ਵਾਸੀ ਜੈਤੋ ਖ਼ਿਲਾਫ਼ 9 ਸਤੰਬਰ ਨੂੰ ਧੋਖਾਧੜੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ 11 ਸਤੰਬਰ ਨੂੰ ਪਾਵਰਕੌਮ ਅਧਿਕਾਰੀ ਕਰਮਜੀਤ ਸਿੰਘ ਧਨੋਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਹ ਹੁਣ ਤੱਕ ਨਿਆਂਇਕ ਹਿਰਾਸਤ ਜੇਲ੍ਹ ਵਿਚ ਬੰਦ ਹੈ। ਪਾਵਰਕੌਮ ਮੁੱਖ ਇੰਜੀਨੀਅਰ ਪੀਐਂਡਐੱਮ ਵੱਲੋਂ ਅੱਜ ਜਾਰੀ ਹੁਕਮਾਂ ਮੁਤਾਬਕ ਮਾਨਸਾ ਵਿੱਚ ਤਾਇਨਾਤ ਕਰਮਜੀਤ ਸਿੰਘ ਜੇਈ ਨੂੰ ਕੁਤਾਹੀਆਂ ਕਾਰਨ 11 ਸਤੰਬਰ 2024 ਤੋਂ, ਜਦੋਂ ਤੋਂ ਉਹ ਪੁਲੀਸ ਹਿਰਾਸਤ ਵਿੱਚ ਹੈ, ਮੁਅੱਤਲ ਕੀਤਾ ਜਾਂਦਾ ਹੈ। ਸੇਵਾਮੁਕਤ ਪੁਲੀਸ ਕਪਤਾਨ (ਐੱਸਪੀ) ਬਲਬੀਰ ਸਿੰਘ ਖਹਿਰਾ ਨੇ ਦੱਸਿਆ ਕਿ ਮੁਲਜ਼ਮ ਪਾਵਰਕੌਮ ਅਧਿਕਾਰੀ ਬਠਿੰਡਾ ਵਿੱਚ ਪ੍ਰਾਪਟੀ ਡੀਲਰ ਹੈ। ਉਨ੍ਹਾਂ ਪਿੰਡ ਨੇਹੀਆਂ ਵਾਲਾ ਵਿੱਚ ਕਰੀਬ ਦੋ ਸਾਲ ਪਹਿਲਾਂ 16 ਏਕੜ ਜ਼ਮੀਨ ਖਰੀਦਣ ਲਈ ਆਪਣੀ ਪਤਨੀ ਰਣਜੀਤ ਕੌਰ ਦੇ ਨਾਮ ਸਮਝੌਤਾ ਕੀਤਾ ਸੀ। ਉਨ੍ਹਾਂ 25 ਲੱਖ ਰੁਪਏ ਦੀ ਰਾਸ਼ੀ ਆਰਟੀਜੀਐੱਸ ਰਾਹੀਂ ਤੇ ਪੰਜ ਲੱਖ ਨਕਦ ਅਦਾਇਗੀ ਕੀਤੀ ਸੀ ਪਰ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਮੁੜ ਪੜਤਾਲ ਅਰਜ਼ੀ ਦੀ ਉੱਚ ਅਧਿਕਾਰੀ ਜਾਂਚ ਕਰ ਰਹੇ ਹਨ।