ਗ਼ਰੀਬੀ ਰੇਖਾ
ਹਰਭਿੰਦਰ ਸਿੰਘ ਸੰਧੂ
ਗੱਡੀ ਨੂੰ ਸੜਕ ਦੇ ਇੱਕ ਪਾਸੇ ਖੜ੍ਹੀ ਕਰ ਕੇ ਉਜਾਗਰ ਸਿੰਘ ਆਪਣੇ ਪੋਤਰੇ ਨੂੰ ਨਾਲ ਲੈ ਫੂਡ ਸਪਲਾਈ ਇੰਸਪੈਕਟਰ ਦੇ ਦਫ਼ਤਰ ਵੱਲ ਹੋ ਤੁਰਿਆ। ਸਤਿ ਸ੍ਰੀ ਅਕਾਲ ਬੁਲਾਉਣ ਪਿੱਛੋਂ ਉਹ ਆਪਣੇ ਥੈਲੇ ’ਚੋਂ ਆਪਣਾ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਇੰਸਪੈਕਟਰ ਵੱਲ ਵਧਾਉਂਦਾ ਬੋਲਿਆ, ‘‘ਦੇਖੀਂ ਪੁੱਤਰਾ, ਮੇਰੀ ਕਣਕ ਆਉਣੀ ਕਿਉਂ ਬੰਦ ਹੋਗੀ?’’ ਫੂਡ ਸਪਲਾਈ ਇੰਸਪੈਕਟਰ ਸਾਰੀ ਗੱਲ ਸਮਝਦਾ ਸੀ। ਉਸ ਨੇ ਕਿਹਾ, ‘‘ਬਜ਼ੁਰਗੋ, ਸਰਕਾਰ ਨੇ ਬਹੁਤ ਸਾਰੇ ਕਾਰਡ ਬੰਦ ਕਰ ਦਿੱਤੇ ਨੇ। ਹੁਣ ਇਹ ਜਾਂਚ ਹੋਣ ਮਗਰੋਂ ਹੀ ਚਾਲੂ ਹੋਣਗੇ। ਫਿਰ ਵੀ ਜੇ ਤੁਸੀਂ ਜਲਦੀ ਚਾਲੂ ਕਰਵਾਉਣਾ ਹੈ ਤਾਂ ਇੱਕ ਅਰਜ਼ੀ ਲਿਖ ਕੇ ਡੀ.ਸੀ. ਸਾਹਿਬ ਦੇ ਪੇਸ਼ ਹੋ ਕੇ ਕਹੋ ਕਿ ਅਸੀਂ ਗ਼ਰੀਬੀ ਰੇਖਾ ਤੋਂ ਥੱਲੇ ਆਉਂਦੇ ਹਾਂ, ਸਾਡਾ ਗੁਜ਼ਾਰਾ ਇਸੇ ਕਣਕ ਨਾਲ ਹੀ ਚੱਲਦਾ ਹੈ। ਫਿਰ ਤੁਹਾਡਾ ਕਾਰਡ ਦੁਬਾਰਾ ਚਾਲੂ ਹੋ ਜਾਵੇਗਾ।
ਇੰਸਪੈਕਟਰ ਦੇ ਮੂੰਹੋਂ ਗ਼ਰੀਬੀ ਰੇਖਾ ਵਾਲਾ ਸ਼ਬਦ ਸੁਣਦੇ ਹੀ ਉਜਾਗਰ ਸਿੰਘ ਦਾ ਪੋਤਰਾ ਜੋ ਕਿ ਜੇਬ੍ਹ ਵਿੱਚ ਲੱਖ ਰੁਪਏ ਵਾਲਾ ਫੋਨ ਪਾਈ ਪਿੱਛੇ ਖੜ੍ਹਾ ਸੀ, ਫੋਨ ਆਇਆ ਹੋਣ ਦਾ ਬਹਾਨਾ ਕਰ ਗੱਡੀ ਵੱਲ ਨੂੰ ਹੋ ਤੁਰਿਆ।
ਸੰਪਰਕ: 97810-81888
* * *
ਸੇਵਾ
ਡਾ. ਇਕਬਾਲ ਸਿੰਘ ਸਕਰੌਦੀ
ਅਜੇ ਪਿਛਲੇ ਮਹੀਨੇ ਹੀ ਧਰਮ ਸਿੰਘ ਦੀ ਪਤਨੀ ਬਚਨ ਕੌਰ ਦੀ ਦਿਲ ਦੇ ਦੌਰੇ ਨਾਲ ਮੌਤ ਹੋਈ ਸੀ। ਪਤਨੀ ਦੇ ਜਿਉਂਦਿਆਂ ਉਹ ਦੋਵੇਂ ਜੀਅ ਆਪਣੇ ਪਿੰਡ ਸਾਧਨਵਾਸ ਵਾਲੇ ਜੱਦੀ ਘਰ ਵਿੱਚ ਰਹਿੰਦੇ ਬਹੁਤ ਸੋਹਣਾ ਜੀਵਨ ਨਿਰਬਾਹ ਕਰ ਰਹੇ ਸਨ।
ਵੱਡੀ ਧੀ ਸੁਖਦੀਪ ਕੌਰ ਵਿਆਹੀ ਵਰੀ ਆਪਣੇ ਸਹੁਰੇ ਘਰ ਨਵਾਂਸ਼ਹਿਰ ਰੰਗੀਂ ਵਸਦੀ ਸੀ। ਧੀ ਤੋਂ ਦੂਜੇ ਨੰਬਰ ਵਾਲਾ ਪੁੱਤਰ ਹਰਨਾਮ ਸਿੰਘ ਕੈਨੇਡਾ ਵਸਦੀ ਕੁੜੀ ਨਾਲ ਵਿਆਹ ਕਰਵਾ ਕੇ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਸੀ। ਉਸ ਤੋਂ ਛੋਟਾ ਪੁੱਤਰ ਦੀਦਾਰ ਸਿੰਘ ਪੜ੍ਹ ਲਿਖ ਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਗਾ ਹੋਇਆ ਸੀ ਜੋ ਸ਼ਹਿਰ ਰਹਿੰਦਾ ਸੀ।
ਅੱਜ ਉਸ ਨੂੰ ਸਾਈਕਲ ’ਤੇ ਜਾਂਦੇ ਨੂੰ ਤੇਜ਼ ਤਰਾਰ ਕਾਰ ਨੇ ਬੜੀ ਜ਼ੋਰ ਨਾਲ ਟੱਕਰ ਮਾਰੀ। ਉਸ ਨੂੰ ਕੋਈ ਸੁਰਤ ਨਹੀਂ ਸੀ ਕਿ ਉਹ ਕਿੱਥੇ ਪਿਆ ਹੈ? ਤੀਜੇ ਦਿਨ ਉਸ ਨੇ ਪਾਸਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦਰਦ ਨਾਲ ਉਸ ਦੀਆਂ ਚੀਕਾਂ ਨਿਕਲ ਗਈਆਂ। ਅੱਖਾਂ ਵਿੱਚ ਹੰਝੂ ਆ ਗਏ। ਉਸ ਦੇ ਸੱਜੇ ਪੱਟ ਦੀ ਹੱਡੀ ਟੁੱਟ ਗਈ ਸੀ। ਆਪਰੇਸ਼ਨ ਕਰ ਕੇ ਰੌਡ ਪਾ ਦਿੱਤਾ ਸੀ। ਇੱਕ ਹਫ਼ਤੇ ਬਾਅਦ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ।
ਦੀਦਾਰ ਸਿੰਘ ਦੀ ਵਹੁਟੀ ਕਰਮਜੀਤ ਕੌਰ ਆਪਣੇ ਸਹੁਰੇ ਨੂੰ ਸ਼ਹਿਰ ਵਾਲੇ ਘਰ ਵਿੱਚ ਰੱਖਣ ਲਈ ਤਿਆਰ ਨਹੀਂ ਸੀ। ਪਰ ਆਂਢ-ਗੁਆਂਢ ਅਤੇ ਸ਼ਰੀਕੇ ਵਿੱਚੋਂ ਕੀਤੀਆਂ ਜਾਣ ਵਾਲੀਆਂ ਚੁਭਵੀਆਂ ਗੱਲਾਂ ਤੋਂ ਡਰ ਕੇ ਉਹ ਮਨ ਮਾਰ ਕੇ ਆਪਣੇ ਡੈਡੀ ਨੂੰ ਆਪਣੇ ਨਾਲ ਸ਼ਹਿਰ ਲੈ ਗਏ ਸਨ।
ਆਮ ਤੌਰ ’ਤੇ ਉਹ ਦਵਾਈਆਂ ਦੀ ਦੁਕਾਨ ਤੋਂ ਲਿਆਂਦੇ ਪੌਟ ਵਿੱਚ ਪਿਸ਼ਾਬ ਕਰ ਲੈਂਦਾ ਸੀ, ਪਰ ਕਈ ਵਾਰੀ ਅੱਖ ਲੱਗੀ ਹੋਣ ਕਾਰਨ ਜਾਂ ਉੱਠ ਕੇ ਬੈਠਣ ਦੀ ਘੌਲ ਵਿੱਚ ਉਹਦਾ ਪਿਸ਼ਾਬ ਕਛਹਿਰੇ ਵਿੱਚ ਹੀ ਨਿਕਲ ਜਾਂਦਾ। ਉਹ ਕਈ ਕਈ ਘੰਟੇ ਉਸੇ ਤਰ੍ਹਾਂ ਗਿੱਲੇ ਕੱਪੜਿਆਂ ਨਾਲ ਮੰਜੇ ’ਤੇ ਪਿਆ ਰਹਿੰਦਾ। ਜੇ ਕਿਤੇ ਉਹ ਆਪਣੇ ਪੁੱਤਰ ਦੀਦਾਰ ਸਿੰਘ ਜਾਂ ਪੋਤੇ ਖੁਸ਼ਪ੍ਰੀਤ ਸਿੰਘ ਨੂੰ ਆਵਾਜ਼ ਮਾਰਦਾ ਤਾਂ ਉਸ ਕੋਲ ਕੋਈ ਵੀ ਨਾ ਬਹੁੜਦਾ।
ਕਰਮਜੀਤ ਨੇ ਨਾ ਤਾਂ ਆਪਣੇ ਸਹੁਰੇ ਦੇ ਕਦੇ ਕੱਪੜੇ ਧੋ ਕੇ ਦਿੱਤੇ। ਨਾ ਹੀ ਕਦੇ ਖਿੜੇ ਮੱਥੇ ਉਸ ਨੂੰ ਰੋਟੀ ਦਿੱਤੀ ਸੀ।
ਅੱਜ ਫਿਰ ਉਹ ਪੋਹ ਮਹੀਨੇ ਦੀ ਹੱਡ ਚੀਰਵੀਂ ਠੰਢ ਵਿੱਚ ਗਿੱਲੇ ਕਛਹਿਰੇ ਵਿੱਚ ਪਿਆ ਸੋਚੀਂ ਪੈ ਗਿਆ। ਪੈਂਤੀ ਸਾਲ ਪਹਿਲਾਂ ਉਸ ਦੇ ਛੋਟੇ ਪੁੱਤ ਦੀਦਾਰ ਨੂੰ ਠੰਢ ਲੱਗ ਕੇ ਬੁਖ਼ਾਰ ਹੋ ਗਿਆ ਸੀ। ਉਹ ਸ਼ਾਮ ਨੂੰ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਦੀਦਾਰ ਨੂੰ ਆਪਣੇ ਨਾਲ ਘੁੱਟ ਕੇ ਵਾਰ ਵਾਰ ਉਸ ਦਾ ਮੱਥਾ ਚੁੰਮ ਰਹੀ ਸੀ। ਉਹ ਕਾਦਰ ਅੱਗੇ ਪੁੱਤਰ ਦੀ ਸਿਹਤਯਾਬੀ ਲਈ ਅਰਜ਼ੋਈਆਂ ਕਰ ਰਹੀ ਸੀ।
ਉਸ ਨੇ ਉਸੇ ਵੇਲੇ ਦੀਦਾਰ ਨੂੰ ਨਿੱਘੇ ਕੱਪੜੇ ਪਾ ਕੇ ਆਪਣੇ ਸਾਈਕਲ ਦੇ ਡੰਡੇ ’ਤੇ ਬਿਠਾ ਲਿਆ। ਪਿੰਡ ਤੋਂ ਬਾਰਾਂ ਕਿਲੋਮੀਟਰ ਦੂਰ ਡਾਕਟਰ ਨੂੰ ਦਿਖਾਉਣ ਲਈ ਸ਼ਹਿਰ ਨੂੰ ਚੱਲ ਪਿਆ ਸੀ। ਦੀਦਾਰ ਦੇ ਹੱਥਾਂ ਨੂੰ ਠੰਢ ਤੋਂ ਬਚਾਉਣ ਲਈ ਉਸ ਨੇ ਸਾਈਕਲ ਦੇ ਡੰਡੇ ’ਤੇ ਆਪਣਾ ਗੁਲੂਬੰਦ ਲਪੇਟ ਦਿੱਤਾ ਸੀ। ਡਾਕਟਰ ਤੋਂ ਦਵਾਈ ਦਿਵਾ ਕੇ ਉਹ ਰਾਤੀਂ ਇੱਕ ਵਜੇ ਆਪਣੇ ਘਰ ਵੜਿਆ ਸੀ।
ਬਚਨ ਕੌਰ ਨੇ ਉਹਦੇ ਲਈ ਪਿੱਤਲ ਦੀ ਬਾਟੀ ਵਿੱਚ ਸਾਗ ਪਾ ਕੇ ਚੁੱਲ੍ਹੇ ਦੀ ਅੱਗ ਕੱਢ ਕੇ ਢੱਕ ਕੇ ਰੱਖਿਆ ਸੀ। ਪਰ ਆਪਣੇ ਮਾਸੂਮ ਬੱਚੇ ਦੀ ਸਿਹਤ ਦੀ ਫ਼ਿਕਰਮੰਦੀ ਵਿੱਚ ਉਸ ਦੀ ਸਾਰੀ ਭੁੱਖ ਮਰ ਗਈ ਸੀ। ਉਹ ਉਸੇ ਤਰ੍ਹਾਂ ਦੀਦਾਰ ਨੂੰ ਆਪਣੀ ਛਾਤੀ ’ਤੇ ਪਾ ਕੇ ਰਜਾਈ ਵਿੱਚ ਲੰਮਾ ਪੈ ਗਿਆ ਸੀ। ਵਾਰ-ਵਾਰ ਉਹ ਆਪਣੇ ਪੁੱਤਰ ਦੇ ਮੱਥੇ ’ਤੇ ਹੱਥ ਰੱਖ ਕੇ ਉਸ ਦੇ ਘਟ ਰਹੇ ਬੁਖ਼ਾਰ ਨੂੰ ਵੇਖਦਾ ਰਿਹਾ ਸੀ।
ਸਵੇਰੇ ਚਾਰ ਵਜੇ ਗੁਰਦੁਆਰੇ ਦੇ ਭਾਈ ਜੀ ਨੇ ਸਾਰੇ ਨਗਰ ਵਾਸੀਆਂ ਨੂੰ ਜਾਗਣ ਦਾ ਹੋਕਾ ਦਿੱਤੀ ਤਾਂ ਉਸ ਨੇ ਆਪਣੇ ਪੁੱਤਰ ਦੇ ਮੱਥੇ ’ਤੇ ਹੱਥ ਧਰ ਕੇ ਵੇਖਿਆ। ਉਸ ਦਾ ਬੁਖ਼ਾਰ ਬਿਲਕੁਲ ਉਤਰ ਗਿਆ ਸੀ। ਉਹ ਹੁਣ ਆਪਣੇ ਪਿਉ ਦੀ ਨਿੱਘੀ ਛਾਤੀ ਉੱਤੇ ਚੈਨ ਦੀ ਨੀਂਦ ਸੌਂ ਰਿਹਾ ਸੀ। ਧਰਮ ਸਿੰਘ ਨੇ ਉਸੇ ਵੇਲੇ ਦੋਵੇਂ ਹੱਥ ਜੋੜਦਿਆਂ ਕਿਹਾ, ‘‘ਸ਼ੁਕਰ ਐ ਦਾਤਿਆ! ਤੇਰੀ ਰਹਿਮਤ ਹੋਈ।’’ ਇੰਨਾ ਕਹਿ ਕੇ ਉਸ ਨੇ ਅੱਖਾਂ ਮੀਟ ਲਈਆਂ ਸਨ।
ਕਿੱਥੇ ਅੱਜ ਦਾ ਵੇਲਾ! ਅਗਲੀ ਸਵੇਰ ਦੀਦਾਰ ਸਿੰਘ ਸਵੇਰੇ ਪੰਜ ਵਜੇ ਜਾਗਿਆ। ਉਸ ਨੇ ਸਟੋਰ ਵਿੱਚ ਜਾ ਕੇ ਵੇਖਿਆ। ਉਸ ਦਾ ਡੈਡੀ ਅਜੇ ਤੱਕ ਸੁੱਤਾ ਪਿਆ ਸੀ। ਉਸ ਨੇ ਕੰਬਲ ਪਾਸੇ ਹਟਾ ਕੇ ਦੋ ਵਾਰੀ ‘ਡੈਡੀ ਡੈਡੀ’ ਕਹਿ ਕੇ ਆਵਾਜ਼ ਮਾਰੀ ਪਰ ਉਸ ਨੂੰ ਕੋਈ ਜੁਆਬ ਨਾ ਮਿਲਿਆ।
ਅੱਠਵੇਂ ਦਿਨ ਗੁਰਦੁਆਰੇ ਵਿੱਚ ਧਰਮ ਸਿੰਘ ਦੀ ਅੰਤਿਮ ਅਰਦਾਸ ਰੱਖੀ ਗਈ। ਦੀਦਾਰ ਸਿੰਘ ਦਾ ਇੱਕ ਚਹੇਤਾ ਅਧਿਆਪਕ ਦੀਵਾਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਰਦਾਰ ਦੀਦਾਰ ਸਿੰਘ ਵੱਲੋਂ ਆਪਣੇ ਪਿਤਾ ਦੀ ਕੀਤੀ ਅਣਥੱਕ ਸੇਵਾ ਦੇ ਸੋਹਲੇ ਗਾ ਰਿਹਾ ਸੀ।
ਸੰਪਰਕ: 84276-85020
* * *
ਸਹਿਮ
ਮਨਜੀਤ ਸਿੰਘ ਜੀਤ
ਦੁਪਹਿਰ ਤੋਂ ਬਾਅਦ ਕਰਮ ਸਿੰਘ ਨੇ ਸਾਈਕਲ ਸਾਫ਼ ਕੀਤਾ, ਤੇਲ ਦਿੱਤਾ, ਟਾਇਰਾਂ ਵਿੱਚ ਹਵਾ ਵੀ ਭਰ ਲਈ। ਫਿਰ ਇੱਕ ਪਤਲੀ ਜਿਹੀ ਗੱਦੀ ਦੂਹਰੀ ਕਰ ਕੇ ਸਾਈਕਲ ਦੀ ਪਿਛਲੀ ਕਾਠੀ ’ਤੇ ਬੰਨ੍ਹਣ ਲੱਗਿਆ। ਇਸ ਕਾਠੀ ’ਤੇ ਉਸ ਦੀ ਪਤਨੀ ਨੇ ਬਹਿਣਾ ਸੀ। ਤਿਆਰ ਹੋ ਕੇ ਇੱਕ ਝੋਲ਼ਾ ਸਾਈਕਲ ਦੇ ਹੈਂਡਲ ਨਾਲ ਟੰਗ ਲਿਆ ਜਿਸ ਵਿੱਚ ਇੱਕ ਪੰਪ ਤੇ ਪੈਂਚਰ ਲਾਉਣ ਦਾ ਸਾਮਾਨ ਸੀ। ਰਸਤੇ ਵਿੱਚ ਕਿਤੇ ਹਵਾ ਘਟਦੀ ਜਾਂ ਟਾਇਰ ਪੈਂਚਰ ਹੋ ਜਾਂਦਾ ਤਾਂ ਇਹ ਆਪ ਹੀ ਸਾਈਕਲ ਟੇਢਾ ਕਰ ਕੇ ਪੈਂਚਰ ਲਾ ਲੈਂਦਾ। ਤੁਰਨ ਲੱਗਿਆਂ ਦੋਵੇਂ ਜੁਆਕਾਂ ਦੇ ਘਸੇ ਜਿਹੇ ਸਵੈਟਰ ਪਾ ਕੇ ਉੱਤੋਂ ਦੀ ਖੇਸੀਆਂ ਦੀ ਬੁੱਕਲ ਮਾਰ ਬਕਸੂਏ ਲਾ ਦਿੱਤੇ ਤਾਂ ਕਿ ਵਾਰ ਵਾਰ ਬੁੱਕਲ ਨਾ ਖੁੱਲ੍ਹੇ। ਛੇ ਕੁ ਸਾਲ ਦਾ ਮੀਤਾ ਤੇ ਚਾਰ ਕੁ ਸਾਲ ਦੀ ਗੁੱਡੋ ਨੂੰ ਘਰ ਦਾ ਦਰਵਾਜ਼ਾ ਬੰਦ ਕਰ ਕੇ ਦੇਹਲੀਆਂ ਵਿੱਚ ਬਿਠਾ ਦਿੱਤਾ ਤੇ ਮੀਤੇ ਨੂੰ ਕਿਹਾ, ‘‘ਅਸੀਂ ਹਨੇਰਾ ਹੋਣ ਤੋਂ ਪਹਿਲਾਂ ਆ ਜਾਵਾਂਗੇ, ਤੁਸੀਂ ਐਥੇ ਈ ਬੈਠੇ ਰਿਹੋ, ਇਧਰ ਓਧਰ ਨਾ ਜਾਇਓ, ਮੇਰਾ ਪੁੱਤ... ਚੰਗਾ! ਜਦੋਂ ਅਸੀਂ ਮੁੜ ਆਏ, ਫੇਰ ਖੇਡ ਲਿਓ।’’
ਉਹ ਤੁਰਨ ਲੱਗੇ ਤਾਂ ਪਿਛਲੀ ਕਾਠੀ ’ਤੇ ਬੈਠਦੀ ਮੀਤੇ ਦੀ ਮਾਂ ਨੇ ਕਿਹਾ, ‘‘ਭੈਣ ਦਾ ਖ਼ਿਆਲ ਰੱਖੀਂ ਮੇਰਾ ਪੁੱਤ। ਅਸੀਂ ਛੇਤੀ ਆ ਜਾਵਾਂਗੇ।’’
ਉਨ੍ਹਾਂ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਮੀਤਾ ਤੇ ਗੁੱਡੋ ਘਰ ਮੂਹਰੇ ਸੜਕ ’ਤੇ ਖੜ੍ਹ ਕੇ ਸਾਈਕਲ ’ਤੇ ਜਾਂਦੇ ਮਾਪਿਆਂ ਨੂੰ ਦੇਖਦੇ ਰਹੇ। ਜਦੋਂ ਉਹ ਮੋੜ ਮੁੜ ਕੇ ਦਿਸਣੋਂ ਹਟ ਗਏ ਤਾਂ ਉਹ ਦੱਸੀ ਹੋਈ ਥਾਂ ’ਤੇ ਘਰ ਦੀ ਦੇਹਲੀ ’ਤੇ ਬੈਠ ਗਏ। ਕਿੰਨਾ ਚਿਰ ਉਵੇਂ ਜਿਵੇਂ ਹੀ ਬੈਠੇ ਰਹੇ। ਘਰ ਦੇ ਮੂਹਰੇ ਦੋ ਗਲੀਆਂ ਦੀ ਨੁੱਕਰ ’ਤੇ ਵੱਡਾ ਸਾਰਾ ਖ਼ਾਲੀ ਪਲਾਟ ਹੋਣ ਕਰਕੇ ਮੋੜ ਤੋਂ ਦੂਸਰੀ ਗਲੀ ਦੇ ਘਰ ਵੀ ਦਿਸਦੇ ਸਨ। ਇਨ੍ਹਾਂ ਦੋਵਾਂ ਗਲੀਆਂ ਦੇ ਬੱਚੇ ਇਸ ਖੁੱਲ੍ਹੀ ਥਾਂ ਵਿੱਚ ਖੇਡਣ ਆ ਜਾਂਦੇ ਜਿਸ ਨੂੰ ਜਾਨਕੀ ਦਾ ਗਰਾਉਂਡ ਵੀ ਕਹਿੰਦੇ ਸੀ।
ਦੇਹਲੀ ’ਚ ਬੈਠੇ ਮੀਤਾ ਤੇ ਗੁੱਡੋ ਖੇਡਦੇ ਜੁਆਕਾਂ ਨੂੰ ਦੇਖਦੇ ਰਹੇ ਪਰ ਉਨ੍ਹਾਂ ਨਾਲ ਖੇਡਣ ਨਹੀਂ ਗਏ ਕਿਉਂਕਿ ਉਨ੍ਹਾਂ ਦਾ ਬਾਪ ਜਿਸ ਨੂੰ ਉਹ ਭਾਪਾ ਕਹਿੰਦੇ ਸਨ, ਓਥੇ ਹੀ ਬੈਠਣ ਲਈ ਕਹਿ ਗਿਆ ਸੀ। ਦਰਵਾਜ਼ੇ ਅੱਗੇ ਬਣਿਆ ਨੀਵਾਂ ਜਿਹਾ ਥੜ੍ਹਾ, ਫਿਰ ਨਾਲੀ ਤੇ ਉਸ ਤੋਂ ਅੱਗੇ ਸੜਕ। ਸੜਕ ਲੰਘ ਕੇ ਸਾਹਮਣੇ ਦਿਸ ਦਾ ਜਾਨਕੀ ਦਾ ਗਰਾਉਂਡ ਸੀ।
ਕਰਮ ਸਿੰਘ ਮੀਤੇ ਦੀ ਮਾਂ ਨੂੰ ਸਾਈਕਲ ’ਤੇ ਜੈਤੋ ਮੰਡੀ ਦੇ ਇਸ ਛੋਟੇ ਸ਼ਹਿਰ ਤੋਂ ਪੰਜ ਕੁ ਕਿਲੋਮੀਟਰ ਦੂਰ ਪੈਂਦੇ ਪਿੰਡ ਰੋੜੀ ਕਪੂਰੇ ਲੈ ਕੇ ਗਿਆ ਸੀ।
ਕਰਮ ਸਿੰਘ ਕੋਈ ਕੰਮ ਨਹੀਂ ਸੀ ਕਰਦਾ ਜਾਂ ਕੰਮ ਕਰਨ ਜਾਣਦਾ ਹੀ ਨਹੀਂ ਸੀ। ਉਹ ਕੋਈ ਅਜਿਹਾ ਕੰਮ ਕਰਨਾ ਚਾਹੁੰਦਾ ਸੀ ਜਿਸ ਨਾਲ ਉਸ ਦੇ ਕੱਪੜੇ ਖ਼ਰਾਬ ਨਾ ਹੋਣ। ਆਂਢੀਆਂ-ਗੁਆਢੀਆਂ ਨੇ ਜੁਆਕਾਂ ਦੇ ਭਵਿੱਖ ਬਾਰੇ ਸੋਚ ਉਸ ਨੂੰ ਕਈ ਤਰ੍ਹਾਂ ਦੇ ਕੰਮ ਕਰਨ ਦੀਆਂ ਸਲਾਹਾਂ ਦਿੱਤੀਆਂ, ਕਿਸੇ ਨੇ ਸਬਜ਼ੀ, ਕਿਸੇ ਨੇ ਦੁੱਧ ਦੇ ਤੇ ਕਿਸੇ ਨੇ ਕਿਸੇ ਹੋਰ ਕੰਮ ਬਾਰੇ ਪਰ ਕਿਸੇ ਦੇ ਕਹੇ ਉਸ ਨੇ ਕੋਈ ਕੰਮ ਸ਼ੁਰੂ ਨਹੀਂ ਕੀਤਾ। ਪਤਾ ਨਹੀਂ ਉਹ ਕਿਹੋ ਜਿਹਾ ਕੰਮ ਕਰਨਾ ਚਾਹੁੰਦਾ ਸੀ। ਕਦੇ ਕਦਾਈਂ ਮੰਡੀ ਜਾ ਕੇ ਪਤਾ ਨਹੀਂ ਕਿਹੜਾ ਕੰਮ ਕਰ ਆਉਂਦਾ, ਥੋੜ੍ਹੇ ਜਿਹੇ ਪੈਸੇ ਲਿਆਉਂਦਾ ਪਰ ਘਰ ਦਾ ਗੁਜ਼ਾਰਾ ਤਾਂ ਨਹੀਂ ਸੀ ਹੁੰਦਾ। ਉਸ ਦੇ ਸੁਭਾਅ ਵਿੱਚ ਇੱਕ ਗੱਲ ਚੰਗੀ ਸੀ ਕਿ ਉਹ ਕੋਈ ਨਸ਼ਾ ਨਹੀਂ ਸੀ ਕਰਦਾ।
ਰੋੜੀ ਕਪੂਰੇ ਮੀਤੇ ਦਾ ਵਿਚਕਾਰਲਾ ਮਾਮਾ ਰਹਿੰਦਾ ਸੀ। ਮੀਤੇ ਦੇ ਨਾਨਕੇ ਭਾਵੇਂ ਹੋਰ ਪਿੰਡ ਸੀ, ਪਰ ਉਸ ਦਾ ਇਹ ਮਾਮਾ ਆਪਣੇ ਸਹੁਰੇ ਪਿੰਡ ਰਹਿੰਦਾ ਸੀ। ਉਹਦਾ ਮਾਮਾ ਸਵੇਰ ਤੋਂ ਪਿੰਡ ਵਿਚਾਲੇ ਬਣੇ ਖੂਹ ਤੋਂ ਹਲਟੀ ਗੇੜ ਕੇ ਚੁਬੱਚਿਆਂ ਵਿੱਚ ਪਾਣੀ ਭਰਦਾ। ਫਿਰ ਮਸ਼ਕ ਵਿੱਚ ਭਰ ਕੇ, ਚਮੜੇ ਦੀ ਵੱਧਰੀ ਗਲ਼ ਦੇ ਇੱਕ ਪਾਸੇ ਪਾ, ਪਾਣੀ ਨਾਲ ਭਰੀ ਮਸ਼ਕ ਪਿੱਠ ’ਤੇ ਲੱਦ ਲੈਂਦਾ ਤੇ ਪਿੰਡ ਦੇ ਕਈ ਘਰਾਂ ਵਿੱਚ ਤੌੜਿਆਂ ਵਿੱਚ ਪਾਣੀ ਭਰ ਕੇ ਆਉਂਦਾ। ਦਿਨ ਦੇ ਛਿਪਾ ਨਾਲ ਉਹ ਭਠੀ ਤਪਾਉਂਦੇ ਤੇ ਦਾਣੇ ਭੁੰਨਦੇ। ਮੀਤੇ ਦੀ ਮਾਂ ਨੂੰ ਭਰੋਸਾ ਸੀ ਕਿ ਉਹ ਮੀਤੇ ਦੇ ਮਾਮੇ ਜੰਗੀਰ ਕੋਲ ਜਾਵੇਗੀ ਤਾਂ ਉਹ ਉਨ੍ਹਾਂ ਨੂੰ ਕੁਝ ਦੇ ਕੇ ਹੀ ਤੋਰੇਗਾ। ਕਰਮ ਸਿੰਘ ਕਿਸੇ ਪਾਸਿਓਂ ਚਾਰ ਦਿਨ ਕੁਝ ਕਮਾ ਕੇ ਨਾ ਲਿਆਉਂਦਾ ਤਾਂ ਦੋਵੇਂ ਪਤੀ ਪਤਨੀ ਸਾਈਕਲ ’ਤੇ ਜਾ ਕੇ ਥੋੜ੍ਹਾ ਬਹੁਤ ਦਾਣਾ ਫੱਕਾ, ਆਟਾ ਜਾਂ ਗੁੜ ਲੈ ਆਉਂਦੇ। ਅੱਜ ਉਨ੍ਹਾਂ ਨੇ ਕੁਝ ਖਾਧਾ ਨਹੀਂ ਸੀ। ਮੀਤੇ ਤੇ ਗੁੱਡੋ ਨੂੰ ਭੁੱਖ ਲੱਗੀ ਸੀ ਜਿਸ ਦਾ ਇੰਤਜ਼ਾਮ ਕਰਨ ਉਹ ਰੋੜੀ ਕਪੂਰੇ ਗਏ ਸਨ।
ਜਿਹੜੇ ਬੱਚੇ ਜਾਨਕੀ ਦੇ ਗਰਾਉਂਡ ਵਿੱਚ ਖੇਡ ਰਹੇ ਸਨ ਉਨ੍ਹਾਂ ਸਾਰਿਆਂ ਨੇ ਤਾਂ ਰੋਟੀ ਖਾਧੀ ਹੋਈ ਸੀ। ਇਨ੍ਹਾਂ ਵਿੱਚ ਸਾਰੇ ਘਰਾਂ ਦੇ ਜੁਆਕ ਸਨ। ਇਨ੍ਹਾਂ ਸਾਰਿਆਂ ਦੇ ਘਰਾਂ ਵਿੱਚ ਰੋਟੀ ਪੱਕਦੀ ਸੀ ਪਰ ਮੀਤੇ ਕੇ ਘਰ ਕਦੇ ਪੱਕਦੀ ਤੇ ਕਦੇ ਨਾ। ਗਰਾਉਂਡ ਵਿੱਚ ਖੇਡਦੇ ਹੋਰ ਬੱਚਿਆਂ ਨੂੰ ਤਾਂ ਖੇਡਣ ਤੋਂ ਬਾਅਦ ਰਾਤ ਨੂੰ ਵੀ ਰੋਟੀ ਮਿਲ ਜਾਣੀ ਸੀ ਪਰ ਮੀਤੇ ਹੁਰਾਂ ਨੂੰ ਮਿਲੇਗੀ ਜਾਂ ਨਹੀਂ ਇਹ ਪਤਾ ਨਹੀਂ ਸੀ। ਪੰਡਤਾਂ ਦਾ ਮੁੰਡਾ ਕਾਲਾ ਮੀਤੇ ਨੂੰ ਖੇਡਣ ਲਈ ਬੁਲਾਉਣ ਉਸ ਕੋਲ ਆਇਆ। ਉਸ ਨੇ ਬਾਂਹ ਫੜ੍ਹ ਕੇ ਮੀਤੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਮੀਤੇ ਨੇ ਗੁੱਡੋ ਵੱਲ ਦੇਖ ਕੇ ਖੇਡਣ ਤੋਂ ਮਨ੍ਹਾਂ ਕਰ ਦਿੱਤਾ। ਉਸ ਨੂੰ ਬੀਬੀ ਦੀ ਕਹੀ ਗੱਲ ਚੇਤੇ ਆ ਗਈ: ‘‘ਭੈਣ ਦਾ ਖ਼ਿਆਲ ਰੱਖੀਂ।’’ ਐਨੇ ਨੂੰ ਗੁੱਡੋ ਨੇ ਕਿਹਾ, ‘‘ਵੀਰੇ, ਭੁੱਖ ਲੱਗੀ ਐ’’ ਤਾਂ ਮੀਤਾ ਉੱਠ ਕੇ ਮੋੜ ਵੱਲ ਦੇਖਣ ਲੱਗਿਆ। ਉਸ ਨੂੰ ਉਧਰੋਂ ਆਉਂਦਾ ਕੋਈ ਦਿਖਾਈ ਨਹੀਂ ਦਿੱਤਾ। ਇੰਨੇ ਨੂੰ ਨਾਲ ਦੇ ਘਰੋਂ ਤਾਈ ਸੋਧਾਂ ਬਾਹਰ ਨਿਕਲ ਆਈ। ਗਲੀ ਦੇ ਬੱਚੇ ਮਾਂ ਬਾਪ ਤੋਂ ਵੱਡਿਆਂ ਨੂੰ ਤਾਇਆ-ਤਾਈ ਤੇ ਛੋਟਿਆਂ ਨੂੰ ਚਾਚਾ ਚਾਚੀ ਕਹਿ ਕੇ ਬੁਲਾ ਲੈਂਦੇ ਸਨ। ਉਸ ਨੇ ਜੁਆਕਾਂ ਨੂੰ ਖੇਸੀ ਦੀ ਬੁੱਕਲ ਮਾਰੀ ਦੇਹਲੀ ’ਚ ਬੈਠੇ ਦੇਖ ਲਿਆ ਤੇ ਪੁੱਛਿਆ, ‘‘ਤੁਸੀਂ ਇਉਂ ਬੈਠੇ ਓ, ਬਾਰ ਵੀ ਬੰਦ ਐ... ਕਿਤੇ ਗਈ ਐ... ਤੇਰੀ ਬੀਬੀ ਹੁਣੇ?’’
‘‘ਹਾਂ ਤਾਈ, ਕੰਮ ਗਏ ਐ ਮਾਮੇ ਕੋਲ। ਆਉਣ ਵਾਲੇ ਐ,’’ ਮੀਤੇ ਨੇ ਦੱਸਿਆ ਤਾਂ ਤਾਈ ਸੋਧਾਂ ਸਾਰੀ ਗੱਲ ਸਮਝ ਗਈ। ‘‘ਕੁਛ ਖਾਣਾ ਐ ਤਾਂ ਲਿਆ ਦਿਆਂ?’’ ਤਾਈ ਸੋਧਾਂ ਨੇ ਪੁੱਛਿਆ ਤਾਂ ਗੁੱਡੋ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਤਾਈ ਸੋਧਾਂ ਦੋ ਦੋ ਰੋਟੀਆਂ ’ਤੇ ਗੁੜ ਰੱਖ ਕੇ ਲੈ ਆਈ ਤੇ ਉਹ ਖਾਣ ਲੱਗ ਪਏ।
ਰੋਟੀ ਖਾ ਕੇ ਮੀਤਾ ਬੀਬੀ ਹੁਣਾਂ ਨੂੰ ਮੋੜ ਤੱਕ ਦੇਖਣ ਗਿਆ ਬਈ ਕਿਤੇ ਆਉਂਦੇ ਦਿਸ ਪੈਣ ਪਰ ਰਾਹ ਵਿੱਚ ਆਉਂਦੇ ਢੱਠੇ ਨੂੰ ਦੇਖ ਡਰ ਕੇ ਪਿੱਛੇ ਮੁੜ ਆਇਆ। ਮੁੜ ਕੇ ਆਉਂਦੇ ਘਰ ਅੱਗੇ ਖੜ੍ਹੇ ਕੁੱਤੇ ਨੂੰ ਵੇਖਿਆ ਜਿਸ ਨੂੰ ਦੇਖ ਕੇ ਗੁੱਡੋ ਡਰ ਨਾਲ ਰੋ ਪਈ ਸੀ। ਮੀਤੇ ਨੇ ਹੇਠੋਂ ਇੱਕ ਡਲਾ ਚੁੱਕਿਆ ਤੇ ਕੁੱਤਾ ਡਲਾ ਵੱਜਣ ਤੋਂ ਪਹਿਲਾਂ ਹੀ ਭੱਜ ਗਿਆ। ਢੱਠਾ ਗਰਾਉਂਡ ਦੀ ਇੱਕ ਨੁੱਕਰ ਵਿੱਚ ਆ ਕੇ ਬੈਠ ਗਿਆ ਤੇ ਅਧ-ਮਿਚੀਆਂ ਅੱਖਾਂ ਨਾਲ ਮੂੰਹ ਹਿਲਾਉਣ ਲੱਗਿਆ। ਮੀਤੇ ਨੂੰ ਤਸੱਲੀ ਹੋ ਗਈ ਕਿ ਹੁਣ ਇਹ ਮਗਰ ਨਹੀਂ ਪੈਂਦਾ। ਸ਼ਾਇਦ ਢੱਠੇ ਨੇ ਨਾ ਵੀ ਮਾਰਨਾ ਹੋਵੇ, ਪਰ ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਢੱਠਾ ਉੱਠ ਸਕਦਾ ਹੈ ਜਾਂ ਉਹੀ ਕੁੱਤਾ ਫੇਰ ਨਾ ਆ ਜਾਵੇ।
ਮੀਤੇ ਨੇ ਮਨ ’ਚ ਸੋਚਿਆ। ਮੈਂ ਬੀਬੀ ਭਾਪੇ ਨੂੰ ਮੋੜ ਤੱਕ ਦੇਖ ਆਉਂਦਾ ਹਾਂ, ਜੇ ਨਾ ਵੀ ਆਉਂਦੇ ਹੋਏ ਤਾਂ ਮੈਂ ਗੁੱਡੋ ਨੂੰ ਕਹਿ ਦੇਊਂ ਕਿ ਉਹ ਆਈ ਜਾਂਦੇ ਐ ਫੇਰ ਗੁੱਡੋ ਨੂੰ ਡਰ ਨਹੀਂ ਲੱਗਣਾ। ਕੀ ਪਤਾ ਆਉਂਦੇ ਹੀ ਹੋਣ। ਮੀਤੇ ਨੇ ਮਨ ’ਚ ਸੋਚਿਆ ਤੇ ਗੁੱਡੋ ਨੂੰ ਦੱਸ ਕੇ ਮੋੜ ਤੱਕ ਦੇਖਣ ਚਲਾ ਗਿਆ। ਜਾਂਦਾ ਜਾਂਦਾ ਉਹ ਪਿੱਛੇ ਮੁੜ ਕੇ ਵੀ ਦੇਖਦਾ ਰਿਹਾ। ਉਹ ਮੋੜ ’ਤੇ ਖੜ੍ਹਾ ਦੇਖ ਰਿਹਾ ਸੀ। ਕੋਈ ਸਾਈਕਲ ’ਤੇ ਆ ਰਿਹਾ ਸੀ ਪਰ ਉਸ ਦੇ ਪੱਗ ਬੰਨ੍ਹੀਂ ਹੋਈ ਸੀ ਤੇ ਮਗਰ ਕੋਈ ਬੈਠਾ ਵੀ ਨਹੀਂ ਦਿਸਿਆ। ਉਹ ਬੇਵੱਸ ਜਿਹਾ ਹੋ ਗਿਆ। ਦਿਨ ਕਾਫ਼ੀ ਢਲ ਗਿਆ ਸੀ। ਗਲੀ ਵਿੱਚ ਹਨੇਰਾ ਪਸਰਦਾ ਜਾ ਰਿਹਾ ਸੀ। ਮੀਤਾ ਹੁਣ ਗੁੱਡੋ ਕੋਲ ਆ ਕੇ ਬੈਠ ਗਿਆ ਤੇ ਢੱਠੇ ਵੱਲ ਦੇਖਣ ਲੱਗਿਆ।
ਢੱਠਾ ਉਵੇਂ ਜਿਵੇਂ ਹੀ ਬੈਠਾ ਸੀ। ਅਚਾਨਕ ਸੱਜੇ ਪਾਸਿਓਂ ਇੱਕ ਬਿੱਲੀ ਛਾਲ ਮਾਰ ਕੇ ਤੇਜ਼ੀ ਨਾਲ ਉਨ੍ਹਾਂ ਦੋਵਾਂ ਦੇ ਮੂਹਰ ਦੀ ਲੰਘ ਖੱਬੇ ਪਾਸੇ ਪੰਡਤਾਂ ਦੇ ਘਰ ਵੜ ਗਈ। ਗੁੱਡੋ ਇਕਦਮ ਤ੍ਰਹਿ ਗਈ ਤੇ ਮੀਤਾ ਵੀ ਭਮੰਤਰ ਗਿਆ। ਉਸ ਨੇ ਜਾਨਕੀ ਦੇ ਗਰਾਉਂਡ ਵਿੱਚ ਬਿੱਲੀ ਤੋਂ ਡਰ ਕੇ ਮੀਤੇ ਦੀ ਬਾਂਹ ਇੰਝ ਫੜ ਲਈ ਜਿਵੇਂ ਡਿੱਗਦੀ ਹੋਵੇ।
ਮੀਤੇ ਨੇ ਕਿਹਾ, ‘‘ਚੱਲ ਮੈਂ ਤੈਨੂੰ ਸੌ ਤੱਕ ਗਿਣ ਕੇ ਸੁਣਾਉਂਦਾਂ ਤੇ ਜਦੋਂ ਨੂੰ ਮੈਂ ਸੌ ਗਿਣੂੰਗਾ ਉਦੋਂ ਤੱਕ ਬੀਬੀ ਵਰਗੇ ਆ ਜਾਣਗੇ।’’
‘‘ਚੱਲ ਸੁਣਾ, ਫੇਰ’’ ਗੁੱਡੋ ਨੇ ਹਾਮੀ ਭਰ ਦਿੱਤੀ।
ਇੱਕ ਦਾ ਏਕਾ, ਦੋ ਦਾ ਦੂਆ, ਤਿੰਨ ਦਾ ਤੀਆ ਤੇ ਜਦੋਂ ਤੱਕ ਮੀਤੇ ਨੇ ਵੀਹ ਚਾਰ ਚੌਵੀ ਕਿਹਾ ਤਾਂ ਅੱਗੇ ਵੀਹ ਪੰਜ ਪੈਂਤੀ ਕਹਿ ਦਿੱਤਾ ਜਿਸ ਦਾ ਗੁੱਡੋ ਨੂੰ ਪਤਾ ਹੀ ਨਹੀਂ ਲੱਗਿਆ। ਉਹ ਸੋਚਦਾ ਸੀ ਕਿ ਸੌ ਤੱਕ ਛੇਤੀ ਗਿਣਿਆ ਗਿਆ ਤਾਂ ਬੀਬੀ ਵਰਗੇ ਵੀ ਛੇਤੀ ਆ ਜਾਣਗੇ।
ਹਨੇਰਾ ਹੋਰ ਗਹਿਰਾ ਹੁੰਦਾ ਗਿਆ ਤੇ ਗੁੱਡੋ ਗਿਣਤੀ ਸੁਣਦੀ ਸੁਣਦੀ ਸੌਣ ਲੱਗ ਪਈ ਸੀ। ਜਾਨਕੀ ਦੇ ਗਰਾਉਂਡ ਵਿੱਚ ਕੋਈ ਬੱਚਾ ਨਹੀਂ ਸੀ ਖੇਡ ਰਿਹਾ। ਗਰਾਉਂਡ ਦੀ ਨੁੱਕਰ ’ਤੇ ਢੱਠਾ ਉਗਾਲੀ ਕਰਨੋਂ ਹਟ ਗਿਆ ਸੀ। ਮੀਤਾ ਢੱਠੇ ਵੱਲ ਦੇਖਦਾ ਗਿਣਤੀ ਗਿਣ ਰਿਹਾ ਸੀ। ਉਸ ਨੇ ਜਿਉਂ ਹੀ ਸੱਤਰ ਇੱਕ ਕਹੱਤਰ ਕਿਹਾ ਤਾਂ ਕਰਮ ਸਿੰਘ ਨੇ ਸਾਈਕਲ ਉਨ੍ਹਾਂ ਕੋਲ ਆ ਕੇ ਰੋਕ ਦਿੱਤਾ। ਮੀਤੇ ਨੇ ਝੱਟ ਗੁੱਡੋ ਨੂੰ ਕਿਹਾ, ‘‘ਓਹ, ਬੀਬੀ ਹੋਰੀਂ ਆ ਗਏ।’’ ਉਨ੍ਹਾਂ ਨੂੰ ਕੋਲ ਦੇਖ ਉਹ ਝੱਟ ਖੜ੍ਹੇ ਹੋ ਗਏ। ਕਰਮ ਸਿੰਘ ਸਾਈਕਲ ਇੱਕ ਪਾਸੇ ਲਾਉਣ ਲੱਗਿਆ। ਦੋਵੇਂ ਜੁਆਕਾਂ ਨੂੰ ਫੜ ਕੇ ਨਾਲ ਲਾਇਆ ਤੇ ਪਿਆਰ ਦਿੱਤਾ। ਮੀਤੇ ਦੀ ਬੀਬੀ ਨੇ ਉਨ੍ਹਾਂ ਦੀਆਂ ਖੇਸੀਆਂ ਦੇ ਬਕਸੂਏ ਖੋਲ੍ਹ ਕੇ ਖੇਸੀਆਂ ਲਾਹ ਦਿੱਤੀਆਂ ਤੇ ਬਾਰ ਖੋਲ੍ਹ ਅੰਦਰ ਚਲੇ ਗਏ।
ਨਿੱਕਸੁੱਕ ਦਾ ਭਰਿਆ ਝੋਲ਼ਾ ਉਨ੍ਹਾਂ ਨੇ ਚੌਂਕੇ ਵਿੱਚ ਰੱਖ ਦਿੱਤਾ ਤੇ ਗੁੱਡੋ ਨੂੰ ਪੁੱਛਿਆ, ‘‘ਭੁੱਖ ਤਾਂ ਨਹੀਂ ਲੱਗੀ?’’
‘‘ਲੱਗੀ ਸੀ, ਤਾਈ ਸਾਨੂੰ ਰੋਟੀ ਦੇ ਗਈ ਸੀ,’’ ਤੇ ਮੀਤੇ ਨੇ ਬੀਬੀ ਨੂੰ ਸਾਰੀ ਗੱਲ ਦੱਸ ਦਿੱਤੀ।
‘‘ਅਸੀਂ ਕਿਹੜਾ ਰਹਿਣਾ ਸੀ... ਥੋੜ੍ਹਾ ਸਬਰ ਹੋਰ ਕਰ ਲੈਂਦੇ!’’ ਮੀਤੇ ਦੀ ਬੀਬੀ ਨੇ ਆਪਣੀ ਨਮੋਸ਼ੀ ਨੂੰ ਲੁਕੋਇਆ।
‘‘ਅਸੀਂ ਮੰਗੀ ਨ੍ਹੀਂ ਸੀ, ਉਹ ਗੁੱਡੋ ਨੂੰ ਪੁੱਛ ਕੇ ਆਪੇ ਦੇ ਗਈ ਸੀ,’’ ਮੀਤੇ ਨੇ ਝੱਗਾ ਮਰੋੜਦਿਆਂ ਸਫ਼ਾਈ ਦਿੱਤੀ।
‘‘ਹਲੇ ਤਾਂ ਅਸੀਂ ਜਿਓਨੇ ਐਂ, ਜੇ ਮਰ ਈ ਜਾਂਦੇ ਫੇਰ?’’ ਪਤਾ ਨਹੀਂ ਕਿਉਂ ਮੀਤੇ ਦੀ ਬੀਬੀ ਤੋਂ ਇਹ ਕਿਹਾ ਗਿਆ। ਮੀਤਾ ਸੁਣ ਕੇ ਤ੍ਰਹਿ ਗਿਆ। ਪਲ਼ ਦੀ ਪਲ਼ ਉਸ ਦੇ ਜ਼ਿਹਨ ਵਿੱਚ ਇੱਕ ਖ਼ਿਆਲ ਫੁਰਿਆ ਕਿ ਬੀਬੀ ਦੀ ਕਹੀ ਗੱਲ ਜੇ ਸੱਚ ਹੋ ਜਾਏ! ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ ਤੇ ਕਿਸੇ ਅਣਜਾਣ ਡਰ ਨਾਲ ਉਸ ਦੇ ਲੂੰ ਕੰਡੇ ਖੜ੍ਹੇ ਹੋ ਗਿਆ। ਨਾਲ ਦੀ ਨਾਲ ਉਹ ਬੀਬੀ ਭਾਪੇ ਦੇ ਮੂੰਹ ਵੱਲ ਇੱਕ ਟੱਕ ਦੇਖਣ ਲੱਗਿਆ ਜਿਸ ਦਾ ਉਸ ਦੀ ਬੀਬੀ ਤੇ ਭਾਪੇ ਨੂੰ ਪਤਾ ਨਹੀਂ ਲੱਗਿਆ।
ਕਰਮ ਸਿੰਘ ਜੁਆਕਾਂ ਲਈ ਕੁਝ ਬਣਾਉਣ ਲਈ ਕਹਿਣ ਲੱਗਿਆ ਪਰ ਮੀਤੇ ਦਾ ਦਿਲ ਕੁਝ ਵੀ ਖਾਣ ਨੂੰ ਨਾ ਕੀਤਾ। ਉਹ ਉਦਾਸ ਤੇ ਸਹਿਮਿਆ ਹੋਇਆ ਦੇਹਲੀਓਂ ਬਾਹਰ ਆ ਗਿਆ।
ਉਸ ਨੇ ਗਲੀ ਦੇ ਮੋੜ ਵੱਲ ਨਿਗ੍ਹਾ ਮਾਰੀ ਜਿੱਥੇ ਲੱਕੜ ਦੇ ਖੰਭੇ ’ਤੇ ਇੱਕ ਮੱਧਮ ਜਿਹਾ ਬਲਬ ਜਗ ਰਿਹਾ ਸੀ ਜਿਹੜਾ ਨੇੜੇ ਦੇ ਘਰਾਂ ਤੱਕ ਹੀ ਚਾਨਣ ਖਿੰਡਾ ਰਿਹਾ ਸੀ। ਉਸ ਤੋਂ ਉਰ੍ਹੇ ਮੀਤੇ ਕੇ ਘਰ ਤੱਕ ਹਨੇਰਾ ਹੀ ਸੀ ਜਿੱਥੇ ਉਹ ਸਹਿਮ ਨਾਲ ਖੜ੍ਹਾ ਗਰਾਉਂਡ ਦੀ ਨੁੱਕਰ ਵੱਲ ਦੇਖ ਰਿਹਾ ਸੀ ਪਰ ਢੱਠਾ ਉਸ ਥਾਂ ਤੋਂ ਉੱਠ ਕੇ ਜਾ ਚੁੱਕਾ ਸੀ। ਗਰਾਉਂਡ ਖ਼ਾਲੀ ਸੀ। ਉਸ ਦੂਜੇ ਮੋੜ ਵੱਲ ਨਿਗ੍ਹਾ ਮਾਰੀ। ਬੇਸ਼ੱਕ ਉੱਥੇ ਕੋਈ ਜਾਨਵਰ ਨਜ਼ਰ ਨਹੀਂ ਆਇਆ ਪਰ ਮੀਤਾ ਕਿਸੇ ਸਹਿਮ ਵਿੱਚ ਉਵੇਂ ਜਿਵੇਂ ਖੜ੍ਹਾ ਸੀ।
ਸੰਪਰਕ: 95016-15511