For the best experience, open
https://m.punjabitribuneonline.com
on your mobile browser.
Advertisement

ਘੜਾ

03:36 PM Jun 04, 2023 IST
ਘੜਾ
Advertisement

ਜਗਤਾਰਜੀਤ ਸਿੰਘ

Advertisement

ਚਾਰੋਂ ਪਾਸੇ ਰੇਤ। ਹਲਕੇ ਭੂਰੇ ਰੰਗ ਦੀ ਰੇਤ। ਇਹ ਰੇਤ ਕਿਤੇ ਵੀ ਸਮਤਲ ਨਹੀਂ ਸੀ।

ਉੱਚੇ ਟਿੱਬੇ ‘ਤੇ ਦੋ ਘਰ। ਇਹ ਘਰ ਨਿੱਕੇ ਜਿਹੇ ਪਿੰਡ ਦੀਆਂ ਅੱਖਾਂ ਜਿਹੇ ਸਨ। ਦੋਵੇਂ ਨਾਲੋ-ਨਾਲ ਪਰ ਵੱਖੋ-ਵੱਖਰੇ ਵੀ।

ਪਿੰਡ ਵਿਚ ਕੀ ਹੁੰਦਾ ਹੈ, ਕੌਣ-ਕੌਣ ਰਹਿੰਦਾ ਹੈ, ਤੁਸੀਂ ਇਹ ਜਾਣ ਕੇ ਕੀ ਕਰੋਗੇ?

ਇਨ੍ਹਾਂ ਘਰਾਂ ਵਿਚ ਪਰਿਵਾਰ ਹਨ, ਵੱਡੇ ਲੋਕ ਹਨ, ਉਨ੍ਹਾਂ ਦੇ ਬੱਚੇ ਹਨ।

ਇਕ ਘਰ ਦੀ ਸੁਆਣੀ ਕੋਲ ਦੋ ਘੜੇ ਹਨ। ਇਕ ਆਪਣੇ ਲਈ ਦੂਜਾ ਆਪਣੇ ਗੁਆਂਢੀਆਂ ਲਈ। ਉਹ ਸਵੇਰ ਸਾਰ ਉੱਠਦੀ, ਘਰ ਦਾ ਨਿੱਕਾ-ਨਿੱਕਾ ਕੰਮ ਕਰਨ ਬਾਅਦ ਘੜੇ ਚੁੱਕ ਪਾਣੀ ਲੈਣ ਤੁਰ ਪੈਂਦੀ।

ਵਾਪਸ ਆਉਂਦੀ ਤਾਂ ਇਕ ਘੜਾ ਆਪ ਰੱਖ ਲੈਂਦੀ, ਦੂਜਾ ਆਪਣੇ ਗੁਆਂਢੀਆਂ ਨੂੰ ਦੇ ਦੇਂਦੀ।

ਇਕ ਘੜੇ ਨਾਲ ਇਕ ਘਰ ਦਾ ਦਿਨ ਲੰਘ ਜਾਂਦਾ। ਜੇ ਪਾਣੀ ਨੂੰ ਸੰਭਲ ਕੇ ਵਰਤੀਏ ਤਾਂ ਇਕ ਘੜੇ ਦਾ ਪਾਣੀ ਕਈ ਘੜਿਆਂ ਦੇ ਬਰਾਬਰ ਹੋ ਜਾਂਦਾ ਹੈ।

ਵਰਤੋਂ ਕਰਨ ਬਾਅਦ ਜਿਹੜਾ ਪਾਣੀ ਬਚਦਾ, ਉਸ ਨੂੰ ਸਾਂਭ ਲਿਆ ਜਾਂਦਾ।

ਇਸੇ ਤਰ੍ਹਾਂ ਦਿਨ ਲੰਘਦੇ ਰਹੇ।

ਦਿਨ ਕਦੇ ਵੀ ਇਕਸਾਰ ਨਹੀਂ ਹੁੰਦੇ। ਰੇਤ ਦੇ ਟੋਏ-ਟਿੱਬਿਆਂ ਵਾਂਗ ਨੀਵੇਂ-ਉੱਚੇ ਰਹਿੰਦੇ ਹਨ।

ਪਾਣੀ ਜੇ ਅਸਮਾਨੋਂ ਨਹੀਂ ਵਰ੍ਹੇਗਾ ਤਾਂ ਜ਼ਮੀਨ ਵੀ ਕਿੰਨਾ ਚਿਰ ਪਾਣੀ ਦਿੰਦੀ ਰਹੇਗੀ।

ਇਸੇ ਤਰਜ਼ ‘ਤੇ ਘੜਿਆਂ ਵਿਚ ਆਉਣ ਵਾਲਾ ਪਾਣੀ ਘਟਣ ਲੱਗਾ।

ਲੰਘਦੇ ਦਿਨਾਂ ਨਾਲ ਘੜਿਆਂ ਵਿਚ ਆਉਣ ਵਾਲਾ ਪਾਣੀ ਊਣਾ ਹੁੰਦਾ-ਹੁੰਦਾ ਅੱਧ ਤਕ ਪਹੁੰਚ ਗਿਆ।

ਪਾਣੀ ਲਿਆਉਣ ਵਾਲੀ ਸੁਆਣੀ ਨੇ ਆਪਣੀ ਗੁਆਂਢਣ ਨੂੰ ਕਿਹਾ ਕਿ ਦੋ ਘੜਿਆਂ ਦਾ ਭਾਰ ਚੁੱਕਣ ਨਾਲੋਂ ਤਾਂ ਚੰਗਾ ਹੈ ਕਿ ਮੈਂ ਇਕੋ ਘੜਾ ਲੈ ਜਾਇਆ ਕਰਾਂ। ਏਥੇ ਆ ਕੇ ਪਾਣੀ ਅੱਧੋ-ਅੱਧ ਕਰ ਲਿਆ ਕਰਾਂਗੇ।

ਗੁਆਂਢਣ ਮੰਨ ਗਈ।

ਇਸੇ ਤਰ੍ਹਾਂ ਕੁਝ ਦਿਨ ਹੋਰ ਗੁਜ਼ਰ ਗਏ।

ਪਰ ਪਾਣੀ ਘਟਦਾ ਗਿਆ। ਪਾਣੀ ਘਟਣ ਦੇ ਬਾਵਜੂਦ ਘਰਾਂ ਵਿਚ ਇਸ ਦੀ ਲੋੜ ਵੱਧ ਮਹਿਸੂਸ ਹੋਣ ਲੱਗੀ।

ਪਾਣੀ ਦੇ ਆਉਣ ਨਾਲ ਜਿੱਥੇ ਘਰਾਂ ਵਿਚ ਪਹਿਲਾਂ ਠੰਢ ਵਰਤ ਜਾਂਦੀ ਸੀ, ਹੁਣ ਸਾਰਿਆਂ ਦੇ ਚਿਹਰੇ ਤਪ ਜਾਂਦੇ।

ਪਾਣੀ ਦੇ ਘਟਣ ਸਦਕਾ ਘਰ ਦੇ ਵੱਡੀ ਉਮਰ ਦੇ ਲੋਕ ਉਸ ਨੂੰ ਸੰਜਮ ਨਾਲ ਵਰਤਣ ਦੀਆਂ ਹਦਾਇਤਾਂ ਦੇਣ ਲੱਗੇ।

ਇਸ ਦੀ ਵੀ ਜਦ ਉਲੰਘਣਾ ਹੋਣ ਲੱਗੀ ਤਾਂ ਪਾਣੀ ਦੀ ਵਰਤੋਂ ਵੱਡਿਆਂ ਦੀ ਦੇਖ-ਰੇਖ ਵਿਚ ਹੋਣ ਲੱਗੀ। ਜੋ ਕਿਸੇ ਦੀ ਪਰਵਾਹ ਨਾ ਕਰ ਆਪਣੀ ਮਨਮਰਜ਼ੀ ਕਰਦਾ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਣ ਲੱਗੀ।

ਜਦ ਹਾਲਾਤ ਜ਼ਿਆਦਾ ਵਿਗੜ ਗਏ ਤਾਂ ਗੁਆਂਢਣ ਨੇ ਸੁਆਣੀ ਨੂੰ ਕਿਹਾ ਕਿ ਉਹ ਉਸ ਨੂੰ ਪਾਣੀ ਲਿਆਉਣ ਲਈ ਨਾਲ ਲੈ ਜਾਇਆ ਕਰੇ।

ਸੁਆਣੀ ਨੇ ਗੁਆਂਢਣ ਦੀ ਮੰਗ ਨਿਮਰਤਾ ਨਾਲ ਅਸਵੀਕਾਰ ਕਰਦਿਆਂ ਕਿਹਾ ਕਿ ਉਸ ਥਾਂ ਸਿਰਫ਼ ਉਹੀ ਜਾ ਸਕਦੀ ਹੈ, ਕੋਈ ਹੋਰ ਨਹੀਂ।

ਸੁਆਣੀ ਨੇ ਇਹ ਵਾਅਦਾ ਮੁੜ ਦੁਹਰਾਇਆ ਕਿ ਜਿੰਨਾ ਵੀ ਪਾਣੀ ਉੱਥੋਂ ਮਿਲੇਗਾ, ਉਸ ਦਾ ਅੱਧ ਆਪਣੇ ਗੁਆਂਢੀਆਂ ਨੂੰ ਜ਼ਰੂਰ ਦੇਵੇਗੀ।

ਸੁਆਣੀ ਦੀ ਪਹਿਲੀ ਗੱਲ ਨੇ ਗੁਆਂਢੀਆਂ ਦੇ ਮਨਾਂ ਵਿਚ ਖਟਾਸ ਭਰ ਦਿੱਤੀ।

ਸੁਆਣੀ ਦੇ ਵਿਹਾਰ ‘ਤੇ ਉਨ੍ਹਾਂ ਨੂੰ ਸ਼ੱਕ ਹੋਣ ਲੱਗਾ। ਉਨ੍ਹਾਂ ਨੇ ਸੁਆਣੀ ਦਾ ਪਿੱਛਾ ਕਰਨ ਦਾ ਵਿਚਾਰ ਬਣਾਇਆ।

ਅਗਲੇ ਦਿਨ ਸੁਆਣੀ ਘਰ ਦਾ ਨਿੱਕਾ-ਮੋਟਾ ਕੰਮ ਕਰਨ ਬਾਅਦ ਘੜਾ ਚੁੱਕ ਕੇ ਆਪਣੇ ਰਾਹ ਪੈ ਗਈ।

ਗੁਆਂਢਣ ਸਵੇਰ ਤੋਂ ਹੀ ਉਸ ‘ਤੇ ਨਜ਼ਰ ਰੱਖ ਰਹੀ ਸੀ। ਸੁਆਣੀ ਦੇ ਜਾਣ ਦੇ ਬਾਅਦ ਉਹ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪਈ।

ਗੁਆਂਢਣ ਆਪਣੇ ਘਰ ਤੋਂ ਕਾਫ਼ੀ ਦੂਰ ਪਹੁੰਚ ਚੁੱਕੀ ਸੀ ਅਤੇ ਦੋਹਾਂ ਵਿਚਾਲੇ ਫ਼ਾਸਲਾ ਵੀ ਜ਼ਿਆਦਾ ਨਹੀਂ ਸੀ।

ਸੁਆਣੀ ਟਿੱਬੇ ਤੋਂ ਹੇਠਾਂ ਉਤਰੀ। ਜਲਦ ਹੀ ਗੁਆਂਢਣ ਵੀ ਓਥੇ ਪਹੁੰਚ ਗਈ। ਪਰ ਉਸ ਨੂੰ ਦੂਰ-ਦੂਰ ਤਕ ਕਿਸੇ ਦਾ ਕੋਈ ਨਿਸ਼ਾਨ ਨਾ ਮਿਲਿਆ।

ਉਹ ਦੇਰ ਤਕ ਓਥੇ ਖੜ੍ਹੀ-ਖੜ੍ਹੀ ਉਸ ਦੇ ਪਰਤ ਆਉਣ ਦੀ ਉਡੀਕ ਕਰਦੀ ਰਹੀ। ਥੱਕ-ਹਾਰ ਕੇ ਉਹ ਆਪਣੇ ਘਰ ਵੱਲ ਮੁੜ ਪਈ।

ਘਰ ਪਹੁੰਚਦਿਆਂ ਹੀ ਉਸ ਦੀ ਨਜ਼ਰ ਪਾਣੀ ਵਾਲੇ ਭਾਂਡੇ ਵੱਲ ਗਈ। ਖਾਲੀ ਛੱਡ ਕੇ ਗਈ ਭਾਂਡੇ ਵਿਚ ਹੁਣ ਪਾਣੀ ਸੀ।

ਉਸ ਨੂੰ ਦੇਖ ਕੇ ਸੁਖ ਅਤੇ ਦੁਖ ਦਾ ਅਹਿਸਾਸ ਇਕੋ ਵਾਰ ਹੀ ਹੋਇਆ।

ਅਗਲੀ ਵਾਰ ਘਰ ਦੇ ਸਾਰੇ ਵੱਡਿਆਂ ਨੇ ਸੁਆਣੀ ਦਾ ਪਿੱਛਾ ਕਰਨ ਦੀ ਵਿਉਂਤ ਬਣਾਈ।

ਉਸ ਦਿਨ ਹਵਾ ਵਿਚ ਤੇਜ਼ੀ ਸੀ। ਵਿਚ-ਵਿਚਾਲੇ ਆਉਣ ਵਾਲਾ ਬੁੱਲਾ ਰੇਤ ਦੀ ਉਪਰਲੀ ਪਰਤ ਨੂੰ ਆਪਣੇ ਨਾਲ ਲੈ ਉੱਡਦਾ। ਜਦ ਉਹ ਮੱਧਮ ਪੈਂਦਾ ਤਾਂ ਰੇਤ ਉਪਰ ਬਣੀਆਂ ਲਹਿਰਾਂ ਇੰਝ ਲੱਗਣ ਲਗਦੀਆਂ ਜਿਵੇਂ ਧਰਤੀ ਥੱਲਿਓਂ ਇਕੋ ਵਾਰ ਕਈ-ਕਈ ਸਪੋਲੀਏ ਨਿਕਲ ਆਏ ਹੋਣ।

ਇਸ ਵਾਰ ਸਭ ਨੇ ਉਸ ਦੇ ਹੋਰ ਨੇੜੇ ਰਹਿਣ ਦਾ ਫ਼ੈਸਲਾ ਲਿਆ। ਆਪਣੇ ਧਿਆਨ ਵਿਚ ਤੁਰਦੀ-ਤੁਰਦੀ ਜਦ ਉਹ ਟਿੱਬੇ ਤੋਂ ਥੱਲੇ ਲੱਥੀ ਤਾਂ ਹਵਾ ਦੇ ਬੁੱਲੇ ਨੇ ਰੇਤ ਕਣਾਂ ਦਾ ਬੱਦਲ ਜਿਹਾ ਸਿਰਜ ਦਿੱਤਾ। ਬਾਕੀ ਦੇ ਲੋਕ ਜਦ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਕੁਝ ਵੀ ਦਿਖਾਈ ਨਾ ਦਿੱਤਾ।

ਇਸ ਘਟਨਾ ਨੂੰ ਸਭ ਨੇ ਆਪਣਾ ਅਪਮਾਨ ਹੋਇਆ ਸਮਝਿਆ। ਭਾਵੇਂ ਕਿ ਉਨ੍ਹਾਂ ਨੂੰ ਦੇਖਣ ਵਾਲਾ ਹੋਰ ਕੋਈ ਨਹੀਂ ਸੀ। ਸਾਰੇ ਜਣੇ ਉੱਥੇ ਅਟਕੇ ਰਹੇ ਤਾਂ ਕਿ ਚਲਦੀ ਹਵਾ ਦੀ ਗਤੀ ਕੁਝ ਘਟ ਜਾਵੇ। ਉਹ ਆਪਸ ਵਿਚ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਵਿਚ ਰੁੱਝ ਗਏ। ਜਦ ਉਨ੍ਹਾਂ ਘਰ ਜਾਣ ਦਾ ਫ਼ੈਸਲਾ ਲਿਆ ਤਾਂ ਉਨ੍ਹਾਂ ਨੇ ਦੇਖਿਆ ਉਹੀ ਸੁਆਣੀ ਘੜਾ ਚੁੱਕੀ ਅੱਗੇ-ਅੱਗੇ ਤੁਰੀ ਜਾ ਰਹੀ ਹੈ।

ਕੁਝ ਦਿਨ ਹੋਰ ਲੰਘ ਗਏ।

ਇਕ ਦਿਨ ਸੁਆਣੀ ਪਾਣੀ ਦਾ ਘੜਾ ਲੈ ਵਾਪਸ ਆ ਰਹੀ ਸੀ ਤਾਂ ਕਿਸੇ ਨੇ ਪਿੱਛਿਓਂ ਉਸ ਨੂੰ ਆਵਾਜ਼ ਮਾਰੀ। ਸੁਆਣੀ ਨੇ ਮੁੜ ਕੇ ਦੇਖਿਆ ਕਿ ਇਕ ਆਦਮੀ ਉਹਦੇ ਵੱਲ ਤੁਰਿਆ ਆ ਰਿਹਾ ਹੈ।

ਇਹ ਆਦਮੀ ਅਣਜਾਣ ਸੀ ਜਾਂ ਜਾਣਿਆ-ਪਛਾਣਿਆ ਉਹ ਤੈਅ ਨਾ ਕਰ ਸਕੀ।

ਸੁਆਣੀ ਕੋਲ ਪਹੁੰਚ ਕੇ ਉਹ ਆਪਣੇ ਦੋਵੇਂ ਹੱਥ ਜੋੜ ਕੇ ਬੁਕ ਬਣਾਉਂਦਿਆਂ ਗੋਡਿਆਂ ਭਾਰ ਬੈਠ ਗਿਆ। ਸੁਆਣੀ ਨੇ ਬਿਨਾਂ ਕਿਸੇ ਪੁੱਛ-ਪ੍ਰਤੀਤ ਅਤੇ ਝਿਜਕ ਦੇ ਸਾਰੇ ਦਾ ਸਾਰਾ ਪਾਣੀ ਉਹਦੀ ਬੁੱਕ ਵਿਚ ਪਾ ਦਿੱਤਾ।

ਪਾਣੀ ਖੁਣੋਂ ਮਰਦਾ ਜਾ ਰਿਹਾ ਰਾਹੀ, ਪਾਣੀ ਪੀ ਕੇ ਰੇਤ-ਦਰਿਆ ਉੱਤੇ ਕੂਲ ਵਾਂਗ ਤੁਰਿਆ ਜਾਂਦਾ ਦਿਸਿਆ।

ਨਾਲ ਦੇ ਘਰ ਵਾਲਿਆਂ ਨੇ ਸੁਆਣੀ ਤੋਂ ਪਾਣੀ ਦੀ ਮੰਗ ਕੀਤੀ ਤਾਂ ਉਸ ਕਹਿ ਦਿੱਤਾ ਕਿ ਅੱਜ ਪਾਣੀ ਨਹੀਂ ਮਿਲਿਆ। ਇਸ ਨਾਂਹ ਨੇ ਉਨ੍ਹਾਂ ਦੀ ਪਿਆਸ ਨੂੰ ਕਈ ਗੁਣਾ ਵਧਾ ਦਿੱਤਾ। ਪਰ ਵਧੀ ਪਿਆਸ ਦਾ ਇਲਾਜ ਸੁਆਣੀ ਦੇ ਸਿਵਾਏ ਕਿਸੇ ਕੋਲ ਨਹੀਂ ਸੀ।

ਪਾਣੀ ਨਾ ਮਿਲਣ ਕਾਰਨ ਲੋਕਾਂ ਦੇ ਮਨਾਂ ਅੰਦਰ ਸੁਆਣੀ ਪ੍ਰਤੀ ਤਲਖ਼ੀ ਦੇ ਨਾਲੋ-ਨਾਲ ਸ਼ੱਕ ਵੀ ਵਧ ਗਿਆ।

ਉਨ੍ਹਾਂ ਸੋਚਿਆ ਜੇ ਕੁਝ ਦਿਨ ਹੋਰ ਏਦਾਂ ਹੋਇਆ ਤਾਂ ਸਾਰਿਆਂ ਦੇ ਸਰੀਰ ਰੇਤ ਦਾ ਹੀ ਹਿੱਸਾ ਹੋ ਜਾਣਗੇ।

ਦੋ-ਤਿੰਨ ਵੱਡੇ ਜੀਆਂ ਨੇ ਫ਼ੈਸਲਾ ਲਿਆ ਕਿ ਅਗਲੇ ਦਿਨ ਘਰ ਦੀਆਂ ਤੀਵੀਆਂ ਨੂੰ ਛੱਡ ਬਾਕੀ ਸਾਰੇ ਸੁਆਣੀ ਦਾ ਪਿੱਛਾ ਕਰਨਗੇ। ਇਸ ਤੋਂ ਇਲਾਵਾ ਉਸ ਸਰੋਤ ਦਾ ਪਤਾ ਵੀ ਲਾਇਆ ਜਾਵੇਗਾ ਜਿੱਥੋਂ ਇਹ ਪਾਣੀ ਭਰ ਲਿਆਉਂਦੀ ਹੈ।

ਨਵਾਂ ਸੂਰਜ ਚੜ੍ਹਨ ਨਾਲ ਨਵਾਂ ਦਿਨ ਚੜ੍ਹਿਆ। ਸੁਆਣੀ ਆਪਣੇ ਮਿੱਥੇ ਸਮੇਂ ‘ਤੇ ਘਰੋਂ ਨਿਕਲ ਪਈ। ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ।

ਦੋਹਾਂ ਵਿਚਾਲੇ ਚੰਗਾ ਫ਼ਾਸਲਾ ਸੀ।

ਦਿਨ ਤਪਣ ਦੇ ਨਾਲ ਰੇਤ ਦੇ ਭੰਵਰਾਂ ਦੀ ਗਿਣਤੀ ਵਧਣ ਲੱਗੀ ਅਤੇ ਉਹ ਸੰਘਣੇ ਵੀ ਹੋਣ ਲੱਗੇ।

ਕਈ ਵਾਰ ਭੰਵਰ ਕੰਧ ਵਾਂਗ ਉਸਰ ਜਾਂਦਾ। ਉਸ ਦੇ ਤੁਰ ਜਾਣ ਬਾਅਦ ਪਿੱਛਾ ਕਰ ਰਹੇ ਲੋਕਾਂ ਨੂੰ ਸੁਆਣੀ ਕਾਫ਼ੀ ਚਿਰ ਤਕ ਵਿਖਾਈ ਨਾ ਦਿੰਦੀ। ਰੇਤ-ਕਣ ਅੱਖਾਂ ਨੂੰ ਪੂਰੀ ਤਰ੍ਹਾਂ ਖੁੱਲ੍ਹਣ ਨਾ ਦਿੰਦੇ। ਸਾਰੇ ਫ਼ਿਕਰਮੰਦ ਹੋ ਜਾਂਦੇ। ਛੇਕੜ ਜਦ ਉਹ ਦਿਸ ਪੈਂਦੀ ਤਾਂ ਲੱਗਦਾ ਜਿਵੇਂ ਉਨ੍ਹਾਂ ਨੂੰ ਨਵਾਂ ਜੀਵਨ ਮਿਲ ਗਿਆ ਹੋਵੇ।

ਇਹ ਘਟਨਾ ਕਈ ਵਾਰ ਵਾਪਰੀ।

ਪਿਛਲੀ ਵਾਰ ਦਾ ਵਰੋਲਾ ਜ਼ਿਆਦਾ ਚਿਰ ਤਕ ਰਿਹਾ। ਇਹ ਆਮ ਨਾਲੋਂ ਵੱਧ ਗਤੀਮਾਨ ਸੀ। ਪਿੱਛਾ ਕਰਨ ਵਾਲਿਆਂ ਨੂੰ ਲੱਗਾ ਸੰਭਵ ਹੈ, ਹੁਣ ਉਹ ਨਾਲ ਸਨ।

ਜਦ ਰੇਤ ਥੱਲੇ ਉਤਰੀ ਤਾਂ ਆਸ-ਪਾਸ ਦੀਆਂ ਵਸਤਾਂ ਨਿਖਰਨ ਲੱਗੀਆਂ। ਇਸ ਵੇਲੇ ਉਨ੍ਹਾਂ ਨੂੰ ਦੂਰ ਟਿੱਬੇ ਓਹਲਿਓਂ ਸੁਆਣੀ ਦੀ ਝਲਕ ਮਿਲੀ।

ਕੁਝ ਨੇ ਧਿਆਨ ਨਾਲ ਦੇਖਦਿਆਂਆਪਣੇ ਨਾਲ ਦਿਆਂ ਨੂੰ ਕਿਹਾ, ”ਉਹ ਤਾਂ ਸਾਡੇ ਵੱਲ ਨੂੰ ਤੁਰੀ ਆ ਰਹੀ ਹੈ। ਕੁਝ ਸਮੇਂ ਲਈ ਬੈਠ ਜਾਂਦੇ ਹਾਂ। ਨਹੀਂ ਤਾਂ ਉਹ ਸਾਨੂੰ ਦੇਖ ਲਵੇਗੀ।” ਕਿਸੇ ਨੇ ਕਿਹਾ।

ਉਹ ਸਭ ਨੀਵੇਂ ਹੋ ਬੈਠ ਗਏ। ਉਹ ਉਸ ਸਮੇਂ ਤਕ ਬੈਠੇ ਰਹੇ ਜਦ ਤਕ ਸੁਆਣੀ ਦੀ ਪਿੱਠ ਉਨ੍ਹਾਂ ਵੱਲ ਨਾ ਹੋ ਗਈ।

ਪਿੱਠ ਹੁੰਦਿਆਂ ਹੀ ਉਨ੍ਹਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਦੋਵੇਂ ਧਿਰਾਂ ਆਪੋ-ਆਪਣੇ ਕੰਮ ਨੂੰ ਨੇਪਰੇ ਚਾੜ੍ਹਨ ਵਿਚ ਰੁੱਝੀਆਂ ਹੋਈਆਂ ਸਨ, ਬਿਨਾਂ ਇਕ ਦੂਜੇ ਨੂੰ ਦੱਸਿਆਂ।

ਪਿੱਛਾ ਕਰਨ ਵਾਲਿਆਂ ਨੇ ਹੁਣ ਆਪਸੀ ਫ਼ਾਸਲਾ ਕਾਫ਼ੀ ਘਟਾ ਲਿਆ ਸੀ। ਹਰ ਕਿਸੇ ਦੀ ਨਜ਼ਰ ਸੁਆਣੀ ਦੀ ਬਜਾਏ ਉਸ ਵੱਲੋਂ ਚੁੱਕੇ ਘੜੇ ਉਪਰ ਟਿਕੀ ਹੋਈ ਸੀ। ਹਰ ਚਿਹਰੇ ਦੀਆਂ ਅੱਖਾਂ ਦਾ ਜੋੜਾ ਘੜੇ ਅੰਦਰ ਮੌਜੂਦ ਅਦ੍ਰਿਸ਼ ਪਾਣੀ ਦੀ ਮਿਕਦਾਰ ਘਟਾ-ਵਧਾ ਰਿਹਾ ਸੀ।

ਸਮੂਹਿਕ ਪੱਧਰ ‘ਤੇ ਭੇਤ ਜਾਣਨ ਤੋਂ ਇਲਾਵਾ ਸਮੂਹ ਦਾ ਹਿੱਸਾ ਬਣਿਆ ਹਰ ਪ੍ਰਾਣੀ ਵੱਖਰੇ ਤਰ੍ਹਾਂ ਦੇ ਰਾਜ਼ ਨੂੰ ਜਾਣਨਾ ਚਾਹੁੰਦਾ ਸੀ। ਜਿਉਂ-ਜਿਉਂ ਫ਼ਾਸਲਾ ਘਟਣ ਲੱਗਾ ਤਿਉਂ-ਤਿਉਂ ਰੇਤ ਦੇ ਨਿੱਕੇ ਵਰੋਲੇ ਵਿਚ ਤੇਜ਼ੀ ਅਤੇ ਸੰਘਣਾਪਣ ਆਉਣ ਲੱਗਾ। ਰੇਤ-ਕਣਾਂ ਦੀ ਹਲਚਲ ਵਿਚ ਕੁਝ ਨਹੀਂ ਦਿਸ ਰਿਹਾ ਸੀ।

ਜ਼ਮੀਨੋਂ ਉਪਰ ਹਵਾ ਨਾਲ ਘੁੰਮਦੀ ਰੇਤ ਦੀ ਆਪਣੀ ਆਵਾਜ਼ ਵੀ ਸੀ। ਵੱਖਰੀ। ਸ਼ੂਕਵੀਂ।

ਇਹ ਘੁੰਮੇਰ ਵੱਡੇ ਜ਼ਮੀਨੀ ਟੁਕੜੇ ਉਪਰ ਨਹੀਂ ਆਇਆ ਸੀ। ਬਸ ਆਇਆ ਸੀ ਜ਼ਮੀਨ ਦੇ ਕੁਝ ਹਿੱਸੇ ‘ਤੇ ਥੋੜ੍ਹੇ ਜਿਹੇ ਸਮੇਂ ਲਈ। ਜਦ ਉਹ ਉੱਥੇ ਅਟਕ ਕੇ ਅਗਾਂਹ ਵਧਦਿਆਂ ਹਲਕਾ ਹੋਇਆ ਤਾਂ ਸਾਰਾ ਆਲਾ-ਦੁਆਲਾ ਸਾਫ਼-ਸਾਫ਼ ਦਿਖਾਈ ਦੇਣ ਲੱਗ ਪਿਆ। ਉਸ ਵੇਲੇ, ਉੱਥੇ ਕੋਈ ਹੋਰ ਦਿਖਾਈ ਨਾ ਦਿੱਤਾ। ਦਿਖਾਈ ਦੇ ਰਹੀਆਂ ਸਨ ਤਾਂ ਰੇਤ ਉਪਰ ਏਧਰ-ਉਧਰ ਖਿੰਡੀਆਂ ਹੋਈਆਂ ਟੁੱਟੇ ਘੜੇ ਦੀਆਂ ਕਿਚਰਾਂ।

ਸੰਪਰਕ: 98990-91186

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×