ਬਿਜਲੀ ਉਤਪਾਦਨ: ਪੰਜਾਬ ਦੇ ਲੱਖਾਂ ਖਪਤਕਾਰਾਂ ਨੂੰ ਲਾਭ ਮਿਲਣ ਦੀ ਆਸ
ਜੋਗਿੰਦਰ ਸਿੰਘ ਮਾਨ
ਮਾਨਸਾ, 5 ਸਤੰਬਰ
ਊਰਜਾ ਮੰਤਰਾਲੇ ਨੇ ਪੰਜਾਬ ਸਮੇਤ ਦੇਸ਼ ਦੇ ਵੱਡੇ ਤਾਪਘਰਾਂ ਨੂੰ ਕੋਲੇ ਦੀਆਂ ਖਾਣਾਂ ਬਦਲਣ ਸਬੰਧੀ ਪਹਿਲੀ ਵਾਰ ਦਿੱਤੀ ਸਹੂਲਤ ਨਾਲ ਬਿਜਲੀ ਖਪਤਕਾਰਾਂ ਨੂੰ ਲਾਭ ਹੋਣ ਦੀ ਵੱਡੀ ਉਮੀਦ ਹੈ। ਇਸ ਪਹਿਲਕਦਮੀ ਨਾਲ ਜਾਪਦਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਤਾਪਘਰਾਂ ’ਤੇ ਸ਼ਿਕੰਜਾ ਕੱਸ ਕੇ ਬਿਜਲੀ ਦੇ ਰੇਟ ਭਵਿੱਖ ਵਿੱਚ ਹੋਰ ਹੇਠਾਂ ਲਿਆ ਸਕਦਾ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੀ ਇਸ ਪਹਿਲਕਦਮੀ ਦਾ ਸਭ ਤੋਂ ਵੱਧ ਲਾਭ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐਲ) ਅਤੇ ਐੱਲ ਐਂਡ ਟੀ ਦੇ ਰਾਜਪੁਰਾ ਨੇੜੇ ਨਾਭਾ ਪਾਵਰ ਪਲਾਂਟ ਨੂੰ ਹੋਣ ਦੀ ਵੱਡੀ ਉਮੀਦ ਬੱਝ ਗਈ ਹੈ। ਇਹ ਦੋਵੇਂ ਤਾਪਘਰ ਪ੍ਰਾਈਵੇਟ ਖੇਤਰ ਨਾਲ ਸਬੰਧਤ ਹਨ ਅਤੇ ਇਸ ਵੇਲੇ ਰਾਜ ਨੂੰ ਸਭ ਤੋਂ ਵੱਧ ਬਿਜਲੀ ਸਪਲਾਈ ਦੇ ਰਹੇ ਹਨ। ਤਾਪਘਰ ਦੇ ਇੱਕ ਪ੍ਰਬੰਧਕ ਦਾ ਕਹਿਣਾ ਹੈ ਕਿ ਦੇਸ਼ ਦੀਆਂ ਚੰਗੀਆਂ ਖਾਣਾਂ ਤੋਂ ਕੋਲਾ ਮਿਲਣ ਨਾਲ ਉਸਦੇ ਤਾਪ ਤੋਂ ਪੈਦਾ ਹੋਣ ਵਾਲੀ ਬਿਜਲੀ, ਜਦੋਂ ਸਸਤੀ ਪੈਣੀ ਸ਼ੁਰੂ ਹੋ ਜਾਵੇਗੀ ਤਾਂ ਇਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਕੀਤੀਆਂ ਹਦਾਇਤਾਂ ਮੁਤਾਬਕ ਕੀਮਤਾਂ ਨੂੰ ਆਪਸੀ ਸਲਾਹ ਨਾਲ ਘਟਾਇਆ ਜਾ ਸਕਦਾ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਉਣ ਦਾ ਦਾਅਵਾ ਕਰ ਚੁੱਕੀ ਹੈ, ਜਿਸ ਤਹਿਤ ਹੁਣ ਉਸ ਵਾਅਦੇ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ।