ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ ਗਏ ਪਾਵਰਕੌਮ ਦੇ ਮੁਲਾਜ਼ਮ

11:41 AM Sep 11, 2024 IST
ਖਰੜ ਵਿੱਚ ਧਰਨਾਕਾਰੀ ਮੁਲਾਜ਼ਮਾਂ ਨੂੰ ਸੰਬੋਧਨ ਕਰਦਾ ਹੋਇਆ ਆਗੂ।

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 10 ਸਤੰਬਰ
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਲਿਮਟਿਡ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਾਂ ਵੱਲੋਂ ਲੰਬੇ ਸਮੇਂ ਤੋਂ ਚੱਲ ਰਹੇ ਲੜੀਵਾਰ ਸੰਘਰਸ਼ ਦੀ ਲੜੀ ਤਹਿਤ ਸਾਂਝੇ ਸੱਦੇ ’ਤੇ ਅੱਜ ਤੋਂ ਪਾਵਰਕੌਮ ਦੇ ਮੁਲਾਜ਼ਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ’ਤੇ ਚਲੇ ਗਏ ਹਨ। ਇਸ ਸਬੰਧੀ ਪਾਵਰਕੌਮ ਮੁਲਾਜ਼ਮਾਂ ਵੱਲੋਂ ਮੁਹਾਲੀ ਸਰਕਲ ਅਧੀਨ ਆਉਂਦੇ ਤਿੰਨ ਡਿਵੀਜ਼ਨਾਂ ਵਿੱਚ ਸਮੂਹਿਕ ਛੁੱਟੀ ਲੈ ਕੇ ਆਪੋ-ਆਪਣੇ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਤੇ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਪਿਛਲੇ ਸਮੇਂ ਦੌਰਾਨ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਸਬੰਧੀ ਹੋਈਆਂ ਸਹਿਮਤੀਆਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਗੁਰਪ੍ਰੀਤ ਸਿੰਘ ਛੀਨਾ, ਮੋਹਨ ਸਿੰਘ ਗਿੱਲ, ਸੁਖਵਿੰਦਰਪਾਲ ਸਿੰਘ, ਬਲਵਿੰਦਰ ਕੁਮਾਰ, ਸੁਖਦੇਵ ਰਾਜ, ਸਵਰਨਜੀਤ ਸਿੰਘ, ਸੁਰਿੰਦਰਪਾਲ ਲਹੌਰੀਆ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਦੌਰਾਨ ਸਟੇਜ ਦੀ ਕਾਰਵਾਈ ਸ਼ਿਵ ਮੂਰਤੀ ਨੇ ਚਲਾਈ।
ਜ਼ੀਰਕਪੁਰ (ਹਰਜੀਤ ਸਿੰਘ): ਪਾਵਰਕੌਮ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਪਹਿਲੇ ਦਿਨ ਸ਼ਹਿਰ ਵਿੱਚ ਕਈ ਇਲਾਕਿਆਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਵੱਲੋਂ ਬਿਜਲੀ ਸਪਲਾਈ ਨਾ ਹੋਣ ਦੇ ਰੋਸ ਵਜੋਂ ਜਦੋਂ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਹੜਤਾਲ ਦੀ ਗੱਲ ਆਖੀ। ਇਸ ਤੋਂ ਇਲਾਵਾ ਢਕੌਲੀ ਖੇਤਰ ਦੇ ਕਈ ਇਲਾਕਿਆਂ ਵਿੱਚ ਲੰਘੀ ਰਾਤ ਤੋਂ ਬਿਜਲੀ ਬੰਦ ਹੈ। ਬਿਜਲੀ ਮੁਲਾਜ਼ਮਾਂ ਨੇ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਡਿਵੀਜ਼ਨ ਪ੍ਰਧਾਨ ਸਤਪਾਲ ਸਿੰਘ, ਮਾਲਵਿੰਦਰ ਸਿੰਘ, ਧੀਰਜ ਸਿੰਘ, ਮਨਜੀਤ ਸਿੰਘ, ਅਰਵਿੰਦਰ ਸਿੰਘ, ਜੋਗੇਸ਼ ਕੁਮਾਰ, ਗੁਰਜੀਵਨ ਸਿੰਘ, ਕੁਲਵਿੰਦਰ ਸਿੰਘ, ਰਵਦੀਪ ਸਿੰਘ, ਹਰਦੇਵ ਸਿੰਘ, ਦੀਪਕ ਕੁਮਾਰ ਆਦਿ ਨੇ ਦੱਸਿਆ ਕਿ ਜੇ ਉਨ੍ਹਾਂ ਦੀਆਂ ਮੰਗਾਂ ਦਾ ਨਿਬੇੜਾ ਨਾ ਕੀਤਾ ਤਾਂ ਸਮੂਹ ਸਾਥੀ 12 ਸਤੰਬਰ ਤਕ ਜਨਤਕ ਛੁੱਟੀ ’ਤੇ ਰਹਿਣਗੇ ਤੇ 30 ਸਤੰਬਰ ਤੱਕ ਵਰਕ ਟੂ ਵਰਕ ਨਿਯਮ ਲਾਗੂ ਰਹੇਗਾ।
ਖਰੜ (ਸ਼ਸ਼ੀ ਪਾਲ ਜੈਨ): ਇੱਥੇ ਬਿਜਲੀ ਮੁਲਾਜ਼ਮਾਂ ਨੇ ਅੱਜ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਧਰਨਾ ਦਿੱਤਾ। ਆਗੂਆਂ ਨੇ ਦੱਸਿਆ ਕਿ ਪਾਵਰ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੀਆਂ ਵਾਜਬ ਮੰਗਾਂ ’ਤੇ ਕੀਤੀ ਜਾ ਰਹੀ ਟਾਲ-ਮਟੋਲ ਕਾਰਨ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।

Advertisement

ਐਸਡੀਓ ਤੇ ਵਧੀਕ ਐੱਸਡੀਓ ਨੇ ਬੰਦ ਪਈ ਸਪਲਾਈ ਬਹਾਲ ਕੀਤੀ

ਘਨੌਲੀ (ਜਗਮੋਹਨ ਸਿੰਘ): ਘਨੌਲੀ ਖੇਤਰ ਵਿੱਚ ਅੱਜ ਸਵੇਰੇ ਪਏ ਭਰਵੇਂ ਮੀਂਹ ਤੇ ਹਨੇਰੀ ਕਾਰਨ ਕਈ ਥਾਵਾਂ ’ਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਇਲਾਕੇ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਇਹ ਅਫ਼ਵਾਹ ਉੱਡ ਗਈ ਕਿ ਹੁਣ ਤਿੰਨ ਦਿਨ ਬਿਜਲੀ ਨਹੀਂ ਆਵੇਗੀ। ਇਸ ਮਗਰੋਂ ਲੋਕ ਚੰਦਪੁਰ ਬਿਜਲੀ ਘਰ ਪੁੱਜੇ ਤੇ ਐੱਸਡੀਓ ਸਿਟੀ ਰੂਪਨਗਰ ਮਾਲਵਿੰਦਰ ਸਿੰਘ ਨੂੰ ਬਿਜਲੀ ਸਪਲਾਈ ਚਾਲੂ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਹ ਅਸਮਰਥ ਹਨ। ਲੋਕਾਂ ਨੇ ਕਿਹਾ ਕਿ ਤਿੰਨ ਦਿਨ ਬਿਜਲੀ ਬਿਨਾਂ ਸਾਰਨਾ ਔਖਾ ਹੋਵੇਗਾ। ਇਸ ਉਪਰੰਤ ਐਸਡੀਓ ਨੇ ਵਧੀਕ ਐੱਸਡੀਓ ਕੁਲਵਿੰਦਰ ਸਿੰਘ ਨੂੰ ਬੁਲਾ ਕੇ ਫੀਲਡ ਵਿੱਚ ਭੇਜ ਦਿੱਤਾ ਤੇ ਖ਼ੁਦ ਚੰਦਪੁਰ ਫੀਡਰ ਵਿੱਚ ਮੋਰਚਾ ਸੰਭਾਲ ਲਿਆ। ਦੇਰ ਸ਼ਾਮ ਤੱਕ ਦੋਵੇਂ ਅਫ਼ਸਰਾਂ ਨੇ ਇਲਾਕੇ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਲੋਕਾਂ ਨੇ ਅਫ਼ਸਰਾਂ ਦੀ ਸ਼ਲਾਘਾ ਕੀਤੀ ਤੇ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।

Advertisement
Advertisement