ਪਾਵਰਕੌਮ ਨੂੰ ‘ਪ੍ਰਭ ਆਸਰਾ’ ਦਾ ਬਿਜਲੀ ਮੀਟਰ ਪੁੱਟਣਾ ਪਿਆ ਮਹਿੰਗਾ
ਮਿਹਰ ਸਿੰਘ
ਕੁਰਾਲੀ, 19 ਅਗਸਤ
ਇੱਥੋਂ ਦੀ ‘ਪ੍ਰਭ ਆਸਰਾ’ ਸੰਸਥਾ ਦਾ ਬਿਜਲੀ ਦਾ ਮੀਟਰ ਉਤਾਰਨ ਆਏ ਪਾਵਰਕੌਮ ਮੁਲਾਜ਼ਮਾਂ ਨੂੰ ਸੰਸਥਾ ਵਿੱਚ ਰਹਿ ਰਹੇ ਲਾਵਾਰਸਾਂ ਅਤੇ ਪ੍ਰਬੰਧਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ। ਕਈ ਘੰਟਿਆਂ ਦੀ ਖਿੱਚੋਤਾਣ ਮਗਰੋਂ ਪਾਵਰਕੌਮ ਦੇ ਮੁਲਾਜ਼ਮਾਂ ਨੇ ਮੀਟਰ ਮੁੜ ਲਾ ਕੇ ਖਹਿੜਾ ਛੁਡਾਇਆ।
ਪਾਵਰਕੌਮ ਨੇ ਸੰਸਥਾ ਦਾ ਬਿਜਲੀ ਦਾ ਕੁਨੈਕਸ਼ਨ ਕਰੀਬ ਸਵਾ ਮਹੀਨੇ ਪਹਿਲਾਂ ਕੱਟ ਦਿੱਤਾ ਸੀ। ਅੱਜ ਜੇਈ ਦਪਿੰਦਰ ਸਿੰਘ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਨੇ ਸੰਸਥਾ ਦੇ ਬਾਹਰ ਲੱਗਿਆ ਮੀਟਰ ਪੁੱਟਣ ਉਪਰੰਤ ਸੰਸਥਾ ਦੇ ਅੰਦਰ ਲੱਗੇ ਸੋਲਰ ਪਲਾਂਟ ਦੇ ਮੀਟਰ ਨੂੰ ਵੀ ਖੋਲ੍ਹਣਾ ਸ਼ੁਰੂ ਕਰ ਦਿੱਤਾ।
ਮੁੱਖ ਸੇਵਾਦਾਰ ਸ਼ਮਸ਼ੇਰ ਸਿੰਘ ਪਡਿਆਲਾ ਅਨੁਸਾਰ ਬਿਜਲੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿਖਾਏ। ਬਾਹਰ ਲੱਗਿਆ ਮੀਟਰ ਲਾਹੁਣ ਤੋਂ ਬਾਅਦ ਬਿਜਲੀ ਮੁਲਾਜ਼ਮ ਗੇਟਮੈਨ ਨੂੰ ਇਹ ਕਹਿ ਕੇ ਅੰਦਰ ਦਾਖ਼ਲ ਹੋਏ ਕਿ ਉਨ੍ਹਾਂ ਨੇ ਸੋਲਰ ਪਲਾਂਟ ਵਾਲੇ ਮੀਟਰ ਦੀ ਰੀਡਿੰਗ ਨੋਟ ਕਰਨੀ ਹੈ। ਮੁਲਾਜ਼ਮਾਂ ਨੇ ਸੋਲਰ ਬਿਜਲੀ ਪਲਾਂਟ ਦਾ ਮੀਟਰ ਖੋਲ੍ਹਣਾ ਸ਼ੁਰੂ ਕਰ ਦਿੱਤਾ। ਸੰਸਥਾ ਦੇ ਮੁਲਾਜ਼ਮਾਂ ਨੇ ਇਸਦਾ ਵਿਰੋਧ ਕੀਤਾ ਅਤੇ ਇਸ ਸਬੰਧੀ ਹੁਕਮਾਂ ਦੀ ਕਾਪੀ ਮੰਗੀ। ਜੇਈ ਵਲੋਂ ਸੰਸਥਾ ਦੀ ਸੰਪਲਾਈ ਬੰਦ ਕਰਨ ਵਾਲਾ ਹੁਕਮ ਤਾਂ ਦਿਖਾਇਆ ਪਰ ਮੀਟਰ ਲਾਹੁਣ ਅਤੇ ਸੋਲਰ ਪਲਾਂਟ ਦਾ ਮੀਟਰ ਲਾਹੁਣ ਸਬੰਧੀ ਉਨ੍ਹਾਂ ਕੋਲ ਕੋਈ ਹੁਕਮ ਨਾ ਦਿਖਾ ਸਕੇ। ਇਸ ਨੂੰ ਲੈ ਕੇ ਹੀ ਸੰਸਥਾ ਦੇ ਬਾਹਰ ਇਕੱਤਰ ਹੋਏ ਲੋਕਾਂ ਨੇ ਬਿਜਲੀ ਮੁਲਾਜ਼ਮਾਂ ਨੂੰ ਸੰਸਥਾ ਬਾਹਰ ਗਲੀ ਵਿੱਚ ਘੇਰੀ ਰੱਖਿਆ ਅਤੇ ਲਾਵਾਰਿਸ ਪ੍ਰਾਣੀਆਂ ਨੇ ਗੇਟ ’ਤੇ ਆ ਕੇ ਰੋਸ ਪ੍ਰਗਟਾਇਆ।
ਸਿਟੀ ਪੁਲੀਸ ਦੀ ਪਾਰਟੀ ਏਐੱਸਆਈ ਸਿਰੀ ਰਾਮ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੀ ਤੇ ਸਥਿਤੀ ਸੰਭਾਲੀ। ਅਖੀਰ ਸਥਿਤੀ ਗੰਭੀਰ ਹੁੰਦੀ ਦੇਖ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਦਾ ਮੀਟਰ ਮੁੜ ਲਾ ਕੇ ਖਹਿੜਾ ਛੁਡਾਇਆ।
ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ: ਜੇਈ
ਪਾਵਰਕੌਮ ਦੇ ਜੇਈ ਦਪਿੰਦਰ ਸਿੰਘ ਨੇ ਦੱਸਿਆ ਕਿ ਉਹ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮੀਟਰ ਲਾਹੁਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਵਿਰੋਧ ਕਾਰਨ ਉਨ੍ਹਾਂ ਨੇ ਸੋਲਰ ਪਲਾਂਟ ਦਾ ਮੀਟਰ ਨਹੀਂ ਲਾਹਿਆ ਅਤੇ ਸੰਸਥਾ ਦੇ ਬਾਹਰ ਲੱਗਿਆ ਮੀਟਰ ਮੁੜ ਮੀਟਰ ਬੌਕਸ ਵਿੱਚ ਲਗਾ ਦਿੱਤਾ।
ਇਸੇ ਦੌਰਾਨ ਸੰਸਥਾ ਦੇ ਮੁੱਖ ਸੇਵਦਾਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੰਸਥਾ ਦੇ ਬਿਜਲੀ ਦੇ ਬਕਾਇਆ ਬਿੱਲ ਦਾ ਮਸਲਾ ਹੱਲ ਕਰਨ ਤੇ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ ਕੀਤੀ।