ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਦੀਆਂ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਮੁਜ਼ਾਹਰੇ
ਅਸ਼ਵਨੀ ਗਰਗ
ਸਮਾਣਾ, 19 ਅਗਸਤ
ਪੀਐੱਸਈਬੀ ਐਂਪਲਾਈਜ਼ ਫੈਡਰੇਸਨ (ਏਟਕ) ਪੰਜਾਬ ਦੇ ਸੱਦੇ ’ਤੇ ਫੈਡਰੇਸਨ ਦੀ ਸਮਾਣਾ ਡਿਵੀਜ਼ਨ ਵੱਲੋਂ ਪ੍ਰਧਾਨ ਗੁਰਮੇਲ ਰਾਮ ਦੀ ਅਗਵਾਈ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਆਗੂਆਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਜਿਹੜੀਆਂ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦਾ ਫੈਸਲਾ ਲਿਆ ਹੈ ਉਸ ਨੂੰ ਫੌਰੀ ਤੌਰ ’ਤੇ ਰੱਦ ਕੀਤਾ ਜਾਵੇ ਅਤੇ ਹੋਰ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਵੀ ਵਾਪਸ ਲਿਆ ਜਾਵੇ। ਰੈਲੀ ਵਿੱਚ ਪ੍ਰਧਾਨ ਗੁਰਮੇਲ ਰਾਮ , ਕੈਸ਼ੀਅਰ ਅਮਰੀਕ ਸਿੰਘ, ਸਰਕਲ ਸਕੱਤਰ ਅਰਸਦੀਪ ਸਿੰਘ ਨੇ ਸ਼ਮੂਲੀਅਤ ਕੀਤੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੰ): ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਪੀਐੱਸਈਬੀਸੀ ਐਂਪਲਾਈਜ਼ ਫੈਡਰੇਸ਼ਨ (ਏਟਕ) ਮੰਡਲ ਮਾਲੇਰਕੋਟਲਾ ਵੱਲੋਂ ਮੰਡਲ ਦਫ਼ਤਰ ਦੇ ਗੇਟ ਅੱਗੇ ਰਣਜੀਤ ਸਿੰਘ ਬਿੰਜੋਕੀ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਕ੍ਰਿਪਾਲ ਸਿੰਘ, ਰਾਜਵੰਤ ਸਿੰਘ, ਗੁਰਜੰਟ ਸਿੰਘ, ਗੁਰਜੀਤ ਸਿੰਘ, ਬਲਜੀਤ ਸਿੰਘ, ਜਗਮੇਲ ਸਿੰਘ, ਬਾਬੂ ਸਿੰਘ, ਮੱਖਣ ਸਿੰਘ, ਨਰਿੰਦਰ ਕੁਮਾਰ, ਕੁਲਦੀਪ ਸਿੰਘ ਅਤੇ ਗੁਰਧਿਆਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਦੇ ਨਾਂ ਹੇਠ ਮੋਂਟੇਕ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਕਮੇਟੀ ਬਣਾ ਕੇ ਮਜ਼ਦੂਰਾਂ ਮੁਲਾਜ਼ਮਾਂ ਨੂੰ ਕੁਚਲਣ ਦੀ ਚਾਲ ਚੱਲੀ ਗਈ ਹੈ, ਜਿਸ ਦਾ ਮਜ਼ਦੂਰ- ਮੁਲਾਜ਼ਮ ਡੱਟ ਕੇ ਵਿਰੋਧ ਕਰਦੇ ਰਹਿਣਗੇ। ਆਗੂਆਂ ਨੇ ਮੰਗ ਕੀਤੀ ਕਿ ਉਕਤ ਕਮੇਟੀ ਦੀ ਰਿਪੋਰਟ ਰੱਦ ਕੀਤੀ ਜਾਵੇ ਅਤੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨੀਆਂ ਜਾਣ।
ਮਸਤੂਆਣਾ ਸਾਹਿਬ (ਐੱਸ.ਐੱਸ. ਸੱਤੀ): ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਸਾਥੀਆਂ ਵੱਲੋਂ ਉਪ ਮੰਡਲ ਬਡਰੁੱਖਾਂ ਵਿੱਚ ਸਾਥੀ ਭੋਲਾ ਸਿੰਘ ਅਤੇ ਡਿਵੀਜ਼ਨ ਪ੍ਰਧਾਨ ਬਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਸਾਥੀ ਜੀਵਨ ਸਿੰਘ ਨੇ ਪਾਵਰਕੌਮ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਰੈਲੀ ਨੂੰ ਸਰਕਲ ਸਕੱਤਰ ਸਾਥੀ ਜਸਮੇਲ ਸਿੰਘ ਜੱਸੀ, ਡਿਵੀਜ਼ਨ ਪ੍ਰਧਾਨਬਲਵੀਰ ਸਿੰਘ, ਹਰਜਿੰਦਰ ਸਿੰਘ, ਭੋਲਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।