For the best experience, open
https://m.punjabitribuneonline.com
on your mobile browser.
Advertisement

ਅੱਜ ਦੇ ਯੁੱਗ ’ਚ ਡੇਟਾ ਦੀ ਤਾਕਤ ਅਤੇ ਨੁਕਸਾਨ

08:02 PM Jun 29, 2023 IST
ਅੱਜ ਦੇ ਯੁੱਗ ’ਚ ਡੇਟਾ ਦੀ ਤਾਕਤ ਅਤੇ ਨੁਕਸਾਨ
Advertisement

ਅਤਾਨੂੰ ਬਿਸਵਾਸ

Advertisement

ਫੋਨ ਕਾਲ ਆਈ ਤੇ ਬੋਲਣ ਵਾਲੇ ਨੇ ਮੈਨੂੰ ਆਪਣੀ ਰੀ-ਕੇਵਾਈਸੀ (ਮੁੜ ਤੋਂ ਕੇਵਾਈਸੀ) ਕਰਨ ਲਈ ਆਖਿਆ; ਨਾਲ ਦਾਅਵਾ ਕੀਤਾ ਕਿ ਉਹ ਕ੍ਰੈਡਿਟ ਕਾਰਡ ਜਾਰੀ ਕਰਨ ਵਾਲੇ ਬੈਂਕ ਵੱਲੋਂ ਇਸ ਮਕਸਦ ਲਈ ਆਊਟਸੋਰਸ ਕੀਤੀ ਕੰਪਨੀ ਤੋਂ ਬੋਲ ਰਿਹਾ ਹੈ ਤੇ ਉਹ ਮੇਰੇ ਕੋਲ ਆ ਕੇ ਮੇਰੇ ਦਸਤਾਵੇਜ਼ (ਮੇਰੀ ਸਮਝ ਮੁਤਾਬਕ ਆਧਾਰ ਕਾਰਡ, ਪੈਨ ਕਾਰਡ ਆਦਿ) ਲੈਣੇ ਚਾਹੁੰਦਾ ਸੀ ਤੇ ਨਾਲ ਹੀ ਉਸ ਨੇ ਮੇਰੀ ਬਾਇਓਮੀਟਰੀ ਵੀ ਕਰਨੀ ਸੀ। ਬਿਨਾ ਸ਼ੱਕ ਮੈਂ ਔਖਾ ਮਹਿਸੂਸ ਕਰ ਰਿਹਾ ਸੀ। ਕੀ ਇਹ ਕਾਲ ਸਹੀ ਸੀ ਜਾਂ ਧੋਖੇਬਾਜ਼ੀ ਵਾਲੀ? ਜੇ ਇਹ ਸਹੀ ਵੀ ਹੋਵੇ ਤਾਂ ਵੀ ਕਿਸੇ ਅਜਨਬੀ ਤੋਂ ਆਪਣੀ ਬਾਇਓਮੀਟਰੀ ਕਰਵਾਉਣ ਵਿਚ ਮੇਰੀ ਕੋਈ ਰੁਚੀ ਨਹੀਂ ਸੀ। ਇਸ ਦੀ ਕੀ ਗਾਰੰਟੀ ਸੀ ਕਿ ਡੇਟਾ ਭੁੱਲ-ਭੁਲੇਖੇ ਜਾਂ ਜਾਣ-ਬੁੱਝ ਕੇ ਲੀਕ ਨਹੀਂ ਕੀਤਾ ਜਾਵੇਗਾ ਅਤੇ ਨਾਲ ਹੀ ਕੰਪਨੀ ਨੇ ਮੇਰੇ ਡੇਟਾ ਸੰਭਾਲਣ ਵਾਸਤੇ ਇਸ ਦੀ ਸੁਰੱਖਿਆ ਲਈ ਛੋਟੀ ਮਿਆਦ ਤੇ ਲੰਮੀ ਮਿਆਦ ਲਈ ਕਿਹੜਾ ਬੁਨਿਆਦੀ ਢਾਂਚਾ ਕਾਇਮ ਕੀਤਾ ਹੈ? ਮੈਂ ਫੌਰੀ ਤੌਰ ‘ਤੇ ਇਸ ਦੀ ਇਜਾਜ਼ਤ ਨਾ ਦੇਣ ਦਾ ਫ਼ੈਸਲਾ ਕੀਤਾ ਭਾਵੇਂ ਇਸ ਦੇ ਸਿੱਟੇ ਵਜੋਂ ਮੇਰਾ ਕ੍ਰੈਡਿਟ ਕਾਰਡ ਹੀ ਕਿਉਂ ਨਾ ਰੱਦ ਕਰ ਦਿੱਤਾ ਜਾਵੇ।

ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਪਹਿਲਾਂ ਹੀ ਇਹ ਸਾਰੇ ਅਹਿਮ ਦਸਤਾਵੇਜ਼ ਤੇ ਜਾਣਕਾਰੀਆਂ ਸਾਲਾਂ ਦੌਰਾਨ ਅਣਗਿਣਤ ਥਾਵਾਂ ਉਤੇ ਮੁਹੱਈਆ ਕਰਵਾ ਚੁੱਕਾ ਹਾਂ। ਬੈਂਕ ਕਈ ਵਾਰ ਕੇਵਾਈਸੀ ਦਸਤਾਵੇਜ਼ ਮੰਗ ਲੈਂਦੇ ਹਨ, ਇਸ ਦੀ ਜ਼ਰੂਰਤ ਮਹਿਜ਼ ਬੈਂਕ ਖ਼ਾਤੇ ਖੁਲ੍ਹਵਾਉਣ ਲਈ ਹੀ ਨਹੀਂ ਸਗੋਂ ਡਾਕਖ਼ਾਨੇ ਵਿਚ ਖ਼ਾਤਾ ਖੁਲ੍ਹਵਾਉਣ ਲਈ ਵੀ ਪੈਂਦੀ ਹੈ। ਇਸੇ ਤਰ੍ਹਾਂ ਸਿਮ ਕਾਰਡ ਲੈਣ, ਲੈਂਡਲਾਈਨ ਫੋਨ ਲਵਾਉਣ, ਸਿਹਤ ਬੀਮਾ ਕਰਾਉਣ, ਹੋਟਲਾਂ ਵਿਚ ਰਹਿਣ, ਵੋਟਰ ਕਾਰਡ ਅਤੇ ਪਾਸਪੋਰਟ ਨਵਿਆਉਣ, ਪੈਨਸ਼ਨ ਲੈਣ, ਵੈਕਸੀਨ ਲਵਾਉਣ ਅਤੇ ਆਪਣਾ ਪਤਾ ਬਦਲਾਉਣ ਸਮੇਂ ਬਹੁਤ ਕਾਸੇ ਲਈ ਇਨ੍ਹਾਂ ਨੂੰ ਜਮ੍ਹਾਂ ਕਰਾਉਣਾ ਪੈਂਦਾ ਹੈ। ਕੁਝ ਸਾਲ ਪਹਿਲਾਂ ਬਰਤਾਨੀਆ ਵਿਚ ਰਹਿੰਦੇ ਮੇਰੇ ਇਕ ਜਾਣੂ ਨੂੰ ਕੋਲਕਾਤਾ ਵਿਚ ਸਾਈਬਰ ਕੈਫ਼ੇ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਸ ਨੇ ਆਪਣਾ ਫੋਟੋ ਪਛਾਣ ਪੱਤਰ ਤਾਂ ਦਿਖਾਇਆ ਸੀ ਪਰ ਇਸ ਦੀ ਫੋਟੋ ਕਾਪੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਬੈਂਕਾਂ ਦੇ ਕੁਝ ਮੁਲਾਜ਼ਮ/ਅਧਿਕਾਰੀ ਤਾਂ ਤੁਹਾਨੂੰ ਵ੍ਹੱਟਸਐਪ ਉਤੇ ਵੀ ਡੇਟਾ ਮੁਹੱਈਆ ਕਰਾਉਣ ਲਈ ਆਖ ਦਿੰਦੇ ਹਨ। ਇਸ ਦੀ ਸੁਰੱਖਿਆ ਦਾ ਕੀ ਬਣੂ?

ਇਉਂ ਵਿਅਕਤੀਗਤ ਡੇਟਾ ਇਕੱਤਰ ਕਰਨ ਵਾਲੇ ਇਨ੍ਹਾਂ ਲੋਕਾਂ ਦੀ ਨਾ ਤਾਂ ਮੇਰੇ ਪ੍ਰਤੀ ਤੇ ਨਾ ਹੀ ਸੇਵਾ ਦੇਣ ਵਾਲੀ ਕੰਪਨੀ ਪ੍ਰਤੀ ਕੋਈ ਜ਼ਿੰਮੇਵਾਰੀ/ਜਵਾਬਦੇਹੀ ਹੈ। ਕੀ ਮੈਂ ਕਦੇ ਜਾਣ ਸਕਾਂਗਾ ਕਿ ਇਸ ਡੇਟਾ ਨੂੰ ਕਿਵੇਂ ਇਸਤੇਮਾਲ ਕੀਤਾ ਜਾਂਦਾ ਹੈ, ਇਸ ਨੂੰ ਕਿਵੇਂ ਸਟੋਰ ਕੀਤਾ ਜਾਂਦਾ ਹੈ ਅਤੇ ਇਸ ਗੱਲ ਦੀ ਕੀ ਯਕੀਨਦਹਾਨੀ ਹੈ ਕਿ ਇਸ ਡੇਟਾ ਦੀ ਸੁਰੱਖਿਆ ਸਬੰਧੀ ਇਸ ਨੂੰ ਇਕੱਤਰ ਕਰਦੇ ਸਮੇਂ ਜਾਂ ਬਾਅਦ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ? ਕੀ ਕ੍ਰਿਪਟੋਲੌਜੀ ਵਿਚ ਖੋਜ ਦਾ ਇਕ ਪੱਖ ਇਹ ਨਹੀਂ ਕਿ ਸੁਰੱਖਿਆ ਨੂੰ ਕਿਵੇਂ ਤੋੜਿਆ ਜਾਵੇ? ਕੀ ਹੈਕਰਾਂ ਦਾ ਦੁਨੀਆ ਭਰ ਵਿਚ ਟੀਚਾ ਇਹੋ ਨਹੀਂ ਹੈ ਕਿ ਸੁਰੱਖਿਆ ਨੂੰ ਕਿਵੇਂ ਲਗਾਤਾਰ ਕਮਜ਼ੋਰ ਕੀਤਾ ਜਾਵੇ? ਇਸ ਤੋਂ ਵੀ ਵੱਡੀ ਗੱਲ, ਸਾਨੂੰ ਤਾਂ ਇਹ ਪਤਾ ਹੀ ਨਹੀਂ ਲੱਗੇਗਾ ਕਿ ਕਦੋਂ ਸਾਡੀ ਸੁਰੱਖਿਆ ਨਾਲ ਸਮਝੌਤਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਅਤੇ ਇੰਟਰੈਨੈੱਟ ਦੀ ਭਾਰੀ ਵਰਤੋਂ ਦੇ ਸਿੱਟੇ ਵਜੋਂ ਸਾਡੇ ਹਰ ਕਦਮ ਦੇ ਨਾਲ ਹੀ ਵੱਡੇ ਪੱਧਰ ‘ਤੇ ਡੇਟਾ ਲਗਾਤਾਰ ਪੈਦਾ ਹੁੰਦਾ ਰਹਿੰਦਾ ਹੈ। ਫਿਰ ਕਿਉਂਕਿ ਸਾਰਾ ਕੁਝ ਹੀ ਇੰਟਰਨੈੱਟ ਆਫ ਥਿੰਗਜ਼ ਦੇ ਘੇਰੇ ਵਿਚ ਆਉਂਦਾ ਹੈ, ਇਸ ਕਾਰਨ ਅਸੀਂ ਆਪਣੇ ਰਹਿਣ-ਸਹਿਣ ਤੇ ਤਰਜ਼-ਏ-ਜ਼ਿੰਦਗੀ ਦੇ ਹਰ ਪੱਖ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ। ਸਾਡੇ ਵਿਚੋਂ ਬਹੁਤ ਸਾਰੇ ਲੋਕ ਆਨਲਾਈਨ, ਸਟੋਰਾਂ ਵਿਚ ਜਾਂ ਹੋਰ ਕਿਤੇ ਵੀ ਆਪਣੇ ਮੋਬਾਈਲ ਨੰਬਰ ਦੇਣ ਤੋਂ ਵੀ ਨਹੀਂ ਝਿਜਕਦੇ। 2019 ਵਿਚ ‘ਨਿਊਯਾਰਕ ਟਾਈਮਜ਼’ ਦੇ ਲੇਖਕ ਬਰਾਇਨ ਐਕਸ ਚੇਨ ਨੇ ਆਪਣੀ ਇਕ ਲਿਖਤ ਜਿਸ ਦਾ ਸਿਰਲੇਖ ਸੀ ‘ਮੈਂ ਆਪਣਾ ਫੋਨ ਨੰਬਰ ਦਿੱਤਾ, ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ’ ਵਿਚ ਸੁਰੱਖਿਆ ਖੋਜਕਾਰਾਂ ਦੀ ਮਦਦ ਨਾਲ ਇਹ ਦਿਖਾਇਆ ਕਿ ਫੋਨ ਕਿਵੇਂ ਕਿਸੇ ਦਾ ਹੀਜ-ਪਿਆਜ਼ ਨੰਗਾ ਕਰ ਸਕਦੇ ਹਨ। ਚੇਨ ਦਾ ਕਹਿਣਾ ਸੀ, “ਅੱਜ ਤੁਹਾਡਾ ਫੋਨ ਨੰਬਰ ਤੁਹਾਡੇ ਪੂਰੇ ਨਾਂ ਤੋਂ ਵੀ ਜ਼ਿਆਦਾ ਮਜ਼ਬੂਤ ਸ਼ਨਾਖ਼ਤਕਾਰ ਬਣ ਗਿਆ ਹੈ।”

ਇਸ ਦੇ ਕੀ ਨਤੀਜੇ ਹਨ? ‘ਸਨ ਮਾਈਕਰੋਸਿਸਟਮਜ਼’ ਦੇ ਚੀਫ ਐਗਜ਼ੈਟਕਟਿਵ ਅਫਸਰ ਸਕੌਟ ਮੈਕੈਨਲੀ ਨੇ 1999 ਵਿਚ ਟਿੱਪਣੀ ਕੀਤੀ ਸੀ: “ਹੁਣ ਤੁਹਾਡੀ ਨਿੱਜਤਾ ਖ਼ਤਮ ਹੈ।” ਇਸੇ ਤਰ੍ਹਾਂ ਮਾਰਕ ਜ਼ੁਕਰਬਰਗ ਨੇ 2010 ਵਿਚ ਕਿਹਾ, “ਨਿੱਜਤਾ ਮਰ-ਮੁੱਕ ਚੁੱਕੀ ਹੈ।” ਇਸ ਸਬੰਧੀ ਸਮਾਜਿਕ ਸਮੱਸਿਆ ਨੂੰ ਕੈਂਬਰਿਜ ਐਨਾਲਾਈਟਿਕਾ ਵਰਗੇ ਮਾਮਲੇ ਜੱਗ-ਜ਼ਾਹਿਰ ਹੋਣ ਤੋਂ ਸਮਝਿਆ ਜਾ ਸਕਦਾ ਹੈ। ਜਿਵੇਂ ਸਾਡੀ ਨਿਜੀ ਜਾਣਕਾਰੀ ਪਹਿਲਾਂ ਹੀ ਬਹੁਤ ਸਾਰੀਆਂ ਥਾਵਾਂ ਉਤੇ ਸਾਂਝੀ ਕੀਤੀ ਜਾ ਰਹੀ ਹੈ, ਕੀ ਇਹ ਅਸੰਭਵ ਹੈ ਕਿ ਇਨ੍ਹਾਂ ਵਿਚੋਂ ਕੁਝ ਵਸੀਲਿਆਂ ਨੇ ਪਹਿਲਾਂ ਹੀ ਸਾਡੇ ਡੇਟਾ ਸੰਬਧੀ ਸਮਝੌਤਾ ਕਰ ਲਿਆ ਹੋਵੇ?

ਕਦੇ ਕਦੇ ‘ਸੁਰੱਖਿਆ’ ਅਤੇ ‘ਨਿੱਜਤਾ’ ਦਾ ਆਪਸ ਵਿਚ ਭੰਬਲਭੂਸਾ ਪੈ ਜਾਂਦਾ ਹੈ ਕਿਉਂਕਿ ਇਹ ਅਸਪਸ਼ਟ ਢੰਗ ਨਾਲ ਇਕ-ਦੂਜੀ ਦੇ ਘੇਰੇ ਵਿਚ ਘੁਸਪੈਠ ਕਰ ਸਕਦੀਆਂ ਹਨ। ਡੇਟਾ ਸੁਰੱਖਿਆ ਤੇ ਸਲਾਮਤੀ ਕਿਸੇ ਵੀ ਲਾਗੂ ਨਿਜੀ ਡੇਟਾ ਹਿਫ਼ਾਜ਼ਤੀ ਕਾਨੂੰਨ ਵੱਲੋਂ ‘ਵਿਆਪਕ ਕਾਨੂੰਨੀ ਢਾਂਚੇ’ ਵਿਚ ਮੁਹੱਈਆ ਕਰਵਾਈ ਜਾ ਸਕਦੀ ਹੈ ਪਰ ਅਜਿਹਾ ਕਾਨੂੰਨ ਸੀਮਤ ਕੰਟਰੋਲ ਹੀ ਮੁਹੱਈਆ ਕਰਵਾ ਸਕਦਾ ਹੈ ਅਤੇ ਇਸ ਵਿਚ ਡੇਟਾ ਸੁਰੱਖਿਆ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਸਜ਼ਾ ਦੇਣ ਦੇ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ ਪਰ ਕਾਨੂੰਨ ਮੁਕੰਮਲ ਡੇਟਾ ਸੁਰੱਖਿਆ ਦੀ ਯਕੀਨਦਹਾਨੀ ਨਹੀਂ ਕਰ ਸਕਦਾ। ਅਸਲ ਵਿਚ ਜਿਹੜੀ ਸਭ ਤੋਂ ਵੱਧ ਹਿਫ਼ਾਜ਼ਤ ਦਿੱਤੀ ਜਾ ਸਕਦੀ ਹੈ, ਉਹ ਮੁਹਾਰਤ ਦੇ ਜਾਣੇ ਜਾਂਦੇ ਪੱਧਰਾਂ ਦੇ ਖ਼ਿਲਾਫ਼ ਹੀ ਹੋ ਸਕਦੀ ਹੈ। ਇਸ ਸੁਰੱਖਿਆ ਨੂੰ ਸੰਨ੍ਹ ਲਾਉਣ ਦੀਆਂ ਜਾਰੀ ਜਾਂ ਭਵਿੱਖੀ ਖੋਜਾਂ ਦੇ ਸਿੱਟਿਆਂ ਖ਼ਿਲਾਫ਼ ਕੋਈ ਯਕੀਨਦਹਾਨੀ ਕਿਵੇਂ ਦਿੱਤੀ ਜਾ ਸਕਦੀ ਹੈ? ਕੀ ਡਿਜੀਟਲ ਡੇਟਾ ਸਟੋਰੇਜ ਨੂੰ ਛੱਡਣਾ ਇਸ ਦਾ ਜਵਾਬ ਹੋ ਸਕਦਾ ਹੈ? ਅਜਿਹਾ ਮੁਮਕਿਨ ਨਹੀਂ ਹੈ। ਇਸ ਤਰ੍ਹਾਂ ਡੇਟਾ ਸੁਰੱਖਿਆ ਦੁਨੀਆ ਭਰ ਦੇ ਅਧਿਕਾਰੀਆਂ ਲਈ ਨਾਜ਼ੁਕ ਤੇ ਅਹਿਮ ਵਿਸ਼ਾ ਹੈ। ਲਗਾਤਾਰ ਡੇਟਾ ਸੁਰੱਖਿਆ ਯਕੀਨੀ ਬਣਾਉਣ ਵਿਚ ਉੱਚ ਪੱਧਰੀ ਟੈਕਨੋਕ੍ਰੈਟਾਂ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਦੀ ਬਹੁਤ ਵੱਡੀ ਭੂਮਿਕਾ ਹੈ।

ਜਿਹੜੀ ਚੀਜ਼ ਮੇਰੇ ਵਰਗੇ ਆਮ ਲੋਕਾਂ ਨੂੰ ਹੈਰਾਨ ਕਰਦੀ ਹੈ, ਉਹ ਇਹ ਕਿ ਆਖ਼ਰ ਸਾਨੂੰ ਆਪਣਾ ਡੇਟਾ ਇਸ ਤਰ੍ਹਾਂ ਵਾਰ ਵਾਰ ਅਤੇ ਇੰਨੀਆਂ ਵੱਖ ਵੱਖ ਥਾਵਾਂ ਉਤੇ ਕਿਉਂ ਦੇਣਾ ਪੈਂਦਾ ਹੈ। ਸਾਨੂੰ ਮੁੜ-ਕੇਵਾਈਸੀ ਕਿਉਂ ਕਰਵਾਉਣੀ ਪੈਂਦੀ ਹੈ, ਜੇ ਅਸੀਂ ਕੋਈ ਵੀ ਅਹਿਮ ਨਿਜੀ ਸੂਚਨਾ ਤਬਦੀਲ ਨਾ ਵੀ ਕੀਤੀ ਹੋਵੇ? ਸ਼ਾਇਦ ਅਜਿਹਾ ਉਨ੍ਹਾਂ ਸਰੱਖਿਆ ਕਾਰਕਾਂ ਕਰ ਕੇ ਕਰਨਾ ਪੈਂਦਾ ਹੈ ਜਿਹੜੇ ਮੇਰੇ ਵਰਗੇ ਆਮ ਆਦਮੀ ਦੀ ਸਮਝ ਤੋਂ ਬਾਹਰ ਦੀ ਗੱਲ ਹਨ। ਉਂਝ ਇਕ ਗੱਲ ਤੈਅ ਹੈ: ਹਰ ਕਿਸੇ ਉਤੇ ਡੇਟਾ ਇਕੱਤਰ ਕਰਨ ਦਾ ਭੂਤ ਸਵਾਰ ਹੈ। ਉਹ ਅਜਿਹਾ ਡੇਟਾ ਵੱਡੀ ਪੱਧਰ ‘ਤੇ ਇਕੱਤਰ ਕਰਨਾ ਚਾਹੁੰਦੇ ਹਨ ਜਿਸ ਵਿਚੋਂ ਅਗਾਂਹ ਆਪਣੇ ਮਤਲਬ ਦਾ ਖ਼ਾਸ ਡੇਟਾ ਤਲਾਸ਼ ਕੇ ਕੱਢਿਆ/ਲੱਭਿਆ ਜਾ ਸਕੇ ਜਿਸ ਦੀ ਵਰਤੋਂ ਫਿਰ ਕੌਮੀ ਹਿੱਤਾਂ ਨਾਲ ਸਬੰਧਤ ਵੱਖੋ-ਵੱਖ ਮੁੱਦਿਆਂ ਲਈ ਕੀਤੀ ਜਾ ਸਕੇ; ਜਿਵੇਂ ਆਪਣੀਆਂ ਕਾਰੋਬਾਰੀ ਸੰਭਾਵਨਾਵਾਂ ਨੂੰ ਹੁਲਾਰਾ ਦੇਣਾ; ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਚੋਣਾਂ ਜਾਂ ਖੇਡਾਂ ਵਿਚ ਜਿੱਤਾਂ ਦਰਜ ਕਰਨ ਲਈ ਲੋੜੀਂਦੀਆਂ ਰਣਨੀਤੀਆਂ ਘੜਨ ਲਈ ਕੀਤਾ ਜਾ ਸਕਦਾ ਹੈ।

ਪਰ ਸੰਸਾਰ ਆਰਥਿਕ ਮੰਚ (ਡਬਲਿਊਈਐਫ) ਦੀ 2011 ਦੀ ਰਿਪੋਰਟ ਜਿਸ ਦਾ ਸਿਰਲੇਖ ਹੈ- ‘ਨਿਜੀ ਡੇਟਾ: ਅਸਾਸੇ ਦੇ ਨਵੇਂ ਵਰਗ ਦਾ ਉਭਾਰ’ ਵਿਚ ਅਜਿਹੇ ‘ਬੁਨਿਆਦੀ ਢਾਂਚੇ ਦੀ ਉਲਬਧਤਾ ਉਤੇ ਜ਼ੋਰ ਦਿੱਤਾ ਗਿਆ ਹੈ ਜਿਹੜਾ ਮੂਲ ਰੂਪ ਵਿਚ ਭਰੋਸੇਮੰਦ, ਸੁਰੱਖਿਅਤ ਹੋਵੇ ਤੇ ਇਸ ਦੀ ਧਾਰ ਨਵੀਆਂ ਕਾਢਾਂ ਨਾਲ ਤਿੱਖੀ ਰਹੇ’ ਕਿਉਂਕਿ ਲਗਾਤਾਰ ਵਧ ਰਹੇ ਤੇ ਨਾਲ ਹੀ ਹੋਰ ਗੁੰਝਲਦਾਰ ਹੋ ਰਹੇ ਡੇਟਾ ਦੇ ਖੇਤਰ ਲਈ ਇਸ ਦੀ ਸਖ਼ਤ ਜ਼ਰੂਰਤ ਹੈ। ਅੰਕੜਾ ਵਿਗਿਆਨੀ ਹੋਣ ਦੇ ਨਾਤੇ ਮੈਂ ਭਰੋਸੇ ਨਾਲ ਆਖ ਸਕਦਾ ਹਾਂ ਕਿ ਇਸ ਪ੍ਰਸੰਗ ਵਿਚ ਸਾਡੀ ਅੰਕੜਾ ਮੁਹਾਰਤ ਅਜੇ ਵੀ ਸ਼ੁਰੂਆਤੀ ਦੌਰ ਵਾਲੀ ਹੀ ਹੈ ਅਤੇ ਅਸੀਂ ਪੈਦਾ ਹੋ ਰਹੇ ਇੰਨੇ ਜ਼ਿਆਦਾ ਡੇਟਾ ਨੂੰ ਸੰਭਾਲਣ ਲਈ ਲੋੜੀਂਦੀ ਮੁਹਾਰਤ ਨਾਲ ਲੈਸ ਤੇ ਤਿਆਰ ਨਹੀਂ ਹਾਂ। ਇਸ ਦੇ ਬਾਵਜੂਦ ਡਿਜੀਟਲ ਤਕਨਾਲੋਜੀ ਉਤੇ ਸਾਡੀ ਨਿਰਭਰਤਾ ਲਗਾਤਾਰ ਵਧ ਰਹੀ ਹੈ।

ਕੀ ਇਸ ਸੂਰਤ ਵਿਚ ਰੈਗੂਲੇਟਰਾਂ ਨੂੰ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ? ਕੀ ਇਨ੍ਹਾਂ ਅਹਿਮ ਦਸਤਾਵੇਜ਼ਾਂ ਨੂੰ ਵਾਰ ਵਾਰ ਮੁਹੱਈਆ ਕਰਵਾਉਣ ਦੀ ਲੋੜ ਨੂੰ ਬਦਲਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਘੱਟ ਕਸ਼ਟਦਾਈ ਬਣਾਇਆ ਜਾ ਸਕੇ? ਡੇਟਾ ਇਕੱਤਰ ਦੇ ਜਨੂਨ ਅਤੇ ਆਉਣ ਵਾਲੀ ਡੇਟਾ ਸੁਰੱਖਿਆ ਸਬੰਧੀ ਸੰਸਾਰ ਯਕੀਨਨ ਅਹਿਮ ਤੇ ਨਾਜ਼ੁਕ ਮੋੜ ਉਤੇ ਹੈ। ਡਬਲਿਊਈਐਫ ਦੀ 2011 ਵਾਲੀ ਰਿਪੋਰਟ ਇਸ ਮੁਤੱਲਕ ਇਹੋ ਆਖਦੀ ਹੈ: “ਤਾਂ ਕੀ ਅਸੀਂ ਮਹਿਜ਼ ਸਭ ਕਾਸੇ ਨੂੰ ਰੋਕ ਦੇਣ ਵਾਲਾ (ਪੌਜ਼) ਬਟਨ ਨਹੀਂ ਦਬਾ ਸਕਦੇ ਅਤੇ ਇਨ੍ਹਾਂ ਮੁੱਦਿਆਂ ਨੂੰ ਆਪਣੇ ਆਪ ਹੱਲ ਨਹੀਂ ਹੋਣ ਦੇ ਸਕਦੇ। ਸੰਤੁਲਿਤ ਨਿਜੀ ਡੇਟਾ ਈਕੋ-ਸਿਸਟਮ ਨੂੰ ਵਿਕਸਿਤ ਹੋਣ ਦੇ ਸਮਰੱਥ ਬਣਾਉਣ ਲਈ ਕਾਨੂੰਨੀ, ਸੱਭਿਆਚਾਰਕ, ਤਕਨਾਲੋਜੀਕਲ ਅਤੇ ਆਰਥਿਕ ਬੁਨਿਆਦੀ ਢਾਂਚਾ ਸੰਸਾਰ ਦੀ ਹਾਲਤ ਦੀ ਬਿਹਤਰੀ ਲਈ ਬਹੁਤ ਜ਼ਰੂਰੀ ਹੈ।”

ਡੇਟਾ ਤਾਕਤ ਹੈ ਅਤੇ ਇਹ ਬਿਨਾ ਸ਼ੱਕ, ਚੌਥੇ ਸਨਅਤੀ ਇਨਕਲਾਬ ਨੂੰ ਜਨਮ ਦੇ ਸਕਦਾ ਹੈ। ਇਸ ਦੇ ਨਾਲ ਹੀ ਡੇਟਾ ਆਲਮੀ ਪੱਧਰ ‘ਤੇ ਸਾਡੀ ਕਮਜ਼ੋਰੀ ਵੀ ਹੈ। ਇਸ ਗੱਲ ਨੂੰ ਸਮਝਣਾ ਸੰਸਾਰ ਲਈ ਫ਼ਾਇਦੇਮੰਦ ਹੈ।
*ਪ੍ਰੋਫੈਸਰ, ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ, ਕੋਲਕਾਤਾ।

Advertisement
Tags :
Advertisement
Advertisement
×