ਐੱਸਡੀ ਕਾਲਜ ਵਿੱਚ ਵਿਦਿਆਰਥੀ ਆਗੂਆਂ ਵੱਲੋਂ ਸ਼ਕਤੀ ਪ੍ਰਦਰਸ਼ਨ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 2 ਸਤੰਬਰ
ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਯੂਟੀ ਦੇ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਪੰਜ ਸਤੰਬਰ ਨੂੰ ਹੋਣੀਆਂ ਹਨ ਤੇ ਅੱਜ ਕਈ ਕਾਲਜਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਵਿਦਿਆਰਥੀ ਆਗੂਆਂ ਵੱਲੋਂ ਰੈਲੀਆਂ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਚੋਣ ਸਬੰਧੀ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਵੀ ਕੀਤੀ ਤੇ ਕਈ ਥਾਈਂ ਹੁੜਦੁੰਗ ਵੀ ਮਚਾਇਆ ਪਰ ਪੁਲੀਸ ਨੇ ਵਿਦਿਆਰਥੀਆਂ ਦੀ ਭੀੜ ਨੂੰ ਬੇਕਾਬੂ ਨਹੀਂ ਹੋਣ ਦਿੱਤਾ ਤੇ ਉਨ੍ਹਾਂ ਨੂੰ ਵਾਪਸ ਕਾਲਜਾਂ ਵਿੱਚ ਭੇਜਿਆ।
ਇੱਥੋਂ ਦੇ ਜੀਜੀਡੀ ਐੱਸਡੀ ਕਾਲਜ ਸੈਕਟਰ-32 ਵਿੱਚ ਮੁੱਖ ਤੌਰ ’ਤੇ ਮੁਕਾਬਲਾ ਤਿੰਨ ਪਾਰਟੀਆਂ ਦਰਮਿਆਨ ਹੈ। ਇੱਥੇ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਨੇ ਚੋਣ ਲੜਨ ਕਿਸੇ ਨਾਲ ਵੀ ਗੱਠਜੋੜ ਨਹੀਂ ਕੀਤਾ। ਇਸ ਪਾਰਟੀ ਵੱਲੋਂ ਅਮਨਜੀਤ ਸਿੰਘ ਸਿੱਧੂ ਪ੍ਰਧਾਨਗੀ ਲਈ ਉਮੀਦਵਾਰ ਹਨ ਜਦੋਂਕਿ ਐੱਸਡੀਸੀਯੂ ਵੱਲੋਂ ਹਿਮਸੂ ਨਾਲ ਰਲ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ ਤੇ ਇਸ ਪਾਰਟੀ ਵੱਲੋਂ ਪ੍ਰਧਾਨਗੀ ਲਈ ਜੀਵਨ ਜੋਤ ਸਿੰਘ ਉਮੀਦਵਾਰ ਹਨ। ਇਸ ਤੋਂ ਇਲਾਵਾ ਆਈਐੱਸਐੱਫ ਇੰਡੀਪੈਂਡੈਂਟ ਸਟੂਡੈਂਟਸ ਫੈੱਡਰੇਸ਼ਨ ਤੇ ਐੱਨਐੱਸਯੂਆਈ ਵੱਲੋਂ ਰਲ ਕੇ ਚੋਣ ਲੜੀ ਜਾ ਰਹੀ ਹੈ। ਇਸ ਪਾਰਟੀ ਦੇ ਪ੍ਰਧਾਨਗੀ ਦੇ ਉਮੀਦਵਾਰ ਕ੍ਰਿਸ਼ ਡੂਮਰਾ ਹਨ। ਇਨ੍ਹਾਂ ਪਾਰਟੀਆਂ ਵੱਲੋਂ ਅੱਜ ਵੱਖ-ਵੱਖ ਸਮੇਂ ’ਤੇ ਚੋਣ ਰੈਲੀਆਂ ਕੀਤੀਆਂ ਗਈਆਂ। ਕਾਲਜਾਂ ਦਾ ਦੌਰਾ ਕਰਨ ’ਤੇ ਐਸਡੀ ਕਾਲਜ ਸੈਕਟਰ-32 ਵਿੱਚ ਸੋਈ ਵੱਲੋਂ ਰੈਲੀਆਂ ਕਰ ਕੇ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ ਗਿਆ। ਇਸ ਦੌਰਾਨ ਸੋਈ ਵੱਲੋਂ ਕੱਢੀ ਰੈਲੀ ਵਿੱਚ ਦੂਜੀ ਪਾਰਟੀ ਦੇ ਮੁਕਾਬਲੇ ਜ਼ਿਆਦਾ ਵਿਦਿਆਰਥੀ ਸ਼ਾਮਲ ਹੋਏ। ਇਸ ਵਾਰ ਪੀਯੂ ਵੱਲੋਂ ਵਿਦਿਆਰਥੀਆਂ ਦੀ ਰੈਲੀ ਕਰਨ ਦੀ ਮਨਾਹੀ ਕਰਨ ਤੋਂ ਬਾਅਦ ਡੀਏਵੀ ਕਾਲਜ ਤੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜਾਂ ਸੈਕਟਰ-11 ਵਿੱਚ ਰੈਲੀਆਂ ਨਹੀਂ ਹੋਈਆਂ ਵਿਦਿਆਰਥੀਆਂ ਨੇ ਸਮੂਹਾਂ ਵਿੱਚ ਜਾ ਕੇ ਵੋਟਾਂ ਮੰਗੀਆਂ।
ਏਬੀਵੀਪੀ ਅਤੇ ਐੱਨਐੱਸਯੂਆਈ ਦੇ ਸਮਰਥਨ ’ਤੇ ਇਤਰਾਜ਼
ਵਿਦਿਆਰਥੀ ਆਗੂਆਂ ਨੇ ਕਈ ਕਾਲਜਾਂ ਵਿਚ ਕੱਟੜ ਵਿਰੋਧੀ ਪਾਰਟੀਆਂ ਏਬੀਵੀਪੀ ਤੇ ਐਨਐਸਯੂਆਈ ਵੱਲੋਂ ਇਕ ਹੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਕਿਵੇਂ ਵਿਦਿਆਰਥੀਆਂ ਦੇ ਹਿੱਤਾਂ ਵਿੱਚ ਭੁਗਤ ਸਕਦੀਆਂ ਹਨ ਕਿਉਂਕਿ ਇਹ ਪਾਰਟੀਆਂ ਕ੍ਰਮਵਾਰ ਭਾਜਪਾ ਤੇ ਕਾਂਗਰਸ ਨਾਲ ਜੁੜੀਆਂ ਹੋਈਆਂ ਹਨ। ਡੀਏਵੀ ਕਾਲਜ ਦੇ ਹਿੰਦੋਸਤਾਨ ਸਟੂਡੈਂਟਸ ਐਸੋਸੀਏਸ਼ਨ ਦੇ ਆਗੂ ਅਮਨ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ ਮੁਕਾਬਲਾ ਰਾਜਸੀ ਤੇ ਵਿਦਿਆਰਥੀ ਪਾਰਟੀਆਂ ਦਰਮਿਆਨ ਹੈ। ਉਨ੍ਹਾਂ ਦੀ ਐੱਚਐੱਸਏ ਨੇ ਵਿਦਿਆਰਥੀ ਪਾਰਟੀ ਹਿਮਾਚਲ ਪ੍ਰਦੇਸ਼ ਸਟੂਡੈਂਟਸ ਐਸੋਸੀਏਸ਼ਨ ਨਾਲ ਗੱਠਜੋੜ ਕੀਤਾ ਹੈ ਜਦੋਂਕਿ ਦੂਜੇ ਪਾਸੇ ਸਾਰੀਆਂ ਉਹ ਪਾਰਟੀਆਂ ਹਨ ਜਿਨ੍ਹਾਂ ਨੂੰ ਰਾਜਸੀ ਥਾਪੜਾ ਹਾਸਲ ਹੈ।